ਫਿਲੇਮੋਨ 1 - ਪਵਿੱਤਰ ਬਾਈਬਲ (Revised Common Language North American Edition)1 ਪੌਲੁਸ ਦੇ ਵੱਲੋਂ, ਜਿਹੜਾ ਮਸੀਹ ਯਿਸੂ ਦਾ ਕੈਦੀ ਹੈ ਅਤੇ ਸਾਡੇ ਭਰਾ ਤਿਮੋਥਿਉਸ ਦੇ ਵੱਲੋਂ, ਸਾਡੇ ਪਿਆਰੇ ਮਿੱਤਰ ਅਤੇ ਸਾਥੀ ਸੇਵਕ ਫ਼ਿਲੇਮੋਨ ਨੂੰ, 2 ਸਾਡੀ ਭੈਣ ਅੱਫਿਆ, ਸਾਡੇ ਸਾਥੀ ਸਿਪਾਹੀ ਅਰਖਿੱਪੁਸ ਅਤੇ ਉਸ ਕਲੀਸੀਯਾ ਨੂੰ ਜਿਹੜੀ ਤੇਰੇ ਘਰ ਇਕੱਠੀ ਹੁੰਦੀ ਹੈ, 3 ਪਰਮੇਸ਼ਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ ! ਫ਼ਿਲੇਮੋਨ ਦਾ ਪਿਆਰ ਅਤੇ ਵਿਸ਼ਵਾਸ 4 ਮੈਂ ਤੈਨੂੰ ਹਮੇਸ਼ਾ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦਾ ਹਾਂ । ਮੈਂ ਤੇਰੇ ਲਈ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ 5 ਕਿਉਂਕਿ ਮੈਨੂੰ ਪ੍ਰਭੂ ਯਿਸੂ ਦੇ ਵਿੱਚ ਤੇਰੇ ਵਿਸ਼ਵਾਸ ਅਤੇ ਪਰਮੇਸ਼ਰ ਦੇ ਸਭ ਲੋਕਾਂ ਦੇ ਨਾਲ ਤੇਰੇ ਪਿਆਰ ਦੇ ਬਾਰੇ ਪਤਾ ਲੱਗਦਾ ਰਹਿੰਦਾ ਹੈ । 6 ਮੇਰੀ ਪ੍ਰਾਰਥਨਾ ਹੈ ਕਿ ਤੇਰੇ ਵਿਸ਼ਵਾਸ ਦੀ ਸਾਂਝ ਸਾਨੂੰ ਮਸੀਹ ਦੇ ਦੁਆਰਾ ਮਿਲੀ ਹਰ ਅਸੀਸ ਦੀ ਸਮਝ ਵਿੱਚ ਹੋਰ ਡੂੰਘਾਈ ਤੱਕ ਲੈ ਜਾਵੇ । 7 ਮੇਰੇ ਪਿਆਰੇ ਭਰਾ, ਤੇਰੇ ਪਿਆਰ ਨੇ ਮੈਨੂੰ ਬਹੁਤ ਅਨੰਦ ਅਤੇ ਉਤਸ਼ਾਹ ਦਿੱਤਾ ਹੈ ਕਿਉਂਕਿ ਤੂੰ ਪਰਮੇਸ਼ਰ ਦੇ ਲੋਕਾਂ ਦੇ ਦਿਲਾਂ ਨੂੰ ਤਾਜ਼ਾ ਕੀਤਾ ਹੈ । ਪੌਲੁਸ ਦੀ ਉਨੇਸਿਮੁਸ ਦੇ ਲਈ ਬੇਨਤੀ 8 ਇਸ ਲਈ ਭਾਵੇਂ ਮੈਂ ਮਸੀਹ ਵਿੱਚ ਦਲੇਰ ਹੋ ਕੇ ਤੈਨੂੰ ਹੁਕਮ ਦੇ ਸਕਦਾ ਹਾਂ ਕਿ ਜੋ ਕੁਝ ਤੈਨੂੰ ਕਰਨਾ ਚਾਹੀਦਾ ਹੈ ਉਹ ਕਰ 9 ਪਰ ਕਿਉਂਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਇਸ ਲਈ ਮੈਂ, ਬਜ਼ੁਰਗ ਪੌਲੁਸ ਜਿਹੜਾ ਇਸ ਸਮੇਂ ਮਸੀਹ ਯਿਸੂ ਦੇ ਕਾਰਨ ਕੈਦ ਵਿੱਚ ਹਾਂ, ਤੈਨੂੰ ਬੇਨਤੀ ਕਰਦਾ ਹਾਂ । 10 ਮੈਂ ਆਪਣੇ ਪੁੱਤਰ ਉਨੇਸਿਮੁਸ ਦੇ ਬਾਰੇ ਬੇਨਤੀ ਕਰਦਾ ਹਾਂ ਜਿਹੜਾ ਮੇਰੀ ਕੈਦ ਦੇ ਦੌਰਾਨ ਮੇਰਾ ਪੁੱਤਰ ਬਣਿਆ । 11 ਪਹਿਲਾਂ ਉਹ ਤੇਰੇ ਕਿਸੇ ਕੰਮ ਦਾ ਨਹੀਂ ਸੀ ਪਰ ਹੁਣ ਤੇਰੇ ਅਤੇ ਮੇਰੇ, ਦੋਨਾਂ ਦੇ ਲਈ ਲਾਭਦਾਇਕ ਹੈ । 12 ਹੁਣ ਉਸ ਨੂੰ ਮੈਂ ਤੇਰੇ ਕੋਲ ਵਾਪਸ ਭੇਜ ਰਿਹਾ ਹਾਂ ਜਿਹੜਾ ਮੇਰੇ ਦਿਲ ਦਾ ਟੁਕੜਾ ਹੈ । 13 ਮੈਂ ਉਸ ਨੂੰ ਆਪਣੇ ਨਾਲ ਰੱਖਣਾ ਚਾਹੁੰਦਾ ਸੀ ਜਿੱਥੇ ਮੈਂ ਸ਼ੁਭ ਸਮਾਚਾਰ ਦੇ ਕਾਰਨ ਕੈਦ ਵਿੱਚ ਹਾਂ ਤਾਂ ਜੋ ਉਹ ਇਸ ਕੰਮ ਵਿੱਚ ਤੇਰੀ ਥਾਂ ਤੇ ਮੇਰੀ ਮਦਦ ਕਰਦਾ 14 ਪਰ ਮੈਂ ਇਹ ਸਭ ਤੇਰੀ ਸਹਿਮਤੀ ਤੋਂ ਬਿਨਾਂ ਨਹੀਂ ਕਰਨਾ ਚਾਹੁੰਦਾ ਸੀ ਤਾਂ ਜੋ ਇਹ ਭਲਾਈ ਜਿਹੜੀ ਤੂੰ ਕਰੇਂ ਉਹ ਮਜਬੂਰੀ ਵਿੱਚ ਨਹੀਂ ਸਗੋਂ ਤੇਰੀ ਆਪਣੀ ਇੱਛਾ ਦੇ ਨਾਲ ਹੋਵੇ । 15 ਸ਼ਾਇਦ ਉਨੇਸਿਮੁਸ ਇਸੇ ਲਈ ਤੇਰੇ ਤੋਂ ਕੁਝ ਸਮੇਂ ਦੇ ਲਈ ਵੱਖ ਕੀਤਾ ਗਿਆ ਸੀ ਕਿ ਉਹ ਤੇਰੇ ਕੋਲ ਹਮੇਸ਼ਾ ਦੇ ਲਈ ਵਾਪਸ ਆ ਜਾਵੇ 16 ਪਰ ਇੱਕ ਗ਼ੁਲਾਮ ਦੇ ਰੂਪ ਵਿੱਚ ਨਹੀਂ ਸਗੋਂ ਗ਼ੁਲਾਮ ਤੋਂ ਵੀ ਵੱਧ ਕੇ ਇੱਕ ਪਿਆਰੇ ਭਰਾ ਦੇ ਰੂਪ ਵਿੱਚ । ਉਹ ਮੈਨੂੰ ਬਹੁਤ ਪਿਆਰਾ ਹੈ ਇਸ ਲਈ ਉਹ ਤੇਰੇ ਲਈ ਇੱਕ ਗ਼ੁਲਾਮ ਅਤੇ ਮਸੀਹ ਵਿੱਚ ਭਰਾ ਹੋਣ ਕਰਕੇ ਹੋਰ ਵੀ ਪਿਆਰਾ ਹੋਵੇਗਾ । 17 ਇਸ ਲਈ ਜੇਕਰ ਤੂੰ ਮੈਨੂੰ ਆਪਣਾ ਸਾਂਝੀ ਸਮਝਦਾ ਹੈਂ ਤਾਂ ਜਿਸ ਤਰ੍ਹਾਂ ਤੂੰ ਮੇਰਾ ਸੁਆਗਤ ਕਰਦਾ ਹੈਂ ਉਸੇ ਤਰ੍ਹਾਂ ਉਨੇਸਿਮੁਸ ਦਾ ਸੁਆਗਤ ਕਰ । 18 ਜੇਕਰ ਉਸ ਨੇ ਤੇਰੇ ਨਾਲ ਕੋਈ ਗ਼ਲਤ ਵਰਤਾਅ ਕੀਤਾ ਹੈ ਜਾਂ ਉਸ ਦੇ ਵੱਲ ਤੇਰਾ ਕੁਝ ਨਿਕਲਦਾ ਹੈ ਤਾਂ ਤੂੰ ਉਹ ਮੇਰੇ ਖਾਤੇ ਵਿੱਚ ਲਿਖ ਦੇ । 19 ਮੈਂ, ਪੌਲੁਸ, ਆਪਣੇ ਹੱਥ ਨਾਲ ਇਹ ਲਿਖਦਾ ਹਾਂ ਕਿ ਮੈਂ ਉਹ ਸਭ ਕੁਝ ਭਰ ਦਿਆਂਗਾ, ਮੈਨੂੰ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਤੇਰਾ ਆਪਣਾ ਜੀਵਨ ਮੇਰਾ ਕਰਜ਼ਦਾਰ ਹੈ । 20 ਹਾਂ, ਮੇਰੇ ਭਰਾ, ਪ੍ਰਭੂ ਵਿੱਚ ਮੇਰਾ ਇਹ ਕੰਮ ਕਰ, ਮਸੀਹ ਵਿੱਚ ਮੇਰੇ ਦਿਲ ਨੂੰ ਤਾਜ਼ਾ ਕਰ । 21 ਤੇਰੀ ਆਗਿਆ ਪਾਲਣਾ ਦੇ ਉੱਤੇ ਭਰੋਸਾ ਕਰ ਕੇ ਮੈਂ ਇਹ ਲਿਖਦਾ ਹਾਂ ਕਿ ਹੁਣ ਜੋ ਕੁਝ ਮੈਂ ਕਹਿ ਰਿਹਾ ਹਾਂ ਤੂੰ ਉਸ ਤੋਂ ਵੀ ਵੱਧ ਕੇ ਕਰੇਂਗਾ । 22 ਇਸ ਦੇ ਨਾਲ ਹੀ, ਮੈਨੂੰ ਉਮੀਦ ਹੈ ਕਿ ਤੇਰੀ ਪ੍ਰਾਰਥਨਾ ਦੇ ਉੱਤਰ ਵਿੱਚ ਪਰਮੇਸ਼ਰ ਮੈਨੂੰ ਅਜਿਹਾ ਮੌਕਾ ਦੇਣਗੇ ਕਿ ਮੈਂ ਤੇਰੇ ਕੋਲ ਆਵਾਂ । ਇਸ ਲਈ ਮੇਰੇ ਰਹਿਣ ਦਾ ਸਥਾਨ ਤਿਆਰ ਰੱਖੀਂ । ਅੰਤਮ ਨਮਸਕਾਰ 23 ਇਪਫ਼ਰਾਸ ਜਿਹੜਾ ਮੇਰੇ ਨਾਲ ਇਸ ਸਮੇਂ ਮਸੀਹ ਯਿਸੂ ਦੀ ਖ਼ਾਤਰ ਕੈਦ ਵਿੱਚ ਹੈ, 24 ਇਸ ਦੇ ਨਾਲ ਹੀ ਮਰਕੁਸ, ਅਰਿਸਤਰਖੁਸ, ਦੇਮਾਸ, ਲੂਕਾ ਅਤੇ ਉਹ ਜਿਹੜੇ ਸੇਵਾ ਵਿੱਚ ਮੇਰੇ ਸਾਥੀ ਹਨ, ਤੈਨੂੰ ਨਮਸਕਾਰ ਕਹਿੰਦੇ ਹਨ । 25 ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੀ ਆਤਮਾ ਦੇ ਨਾਲ ਹੋਵੇ । |
Punjabi Common Language (North American Version):
Text © 2021 Canadian Bible Society and Bible Society of India
Bible Society of India