Aanlyn Bybel

- Advertensies -

ਲੂਕਾ ਦੀ ਇੰਜੀਲ 5 - ਪਵਿੱਤਰ ਬਾਈਬਲ (Revised Common Language North American Edition)


ਪ੍ਰਭੂ ਯਿਸੂ ਆਪਣੇ ਪਹਿਲੇ ਚੇਲਿਆਂ ਨੂੰ ਬੁਲਾਉਂਦੇ ਹਨ
( ਮੱਤੀ 4:18-22 , ਮਰਕੁਸ 1:16-20 )

1 ਇੱਕ ਵਾਰ ਯਿਸੂ ਗੰਨੇਸਰਤ ਝੀਲ ਦੇ ਕੰਢੇ ਉੱਤੇ ਖੜ੍ਹੇ ਸਨ । ਬਹੁਤ ਸਾਰੇ ਲੋਕ ਪਰਮੇਸ਼ਰ ਦਾ ਵਚਨ ਸੁਣਨ ਲਈ ਉਹਨਾਂ ਕੋਲ ਇਕੱਠੇ ਹੋ ਗਏ ।

2 ਯਿਸੂ ਨੇ ਝੀਲ ਦੇ ਕੰਢੇ ਉੱਤੇ ਦੋ ਕਿਸ਼ਤੀਆਂ ਦੇਖੀਆਂ । ਮਛੇਰੇ ਉਹਨਾਂ ਵਿੱਚੋਂ ਨਿੱਕਲ ਕੇ ਆਪਣੇ ਜਾਲਾਂ ਨੂੰ ਧੋ ਰਹੇ ਸਨ ।

3 ਯਿਸੂ ਇੱਕ ਕਿਸ਼ਤੀ ਵਿੱਚ ਬੈਠ ਗਏ ਜਿਹੜੀ ਸ਼ਮਊਨ ਦੀ ਸੀ । ਉਹਨਾਂ ਨੇ ਸ਼ਮਊਨ ਨੂੰ ਕਿਹਾ, “ਕਿਸ਼ਤੀ ਨੂੰ ਕੰਢੇ ਤੋਂ ਹਟਾ ਕੇ ਪਾਣੀ ਵਿੱਚ ਲੈ ਚੱਲੋ ।” ਫਿਰ ਯਿਸੂ ਨੇ ਕਿਸ਼ਤੀ ਵਿੱਚ ਬੈਠ ਕੇ ਲੋਕਾਂ ਨੂੰ ਉਪਦੇਸ਼ ਦਿੱਤਾ ।

4 ਜਦੋਂ ਯਿਸੂ ਉਪਦੇਸ਼ ਦੇ ਚੁੱਕੇ ਤਾਂ ਉਹਨਾਂ ਨੇ ਸ਼ਮਊਨ ਨੂੰ ਕਿਹਾ, “ਕਿਸ਼ਤੀ ਨੂੰ ਡੂੰਘੇ ਪਾਣੀ ਵਿੱਚ ਲੈ ਚੱਲੋ ਅਤੇ ਆਪਣੇ ਜਾਲ ਮੱਛੀਆਂ ਫੜਨ ਲਈ ਸੁੱਟੋ ।”

5 ਸ਼ਮਊਨ ਨੇ ਉੱਤਰ ਦਿੱਤਾ, “ਗੁਰੂ ਜੀ, ਅਸੀਂ ਰਾਤ ਭਰ ਮਿਹਨਤ ਕੀਤੀ ਹੈ ਪਰ ਕੋਈ ਮੱਛੀ ਹੱਥ ਨਹੀਂ ਆਈ ਪਰ ਫਿਰ ਵੀ ਤੁਹਾਡੇ ਕਹਿਣ ਤੇ ਮੈਂ ਜਾਲ ਪਾਵਾਂਗਾ ।”

6 ਇਸ ਤਰ੍ਹਾਂ ਜਾਲ ਸੁੱਟਣ ਦੇ ਬਾਅਦ ਬਹੁਤ ਸਾਰੀਆਂ ਮੱਛੀਆਂ ਫਸ ਗਈਆਂ, ਇੱਥੋਂ ਤੱਕ ਕਿ ਉਹਨਾਂ ਦੇ ਜਾਲ ਪਾਟਣ ਲੱਗੇ ।

7 ਉਹਨਾਂ ਨੇ ਆਪਣੇ ਸਾਥੀਆਂ ਨੂੰ ਜਿਹੜੇ ਦੂਜੀ ਕਿਸ਼ਤੀ ਵਿੱਚ ਸਨ, ਇਸ਼ਾਰੇ ਨਾਲ ਸੱਦਿਆ ਕਿ ਆ ਕੇ ਉਹਨਾਂ ਦੀ ਮਦਦ ਕਰਨ । ਉਹਨਾਂ ਦੇ ਸਾਥੀ ਮਦਦ ਦੇ ਲਈ ਆਏ । ਜਦੋਂ ਜਾਲ ਬਾਹਰ ਖਿੱਚੇ ਤਾਂ ਦੋਵੇਂ ਕਿਸ਼ਤੀਆਂ ਮੱਛੀਆਂ ਨਾਲ ਭਰ ਗਈਆਂ । ਇੱਥੋਂ ਤੱਕ ਕਿ ਮੱਛੀਆਂ ਦੇ ਭਾਰ ਨਾਲ ਕਿਸ਼ਤੀਆਂ ਡੁੱਬਣ ਲੱਗੀਆਂ ।

8 ਇਹ ਸਭ ਕੁਝ ਦੇਖ ਕੇ ਪਤਰਸ ਯਿਸੂ ਦੇ ਚਰਨਾਂ ਉੱਤੇ ਡਿੱਗ ਪਿਆ ਅਤੇ ਕਹਿਣ ਲੱਗਾ, “ਪ੍ਰਭੂ ਜੀ, ਮੇਰੇ ਕੋਲੋਂ ਚਲੇ ਜਾਓ, ਮੈਂ ਪਾਪੀ ਮਨੁੱਖ ਹਾਂ !”

9 ਕਿਉਂਕਿ ਇੰਨੀਆਂ ਮੱਛੀਆਂ ਦੇ ਫੜੇ ਜਾਣ ਕਾਰਨ ਸ਼ਮਊਨ ਅਤੇ ਉਸ ਦੇ ਸਾਥੀ ਹੱਕੇ ਬੱਕੇ ਰਹਿ ਗਏ ਸਨ ।

10 ਇਹ ਹੀ ਹਾਲ ਜ਼ਬਦੀ ਦੇ ਪੁੱਤਰਾਂ ਯਾਕੂਬ ਅਤੇ ਯੂਹੰਨਾ ਦਾ ਵੀ ਹੋਇਆ ਜਿਹੜੇ ਸ਼ਮਊਨ ਦੇ ਹਿੱਸੇਦਾਰ ਸਨ । ਯਿਸੂ ਨੇ ਸ਼ਮਊਨ ਨੂੰ ਕਿਹਾ, “ਨਾ ਡਰ, ਤੂੰ ਮਨੁੱਖਾਂ ਨੂੰ ਫੜਨ ਵਾਲਾ ਹੋਵੇਂਗਾ ।”

11 ਉਹ ਲੋਕ ਆਪਣੀਆਂ ਕਿਸ਼ਤੀਆਂ ਕੰਢੇ ਉੱਤੇ ਲਿਆਏ ਅਤੇ ਆਪਣਾ ਸਭ ਕੁਝ ਛੱਡ ਕੇ ਯਿਸੂ ਦੇ ਚੇਲੇ ਬਣ ਗਏ ।


ਪ੍ਰਭੂ ਯਿਸੂ ਇੱਕ ਕੋੜ੍ਹੀ ਨੂੰ ਚੰਗਾ ਕਰਦੇ ਹਨ
( ਮੱਤੀ 8:1-4 , ਮਰਕੁਸ 1:40-45 )

12 ਇੱਕ ਵਾਰ ਯਿਸੂ ਇੱਕ ਸ਼ਹਿਰ ਵਿੱਚ ਸਨ ਜਿੱਥੇ ਇੱਕ ਕੋੜ੍ਹ ਨਾਲ ਭਰਿਆ ਹੋਇਆ ਆਦਮੀ ਰਹਿੰਦਾ ਸੀ । ਯਿਸੂ ਨੂੰ ਦੇਖ ਕੇ ਉਹ ਆਦਮੀ ਮੂੰਹ ਦੇ ਭਾਰ ਡਿੱਗ ਕੇ ਉਹਨਾਂ ਅੱਗੇ ਬੇਨਤੀ ਕਰਨ ਲੱਗਾ, “ਪ੍ਰਭੂ ਜੀ, ਜੇਕਰ ਤੁਸੀਂ ਚਾਹੋ ਤਾਂ ਮੈਨੂੰ ਚੰਗਾ ਕਰ ਸਕਦੇ ਹੋ ।”

13 ਯਿਸੂ ਨੇ ਆਪਣਾ ਹੱਥ ਅੱਗੇ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾ !” ਉਸ ਆਦਮੀ ਦਾ ਕੋੜ੍ਹ ਇਕਦਮ ਦੂਰ ਹੋ ਗਿਆ ।

14 ਫਿਰ ਯਿਸੂ ਨੇ ਉਸ ਨੂੰ ਕਿਹਾ, “ਕਿਸੇ ਨੂੰ ਇਸ ਬਾਰੇ ਕੁਝ ਨਾ ਕਹਿਣਾ, ਪਰ ਜਾ, ਆਪਣੇ ਆਪ ਨੂੰ ਪੁਰੋਹਿਤ ਨੂੰ ਦਿਖਾ ਅਤੇ ਜੋ ਚੜ੍ਹਾਵਾ ਮੂਸਾ ਨੇ ਚੰਗਾ ਹੋਣ ਦੇ ਲਈ ਠਹਿਰਾਇਆ ਹੋਇਆ ਹੈ, ਜਾ ਕੇ ਚੜ੍ਹਾ ਤਾਂ ਜੋ ਸਾਰੇ ਲੋਕ ਜਾਨਣ ਕਿ ਤੂੰ ਹੁਣ ਚੰਗਾ ਹੋ ਗਿਆ ਹੈਂ ।”

15 ਪਰ ਯਿਸੂ ਦੀ ਚਰਚਾ ਫੈਲਦੀ ਗਈ । ਬਹੁਤ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਦਾ ਉਪਦੇਸ਼ ਸੁਣਨ ਅਤੇ ਆਪਣੀਆਂ ਬਿਮਾਰੀਆਂ ਤੋਂ ਚੰਗੇ ਹੋਣ ਲਈ ਆਉਣ ਲੱਗੇ ।

16 ਪਰ ਯਿਸੂ ਅਕਸਰ ਇਕਾਂਤ ਥਾਂ ਵਿੱਚ ਪ੍ਰਾਰਥਨਾ ਕਰਨ ਜਾਂਦੇ ਸਨ ।


ਪ੍ਰਭੂ ਯਿਸੂ ਇੱਕ ਅਧਰੰਗੀ ਨੂੰ ਚੰਗਾ ਕਰਦੇ ਹਨ
( ਮੱਤੀ 9:1-8 , ਮਰਕੁਸ 2:1-12 )

17 ਇੱਕ ਦਿਨ ਯਿਸੂ ਉਪਦੇਸ਼ ਦੇ ਰਹੇ ਸਨ ਅਤੇ ਪਰਮੇਸ਼ਰ ਦੀ ਬਿਮਾਰਾਂ ਨੂੰ ਚੰਗਾ ਕਰਨ ਵਾਲੀ ਸਮਰੱਥਾ ਉਹਨਾਂ ਵਿੱਚ ਸੀ । ਉਸ ਸਮੇਂ ਉਹਨਾਂ ਕੋਲ ਫ਼ਰੀਸੀ ਅਤੇ ਵਿਵਸਥਾ ਦੇ ਸਿੱਖਿਅਕ ਬੈਠੇ ਹੋਏ ਸਨ ਜਿਹੜੇ ਗਲੀਲ ਅਤੇ ਯਹੂਦਿਯਾ ਦੇ ਸ਼ਹਿਰਾਂ ਅਤੇ ਯਰੂਸ਼ਲਮ ਤੋਂ ਆਏ ਹੋਏ ਸਨ ।

18 ਕੁਝ ਲੋਕ ਇੱਕ ਬਿਮਾਰ ਆਦਮੀ ਨੂੰ ਮੰਜੀ ਉੱਤੇ ਚੁੱਕ ਕੇ ਉੱਥੇ ਲਿਆਏ । ਉਸ ਆਦਮੀ ਨੂੰ ਅਧਰੰਗ ਦਾ ਰੋਗ ਸੀ । ਉਹ ਉਸ ਨੂੰ ਘਰ ਦੇ ਅੰਦਰ ਲੈ ਜਾਣ ਅਤੇ ਯਿਸੂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ ।

19 ਜਦੋਂ ਉਹਨਾਂ ਨੂੰ ਭੀੜ ਦੇ ਕਾਰਨ ਘਰ ਦੇ ਅੰਦਰ ਜਾਣ ਦਾ ਰਾਹ ਨਾ ਮਿਲਿਆ ਤਾਂ ਉਹ ਘਰ ਦੇ ਉੱਤੇ ਚੜ੍ਹ ਗਏ ਅਤੇ ਛੱਤ ਨੂੰ ਉਧੇੜ ਕੇ ਮੰਜੀ ਸਣੇ ਉਸ ਬਿਮਾਰ ਨੂੰ ਅੰਦਰ ਯਿਸੂ ਦੇ ਸਾਹਮਣੇ ਉਤਾਰ ਦਿੱਤਾ ।

20 ਯਿਸੂ ਨੇ ਉਹਨਾਂ ਦਾ ਵਿਸ਼ਵਾਸ ਦੇਖ ਕੇ ਉਸ ਆਦਮੀ ਨੂੰ ਕਿਹਾ, “ਮਿੱਤਰ, ਤੇਰੇ ਪਾਪ ਮਾਫ਼ ਹੋਏ ।”

21 ਇਹ ਸੁਣ ਕੇ ਫ਼ਰੀਸੀ ਅਤੇ ਵਿਵਸਥਾ ਦੇ ਸਿੱਖਿਅਕ ਆਪਣੇ ਦਿਲਾਂ ਵਿੱਚ ਇਸ ਤਰ੍ਹਾਂ ਸੋਚਣ ਲੱਗੇ, “ਇਹ ਕੌਣ ਹੈ ਜਿਹੜਾ ਪਰਮੇਸ਼ਰ ਦੀ ਨਿੰਦਾ ਕਰ ਰਿਹਾ ਹੈ ? ਸਿਵਾਏ ਇੱਕ ਪਰਮੇਸ਼ਰ ਤੋਂ ਹੋਰ ਕੋਈ ਪਾਪ ਮਾਫ਼ ਨਹੀਂ ਕਰ ਸਕਦਾ !”

22 ਉਹਨਾਂ ਦੀਆਂ ਸੋਚਾਂ ਨੂੰ ਜਾਣਦੇ ਹੋਏ ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਆਪਣੇ ਦਿਲਾਂ ਵਿੱਚ ਇਸ ਤਰ੍ਹਾਂ ਕਿਉਂ ਸੋਚ ਰਹੇ ਹੋ ?

23 ਕੀ ਕਹਿਣਾ ਸੌਖਾ ਹੈ, ‘ਤੇਰੇ ਪਾਪ ਮਾਫ਼ ਹੋਏ’ ਜਾਂ ਇਹ ਕਹਿਣਾ, ‘ਉੱਠ ਅਤੇ ਚੱਲ ਫਿਰ ?’

24 ਪਰ ਇਸ ਤੋਂ ਤੁਸੀਂ ਜਾਣ ਜਾਓ ਕਿ ਮਨੁੱਖ ਦੇ ਪੁੱਤਰ ਨੂੰ ਇਸ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ ।” ਫਿਰ ਯਿਸੂ ਨੇ ਅਧਰੰਗੀ ਨੂੰ ਕਿਹਾ, “ਮੈਂ ਤੈਨੂੰ ਕਹਿੰਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਜਾ ।”

25 ਉਸੇ ਸਮੇਂ ਉਹ ਆਦਮੀ ਉਸ ਮੰਜੀ ਨੂੰ ਜਿਸ ਉੱਤੇ ਉਹ ਲੰਮਾ ਪਿਆ ਹੋਇਆ ਸੀ, ਚੁੱਕ ਕੇ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਆਪਣੇ ਘਰ ਨੂੰ ਚਲਾ ਗਿਆ ।

26 ਉੱਥੇ ਜਿੰਨੇ ਲੋਕ ਸਨ, ਸਾਰੇ ਹੈਰਾਨ ਰਹਿ ਗਏ ਅਤੇ ਪਰਮੇਸ਼ਰ ਦੀ ਵਡਿਆਈ ਕਰਨ ਲੱਗੇ । ਉਹ ਡਰ ਕੇ ਕਹਿਣ ਲੱਗੇ, “ਅੱਜ ਅਸੀਂ ਅਨੋਖੇ ਕੰਮ ਦੇਖੇ ਹਨ ।”


ਪ੍ਰਭੂ ਯਿਸੂ ਲੇਵੀ ਨੂੰ ਬੁਲਾਉਂਦੇ ਹਨ
( ਮੱਤੀ 9:9-13 , ਮਰਕੁਸ 2:13-17 )

27 ਇਸ ਦੇ ਬਾਅਦ ਯਿਸੂ ਬਾਹਰ ਚਲੇ ਗਏ । ਉਹਨਾਂ ਨੇ ਰਾਹ ਵਿੱਚ ਲੇਵੀ ਨਾਂ ਦੇ ਇੱਕ ਟੈਕਸ ਲੈਣ ਵਾਲੇ ਨੂੰ ਦਫ਼ਤਰ ਵਿੱਚ ਬੈਠੇ ਹੋਏ ਦੇਖਿਆ ਅਤੇ ਉਸ ਨੂੰ ਕਿਹਾ, “ਮੇਰੇ ਪਿੱਛੇ ਚੱਲ ।”

28 ਉਹ ਉੱਠਿਆ ਅਤੇ ਆਪਣਾ ਸਭ ਕੁਝ ਛੱਡ ਕੇ ਯਿਸੂ ਦਾ ਚੇਲਾ ਬਣ ਗਿਆ ।

29 ਫਿਰ ਲੇਵੀ ਨੇ ਆਪਣੇ ਘਰ ਯਿਸੂ ਲਈ ਇੱਕ ਬਹੁਤ ਵੱਡਾ ਭੋਜ ਦਿੱਤਾ । ਉਸ ਸਮੇਂ ਬਹੁਤ ਸਾਰੇ ਟੈਕਸ ਲੈਣ ਵਾਲੇ ਅਤੇ ਦੂਜੇ ਲੋਕ ਯਿਸੂ ਦੇ ਨਾਲ ਭੋਜਨ ਕਰਨ ਲਈ ਬੈਠੇ ।

30 ਤਦ ਫ਼ਰੀਸੀ ਅਤੇ ਉਹਨਾਂ ਦੇ ਦਲ ਦੇ ਵਿਵਸਥਾ ਦੇ ਸਿੱਖਿਅਕ ਬੁੜਬੁੜਾਉਣ ਲੱਗੇ ਅਤੇ ਯਿਸੂ ਦੇ ਚੇਲਿਆਂ ਨੂੰ ਕਹਿਣ ਲੱਗੇ, “ਤੁਸੀਂ ਟੈਕਸ ਲੈਣ ਵਾਲਿਆਂ ਅਤੇ ਪਾਪੀਆਂ ਦੇ ਨਾਲ ਬੈਠ ਕੇ ਕਿਉਂ ਖਾਂਦੇ ਪੀਂਦੇ ਹੋ ?”

31 ਯਿਸੂ ਨੇ ਉਹਨਾਂ ਨੂੰ ਕਿਹਾ, “ਵੈਦ ਦੀ ਲੋੜ ਨਰੋਇਆਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹੁੰਦੀ ਹੈ ।

32 ਮੈਂ ਨੇਕਾਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਸੱਦਣ ਆਇਆ ਹਾਂ ਕਿ ਉਹ ਤੋਬਾ ਕਰਨ ।”


ਵਰਤ ਸੰਬੰਧੀ ਪ੍ਰਸ਼ਨ
( ਮੱਤੀ 9:14-17 , ਮਰਕੁਸ 2:18-22 )

33 ਕੁਝ ਲੋਕਾਂ ਨੇ ਯਿਸੂ ਨੂੰ ਕਿਹਾ, “ਯੂਹੰਨਾ ਦੇ ਚੇਲੇ ਅਕਸਰ ਵਰਤ ਰੱਖਦੇ ਹਨ ਅਤੇ ਇਸੇ ਤਰ੍ਹਾਂ ਫ਼ਰੀਸੀਆਂ ਦੇ ਵੀ ਪਰ ਤੁਹਾਡੇ ਚੇਲੇ ਹਮੇਸ਼ਾ ਖਾਂਦੇ ਪੀਂਦੇ ਹਨ ।”

34 ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ, ਕੀ ਉਹ ਭੋਜਨ ਕੀਤੇ ਬਗ਼ੈਰ ਰਹਿ ਸਕਦੇ ਹਨ ? ਨਹੀਂ, ਇਹ ਨਹੀਂ ਹੋ ਸਕਦਾ

35 ਪਰ ਉਹ ਦਿਨ ਆਉਣਗੇ ਜਦੋਂ ਲਾੜਾ ਉਹਨਾਂ ਤੋਂ ਵੱਖਰਾ ਕੀਤਾ ਜਾਵੇਗਾ, ਤਦ ਉਹਨਾਂ ਦਿਨਾਂ ਵਿੱਚ ਉਹ ਵਰਤ ਰੱਖਣਗੇ ।”

36 ਯਿਸੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਵੀ ਸੁਣਾਇਆ, “ਕੋਈ ਮਨੁੱਖ ਪੁਰਾਣੇ ਕੱਪੜੇ ਉੱਤੇ ਟਾਕੀ ਲਾਉਣ ਲਈ ਨਵੇਂ ਕੱਪੜੇ ਨੂੰ ਨਹੀਂ ਪਾੜਦਾ । ਇਸ ਤਰ੍ਹਾਂ ਕਰਨ ਨਾਲ ਨਵਾਂ ਕੱਪੜਾ ਤਾਂ ਪਾਟੇਗਾ ਹੀ ਪਰ ਇਸ ਦੇ ਨਾਲ ਹੀ ਨਵੇਂ ਕੱਪੜੇ ਦੀ ਟਾਕੀ ਪੁਰਾਣੇ ਨਾਲ ਮੇਲ ਨਹੀਂ ਖਾਵੇਗੀ ।

37 ਕੋਈ ਮਨੁੱਖ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਭਰਦਾ ਜੇਕਰ ਉਹ ਇਸ ਤਰ੍ਹਾਂ ਕਰੇ ਤਾਂ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਨੂੰ ਪਾੜ ਦੇਵੇਗੀ । ਮੈਅ ਵਗ ਜਾਵੇਗੀ ਅਤੇ ਮਸ਼ਕਾਂ ਵੀ ਨਾਸ਼ ਹੋ ਜਾਣਗੀਆਂ ।

38 ਇਸ ਲਈ ਨਵੀਂ ਮੈਅ ਨਵੀਆਂ ਮਸ਼ਕਾਂ ਵਿੱਚ ਹੀ ਭਰਨੀ ਚਾਹੀਦੀ ਹੈ ।

39 ਕੋਈ ਮਨੁੱਖ ਪੁਰਾਣੀ ਮੈਅ ਪੀਣ ਦੇ ਬਾਅਦ ਨਵੀਂ ਮੈਅ ਨਹੀਂ ਪੀਣੀ ਚਾਹੁੰਦਾ ਕਿਉਂਕਿ ਉਹ ਕਹਿੰਦਾ ਹੈ, ‘ਪੁਰਾਣੀ ਹੀ ਚੰਗੀ ਹੈ ।’”

Punjabi Common Language (North American Version):

Text © 2021 Canadian Bible Society and Bible Society of India

Bible Society of India
Volg ons:



Advertensies