Aanlyn Bybel

- Advertensies -

ਮੱਤੀਯਾਹ 1 - ਪਵਿੱਤਰ ਬਾਈਬਲ (Revised Common Language North American Edition)


ਪ੍ਰਭੂ ਯਿਸੂ ਦੀ ਵੰਸਾਵਲੀ
( ਲੂਕਾ 3:23-38 )

1 ਯਿਸੂ ਮਸੀਹ ਦੇ ਵੰਸ ਦਾ ਲੇਖਾ ਇਸ ਤਰ੍ਹਾਂ ਹੈ, ਉਹ ਦਾਊਦ ਦੇ ਵੰਸ ਵਿੱਚੋਂ ਸਨ ਜਿਹੜਾ ਅਬਰਾਹਾਮ ਦੇ ਵੰਸ ਵਿੱਚੋਂ ਸੀ ।

2 ਅਬਰਾਹਾਮ ਇਸਹਾਕ ਦਾ ਪਿਤਾ ਸੀ । ਇਸਹਾਕ ਯਾਕੂਬ ਦਾ ਪਿਤਾ ਅਤੇ ਯਾਕੂਬ ਯਹੂਦਾਹ ਅਤੇ ਉਸ ਦੇ ਭਰਾਵਾਂ ਦਾ ਪਿਤਾ ਸੀ ।

3 ਯਹੂਦਾਹ ਫ਼ਰਸ਼ ਅਤੇ ਜ਼ਰਾ ਦਾ ਪਿਤਾ ਸੀ ਜਿਹਨਾਂ ਦੀ ਮਾਂ ਤਾਮਾਰ ਸੀ । ਫ਼ਰਸ ਹਸਰੋਨ ਦਾ ਅਤੇ ਹਸਰੋਨ ਰਾਮ ਦਾ ਪਿਤਾ ਸੀ ।

4 ਰਾਮ ਅੰਮੀਨਾਦਾਬ ਦਾ, ਅੰਮੀਨਾਦਾਬ ਨਹਸ਼ੋਨ ਦਾ, ਨਹਸ਼ੋਨ ਸਲਮੋਨ ਦਾ ਪਿਤਾ ਸੀ ।

5 ਸਲਮੋਨ ਬੋਅਜ਼ ਦਾ ਪਿਤਾ ਸੀ (ਬੋਅਜ਼ ਦੀ ਮਾਂ ਰਾਹਾਬ ਸੀ) । ਬੋਅਜ਼ ਉਬੇਦ ਦਾ ਪਿਤਾ ਸੀ । (ਉਬੇਦ ਦੀ ਮਾਂ ਰੂਥ ਸੀ) ਅਤੇ ਉਬੇਦ ਯੱਸੀ ਦਾ ਪਿਤਾ ਸੀ ।

6 ਯੱਸੀ ਰਾਜਾ ਦਾਊਦ ਦਾ ਪਿਤਾ ਸੀ । ਦਾਊਦ ਸੁਲੇਮਾਨ ਦਾ ਪਿਤਾ ਸੀ । (ਸੁਲੇਮਾਨ ਦੀ ਮਾਂ ਪਹਿਲਾਂ ਊਰੀਯਾਹ ਦੀ ਪਤਨੀ ਸੀ) ।

7 ਸੁਲੇਮਾਨ ਰਹਬੁਆਮ ਦਾ, ਰਹਬੁਆਮ ਅਬੀਯਾਹ ਦਾ, ਅਤੇ ਅਬੀਯਾਹ ਆਸਾ ਦਾ ਪਿਤਾ ਸੀ ।

8 ਆਸਾ ਯਹੋਸ਼ਾਫਾਟ ਦਾ, ਯਹੋਸ਼ਾਫਾਟ ਯੋਰਾਮ ਦਾ ਅਤੇ ਯੋਰਾਮ ਉੱਜ਼ੀਯਾਹ ਦਾ ਪਿਤਾ ਸੀ ।

9 ਉੱਜ਼ੀਯਾਹ ਯੋਥਾਮ ਦਾ, ਯੋਥਾਮ ਆਹਾਜ਼ ਦਾ ਅਤੇ ਆਹਾਜ਼ ਹਿਜ਼ਕੀਯਾਹ ਦਾ ਪਿਤਾ ਸੀ ।

10 ਹਿਜ਼ਕੀਯਾਹ ਮਨੱਸ਼ਹ ਦਾ, ਮਨੱਸ਼ਹ ਆਮੋਨ ਦਾ ਅਤੇ ਆਮੋਨ ਯੋਸ਼ੀਯਾਹ ਦਾ ਪਿਤਾ ਸੀ ।

11 ਯੋਸ਼ੀਯਾਹ ਯਕਾਨਯਾਹ ਅਤੇ ਉਸ ਦੇ ਭਰਾਵਾਂ ਦਾ ਪਿਤਾ ਸੀ । ਇਹਨਾਂ ਦੇ ਸਮੇਂ ਇਸਰਾਏਲ ਨੂੰ ਬੰਦੀ ਬਣਾ ਕੇ ਬਾਬਲ ਵਿੱਚ ਲੈ ਜਾਇਆ ਗਿਆ ਸੀ ।

12 ਬਾਬਲ ਵਿੱਚ ਬੰਦੀ ਬਣਾ ਕੇ ਲੈ ਜਾਣ ਦੇ ਬਾਅਦ, ਯਕਾਨਯਾਹ ਸ਼ਅਲਤੀਏਲ ਦਾ, ਸ਼ਅਲਤੀਏਲ ਜ਼ਰੁੱਬਾਬਲ ਦਾ,

13 ਜ਼ਰੁੱਬਾਬਲ ਅਬੀਹੂਦ ਦਾ, ਅਬੀਹੂਦ ਅਲਯਾਕੀਮ ਦਾ ਅਤੇ ਅਲਯਾਕੀਮ ਅੱਜ਼ੋਰ ਦਾ ਪਿਤਾ ਸੀ ।

14 ਅੱਜ਼ੋਰ ਸਾਦੋਕ ਦਾ, ਸਾਦੋਕ ਯਾਕੀਨ ਦਾ ਅਤੇ ਯਾਕੀਨ ਅਲੀਹੂਦ ਦਾ ਪਿਤਾ ਸੀ ।

15 ਅਲੀਹੂਦ ਅਲਾਜ਼ਾਰ ਦਾ, ਅਲਾਜ਼ਾਰ ਮੱਥਾਨ ਦਾ, ਮੱਥਾਨ ਯਾਕੂਬ ਦਾ,

16 ਅਤੇ ਯਾਕੂਬ ਯੂਸਫ਼ ਦਾ ਪਿਤਾ ਸੀ । ਯੂਸਫ਼ ਦੀ ਪਤਨੀ ਮਰਿਯਮ ਸੀ ਜਿਸ ਤੋਂ ਯਿਸੂ ਨੇ ਜਨਮ ਲਿਆ, ਜਿਹੜੇ “ਮਸੀਹ” ਅਖਵਾਉਂਦੇ ਹਨ ।

17 ਇਸ ਤਰ੍ਹਾਂ ਸਭ ਮਿਲਾ ਕੇ ਅਬਰਾਹਾਮ ਤੋਂ ਦਾਊਦ ਤੱਕ ਚੌਦਾਂ ਪੀੜ੍ਹੀਆਂ, ਦਾਊਦ ਤੋਂ ਬਾਬਲ ਵਿੱਚ ਬੰਦੀ ਬਣਾਏ ਜਾਣ ਤੱਕ ਚੌਦਾਂ ਪੀੜ੍ਹੀਆਂ ਅਤੇ ਬਾਬਲ ਵਿੱਚ ਬੰਦੀ ਬਣਾਏ ਜਾਣ ਤੋਂ ਲੈ ਕੇ ਮਸੀਹ ਤੱਕ ਚੌਦਾਂ ਪੀੜ੍ਹੀਆਂ ਸਨ ।


ਪ੍ਰਭੂ ਯਿਸੂ ਦਾ ਜਨਮ
( ਲੂਕਾ 2:1-7 )

18 ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ, ਉਹਨਾਂ ਦੀ ਮਾਂ ਮਰਿਯਮ ਦੀ ਮੰਗਣੀ ਯੂਸਫ਼ ਨਾਲ ਹੋਈ ਸੀ । ਪਰ ਮਰਿਯਮ ਅਤੇ ਯੂਸਫ਼ ਦੇ ਵਿਆਹ ਤੋਂ ਪਹਿਲਾਂ ਹੀ, ਮਰਿਯਮ ਨੇ ਆਪਣੇ ਆਪ ਨੂੰ ਪਵਿੱਤਰ ਆਤਮਾ ਦੁਆਰਾ ਗਰਭਵਤੀ ਪਾਇਆ ।

19 ਯੂਸਫ਼ ਜਿਸ ਨਾਲ ਉਸ ਦੀ ਮੰਗਣੀ ਹੋਈ ਸੀ, ਉਹ ਇੱਕ ਨੇਕ ਆਦਮੀ ਸੀ । ਉਹ ਮਰਿਯਮ ਨੂੰ ਖੁਲ੍ਹੇਆਮ ਬੇਇੱਜ਼ਤ ਨਹੀਂ ਕਰਨਾ ਚਾਹੁੰਦਾ ਸੀ । ਇਸ ਲਈ ਉਸ ਨੇ ਚੁੱਪ-ਚਾਪ ਮੰਗਣੀ ਤੋੜਨ ਦਾ ਵਿਚਾਰ ਕੀਤਾ ।

20 ਪਰ ਅਜੇ ਉਹ ਇਸ ਬਾਰੇ ਸੋਚ ਵਿਚਾਰ ਕਰ ਹੀ ਰਿਹਾ ਸੀ ਕਿ ਪ੍ਰਭੂ ਦੇ ਇੱਕ ਸਵਰਗਦੂਤ ਨੇ ਉਸ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ, “ਯੂਸਫ਼, ਦਾਊਦ ਦੀ ਸੰਤਾਨ, ਮਰਿਯਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਸ ਦੇ ਗਰਭ ਵਿੱਚ ਹੈ ਉਹ ਪਵਿੱਤਰ ਆਤਮਾ ਵੱਲੋਂ ਹੈ ।

21 ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ । ਤੂੰ ਉਹਨਾਂ ਦਾ ਨਾਮ ਯਿਸੂ ਰੱਖਣਾ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਮੁਕਤੀ ਦੇਣਗੇ ।”

22 ਇਹ ਸਭ ਇਸ ਲਈ ਹੋਇਆ ਕਿ ਪ੍ਰਭੂ ਦੇ ਨਬੀ ਦੇ ਦੁਆਰਾ ਕਿਹਾ ਹੋਇਆ ਇਹ ਵਚਨ ਪੂਰਾ ਹੋਵੇ,

23 “ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ, ਉਹਨਾਂ ਦਾ ਨਾਮ ‘ਇਮਾਨੂਏਲ’ ਰੱਖਿਆ ਜਾਵੇਗਾ ਜਿਸ ਦਾ ਅਰਥ ਹੈ, ‘ਪਰਮੇਸ਼ਰ ਸਾਡੇ ਨਾਲ’ ।”

24 ਜਦੋਂ ਯੂਸਫ਼ ਨੀਂਦ ਤੋਂ ਜਾਗਿਆ ਤਾਂ ਉਸ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਸਵਰਗਦੂਤ ਨੇ ਉਸ ਨੂੰ ਦੱਸਿਆ ਸੀ ਅਤੇ ਮਰਿਯਮ ਨਾਲ ਵਿਆਹ ਕਰ ਲਿਆ ।

25 ਉਸ ਨੇ ਉਸ ਸਮੇਂ ਤੱਕ ਜਦੋਂ ਤੱਕ ਕਿ ਮਰਿਯਮ ਨੇ ਪੁੱਤਰ ਨੂੰ ਜਨਮ ਨਾ ਦਿੱਤਾ, ਉਸ ਨਾਲ ਸੰਗ ਨਾ ਕੀਤਾ । ਉਸ ਨੇ ਪੁੱਤਰ ਦਾ ਨਾਮ ਯਿਸੂ ਰੱਖਿਆ ।

Punjabi Common Language (North American Version):

Text © 2021 Canadian Bible Society and Bible Society of India

Bible Society of India
Volg ons:



Advertensies