Aanlyn Bybel

- Advertensies -

ਲੂਕਾ ਦੀ ਇੰਜੀਲ 3 - ਪਵਿੱਤਰ ਬਾਈਬਲ (Revised Common Language North American Edition)


ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਉਪਦੇਸ਼
( ਮੱਤੀ 3:1-12 , ਮਰਕੁਸ 1:1-8 , ਯੂਹੰਨਾ 1:19-28 )

1 ਸਮਰਾਟ ਤਿਬੇਰਿਯੂਸ ਦੇ ਰਾਜ ਦਾ ਪੰਦਰ੍ਹਵਾਂ ਸਾਲ ਸੀ । ਉਸ ਸਮੇਂ ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਰਾਜਪਾਲ ਸੀ । ਹੇਰੋਦੇਸ ਗਲੀਲ ਦੇ ਇਲਾਕੇ ਦਾ ਸ਼ਾਸਕ ਅਤੇ ਉਸ ਦਾ ਭਰਾ ਫ਼ਿਲਿੱਪੁਸ ਇਤੂਰਿਯਾ ਅਤੇ ਤ੍ਰਖ਼ੋਨੀਤਿਸ ਇਲਾਕਿਆਂ ਦਾ ਸ਼ਾਸਕ ਸੀ, ਲੁਸਾਨਿਯੁਸ ਅਬਿਲੇਨੇ ਦਾ ਸ਼ਾਸਕ ਸੀ ।

2 ਅੱਨਾਸ ਅਤੇ ਕਾਇਫ਼ਾ ਮਹਾਂ-ਪੁਰੋਹਿਤ ਸਨ । ਉਸ ਸਮੇਂ ਪਰਮੇਸ਼ਰ ਦਾ ਵਚਨ ਜ਼ਕਰਯਾਹ ਦੇ ਪੁੱਤਰ ਯੂਹੰਨਾ ਨੂੰ ਮਿਲਿਆ ਜਿਹੜਾ ਸੁੰਨਸਾਨ ਥਾਂ ਵਿੱਚ ਰਹਿੰਦਾ ਸੀ ।

3 ਉਹ ਯਰਦਨ ਨਦੀ ਦੇ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚ ਗਿਆ ਅਤੇ ਲੋਕਾਂ ਨੂੰ ਇਸ ਤਰ੍ਹਾਂ ਉਪਦੇਸ਼ ਦਿੱਤਾ, “ਆਪਣੇ ਬੁਰੇ ਕੰਮਾਂ ਨੂੰ ਛੱਡੋ ਅਤੇ ਬਪਤਿਸਮਾ ਲਓ, ਪਰਮੇਸ਼ਰ ਤੁਹਾਡੇ ਪਾਪਾਂ ਨੂੰ ਮਾਫ਼ ਕਰਨਗੇ ।”

4 ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਯਸਾਯਾਹ ਨਬੀ ਦੀ ਪੁਸਤਕ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, “ਸੁੰਨਸਾਨ ਥਾਂ ਵਿੱਚ ਕੋਈ ਪੁਕਾਰ ਰਿਹਾ ਹੈ, ‘ਪ੍ਰਭੂ ਦਾ ਰਾਹ ਤਿਆਰ ਕਰੋ, ਉਹਨਾਂ ਦੇ ਰਾਹਾਂ ਨੂੰ ਸਿੱਧੇ ਕਰੋ ।

5 ਹਰ ਇੱਕ ਘਾਟੀ ਭਰੀ ਜਾਵੇਗੀ, ਹਰ ਇੱਕ ਪਹਾੜ ਅਤੇ ਪਹਾੜੀ ਪੱਧਰੀ ਕੀਤੀ ਜਾਵੇਗੀ, ਟੇਢੇ ਰਾਹ ਸਿੱਧੇ ਕੀਤੇ ਜਾਣਗੇ, ਅਤੇ ਉੱਚੇ ਨੀਵੇਂ ਰਾਹ ਪੱਧਰੇ ਕੀਤੇ ਜਾਣਗੇ ।

6 ਸਾਰੇ ਮਨੁੱਖ ਪਰਮੇਸ਼ਰ ਦੇ ਮੁਕਤੀਦਾਤਾ ਦੇ ਦਰਸ਼ਨ ਕਰਨਗੇ ।’”

7 ਬਹੁਤ ਸਾਰੇ ਲੋਕ ਬਪਤਿਸਮਾ ਲੈਣ ਲਈ ਯੂਹੰਨਾ ਕੋਲ ਆਉਂਦੇ ਸਨ । ਉਹ ਉਹਨਾਂ ਨੂੰ ਕਹਿੰਦਾ ਸੀ, “ਹੇ ਸੱਪਾਂ ਦੇ ਬੱਚਿਓ ! ਤੁਹਾਨੂੰ ਕਿਸ ਨੇ ਸਾਵਧਾਨ ਕਰ ਦਿੱਤਾ ਕਿ ਤੁਸੀਂ ਪਰਮੇਸ਼ਰ ਦੇ ਆਉਣ ਵਾਲੇ ਕ੍ਰੋਧ ਤੋਂ ਬਚੋ ?

8 ਅਜਿਹੇ ਕੰਮ ਕਰੋ ਜਿਹਨਾਂ ਤੋਂ ਪਤਾ ਲੱਗੇ ਕਿ ਤੁਸੀਂ ਆਪਣੇ ਬੁਰੇ ਕੰਮਾਂ ਨੂੰ ਛੱਡ ਦਿੱਤਾ ਹੈ । ਤੁਸੀਂ ਆਪਸ ਵਿੱਚ ਇਸ ਤਰ੍ਹਾਂ ਨਾ ਕਹੋ, ‘ਅਬਰਾਹਾਮ ਸਾਡਾ ਪਿਤਾ ਹੈ ।’ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਪਰਮੇਸ਼ਰ ਇਹਨਾਂ ਪੱਥਰਾਂ ਵਿੱਚੋਂ ਅਬਰਾਹਾਮ ਦੇ ਲਈ ਸੰਤਾਨ ਪੈਦਾ ਕਰ ਸਕਦੇ ਹਨ ।

9 ਰੁੱਖਾਂ ਨੂੰ ਵੱਡਣ ਦੇ ਲਈ ਕੁਹਾੜਾ ਤਿਆਰ ਹੈ । ਜਿਹੜਾ ਰੁੱਖ ਚੰਗਾ ਫਲ ਨਹੀਂ ਦਿੰਦਾ, ਉਹ ਜੜ੍ਹ ਤੋਂ ਵੱਢ ਦਿੱਤਾ ਜਾਂਦਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਂਦਾ ਹੈ ।”

10 ਲੋਕਾਂ ਨੇ ਯੂਹੰਨਾ ਤੋਂ ਪੁੱਛਿਆ, “ਤਾਂ ਅਸੀਂ ਕੀ ਕਰੀਏ ?”

11 ਉਸ ਨੇ ਉੱਤਰ ਦਿੱਤਾ, “ਜਿਸ ਆਦਮੀ ਦੇ ਕੋਲ ਦੋ ਕੁੜਤੇ ਹਨ, ਉਹ ਇੱਕ ਉਸ ਨੂੰ ਦੇ ਦੇਵੇ ਜਿਸ ਕੋਲ ਨਹੀਂ ਹੈ । ਇਸੇ ਤਰ੍ਹਾਂ ਜਿਸ ਦੇ ਕੋਲ ਭੋਜਨ ਹੈ, ਉਹ ਵੀ ਇਸੇ ਤਰ੍ਹਾਂ ਕਰੇ ।”

12 ਕੁਝ ਟੈਕਸ ਲੈਣ ਵਾਲੇ ਵੀ ਯੂਹੰਨਾ ਕੋਲੋਂ ਬਪਤਿਸਮਾ ਲੈਣ ਲਈ ਆਏ । ਉਹਨਾਂ ਨੇ ਯੂਹੰਨਾ ਤੋਂ ਪੁੱਛਿਆ, “ਗੁਰੂ ਜੀ, ਅਸੀਂ ਕੀ ਕਰੀਏ ?”

13 ਯੂਹੰਨਾ ਨੇ ਉੱਤਰ ਦਿੱਤਾ, “ਜੋ ਕਾਨੂੰਨੀ ਤੌਰ ਤੇ ਠਹਿਰਾਇਆ ਗਿਆ ਹੈ, ਉਸ ਤੋਂ ਵੱਧ ਨਾ ਲਵੋ ।”

14 ਸਿਪਾਹੀਆਂ ਨੇ ਵੀ ਉਸ ਤੋਂ ਪੁੱਛਿਆ, “ਅਸੀਂ ਕੀ ਕਰੀਏ ?” ਉਸ ਨੇ ਉਹਨਾਂ ਨੂੰ ਕਿਹਾ, “ਕਿਸੇ ਉੱਤੇ ਅੱਤਿਆਚਾਰ ਨਾ ਕਰੋ । ਕਿਸੇ ਉੱਤੇ ਝੂਠੇ ਦੋਸ਼ ਲਾ ਕੇ ਰਿਸ਼ਵਤ ਨਾ ਲਵੋ । ਆਪਣੀ ਤਨਖ਼ਾਹ ਨਾਲ ਸੰਤੁਸ਼ਟ ਰਹੋ ।”

15 ਲੋਕ ਮਸੀਹ ਦੀ ਉਡੀਕ ਵਿੱਚ ਸਨ । ਇਸ ਲਈ ਸਾਰੇ ਯੂਹੰਨਾ ਦੇ ਬਾਰੇ ਆਪਣੇ ਦਿਲਾਂ ਵਿੱਚ ਸੋਚਣ ਲੱਗੇ, “ਕੀ ਇਹ ਮਸੀਹ ਹੈ ?”

16 ਯੂਹੰਨਾ ਨੇ ਉਹਨਾਂ ਨੂੰ ਕਿਹਾ, “ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਮੇਰੇ ਬਾਅਦ ਇੱਕ ਮੇਰੇ ਤੋਂ ਵੱਧ ਸ਼ਕਤੀਮਾਨ ਆ ਰਹੇ ਹਨ, ਮੈਂ ਉਹਨਾਂ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਯੋਗ ਨਹੀਂ ਹਾਂ । ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਣਗੇ ।

17 ਉਹਨਾਂ ਦਾ ਛੱਜ ਉਹਨਾਂ ਦੇ ਹੱਥ ਵਿੱਚ ਹੈ । ਉਹ ਆਪਣੇ ਮੈਦਾਨ ਨੂੰ ਚੰਗੀ ਤਰ੍ਹਾਂ ਸਾਫ਼ ਕਰਨਗੇ ਅਤੇ ਅਨਾਜ ਨੂੰ ਆਪਣੇ ਗੋਦਾਮ ਵਿੱਚ ਇਕੱਠਾ ਕਰਨਗੇ ਪਰ ਤੂੜੀ ਨੂੰ ਨਾ ਬੁੱਝਣ ਵਾਲੀ ਅੱਗ ਵਿੱਚ ਸੁੱਟ ਦੇਣਗੇ ।”

18 ਅਜਿਹੀਆਂ ਕਈ ਹੋਰ ਗੱਲਾਂ ਦੇ ਰਾਹੀਂ ਯੂਹੰਨਾ ਨੇ ਲੋਕਾਂ ਨੂੰ ਪ੍ਰੇਰਨਾ ਦਿੱਤੀ ਅਤੇ ਸ਼ੁਭ ਸਮਾਚਾਰ ਸੁਣਾਇਆ ।

19 ਹੇਰੋਦੇਸ ਸ਼ਾਸਕ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਨੂੰ ਆਪਣੇ ਘਰ ਰੱਖ ਲਿਆ ਸੀ । ਯੂਹੰਨਾ ਨੇ ਹੇਰੋਦੇਸ ਦੇ ਇਸ ਕੰਮ ਅਤੇ ਹੋਰ ਬੁਰਾਈਆਂ ਲਈ ਉਸ ਨੂੰ ਝਿੜਕਿਆ ਸੀ ।

20 ਇਸ ਲਈ ਹੇਰੋਦੇਸ ਨੇ ਯੂਹੰਨਾ ਨੂੰ ਕੈਦ ਵਿੱਚ ਬੰਦ ਕਰ ਦਿੱਤਾ ਅਤੇ ਆਪਣੇ ਬੁਰੇ ਕੰਮਾਂ ਵਿੱਚ ਇੱਕ ਹੋਰ ਬੁਰੇ ਕੰਮ ਦਾ ਵਾਧਾ ਕਰ ਲਿਆ ਸੀ ।


ਪ੍ਰਭੂ ਯਿਸੂ ਦਾ ਬਪਤਿਸਮਾ
( ਮੱਤੀ 3:13-17 , ਮਰਕੁਸ 1:9-11 )

21 ਜਦੋਂ ਸਾਰੇ ਲੋਕ ਬਪਤਿਸਮਾ ਲੈ ਚੁੱਕੇ ਅਤੇ ਯਿਸੂ ਵੀ ਬਪਤਿਸਮਾ ਲੈ ਕੇ ਪ੍ਰਾਰਥਨਾ ਕਰ ਰਹੇ ਸਨ ਤਾਂ ਉਸੇ ਸਮੇਂ ਅਕਾਸ਼ ਖੁੱਲ੍ਹ ਗਿਆ

22 ਅਤੇ ਪਵਿੱਤਰ ਆਤਮਾ ਘੁੱਗੀ ਦੇ ਰੂਪ ਵਿੱਚ ਉਹਨਾਂ ਦੇ ਉੱਤੇ ਉਤਰਿਆ । ਉਸ ਸਮੇਂ ਅਕਾਸ਼ ਤੋਂ ਇੱਕ ਆਵਾਜ਼ ਆਈ, “ਤੂੰ ਮੇਰਾ ਪਿਆਰਾ ਪੁੱਤਰ ਹੈਂ, ਮੈਂ ਤੇਰੇ ਤੋਂ ਖ਼ੁਸ਼ ਹਾਂ ।”


ਪ੍ਰਭੂ ਯਿਸੂ ਦੀ ਵੰਸਾਵਲੀ
( ਮੱਤੀ 1:1-17 )

23 ਜਦੋਂ ਯਿਸੂ ਨੇ ਆਪਣੀ ਸੇਵਾ ਸ਼ੁਰੂ ਕੀਤੀ ਤਦ ਉਹ ਲਗਭਗ ਤੀਹ ਸਾਲ ਦੇ ਸਨ । ਲੋਕ ਮੰਨਦੇ ਸਨ ਕਿ ਯਿਸੂ ਯੂਸਫ਼ ਦੇ ਪੁੱਤਰ ਸਨ ਅਤੇ ਯੂਸਫ਼ ਹੇਲੀ ਦਾ ਪੁੱਤਰ ਸੀ ।

24 ਹੇਲੀ ਮੱਥਾਤ ਦਾ ਪੁੱਤਰ ਸੀ ਅਤੇ ਮੱਥਾਤ ਲੇਵੀ ਦਾ ਪੁੱਤਰ ਸੀ । ਲੇਵੀ ਮਲਕੀ ਦਾ ਪੁੱਤਰ ਸੀ ਅਤੇ ਮਲਕੀ ਯੰਨਾਈ ਦਾ ਪੁੱਤਰ ਸੀ ਅਤੇ ਯੰਨਾਈ ਯੂਸਫ਼ ਦਾ ਪੁੱਤਰ ਸੀ ।

25 ਯੂਸਫ਼ ਮੱਤਿਥਯਾਹ ਦਾ ਪੁੱਤਰ, ਮੱਤਿਥਯਾਹ ਆਮੋਸ ਦਾ ਪੁੱਤਰ, ਆਮੋਸ ਨਹੂਮ ਦਾ ਪੁੱਤਰ, ਨਹੂਮ ਹਸਲੀ ਦਾ ਪੁੱਤਰ ਅਤੇ ਹਸਲੀ ਨੱਗਈ ਦਾ ਪੁੱਤਰ ਸੀ ।

26 ਨੱਗਈ ਮਾਹਥ ਦਾ ਪੁੱਤਰ, ਮਾਹਥ ਮੱਤਿਥਯਾਹ ਦਾ ਪੁੱਤਰ, ਮੱਤਿਥਯਾਹ ਸ਼ਿਮਈ ਦਾ ਪੁੱਤਰ, ਸ਼ਿਮਈ ਯੋਸੇਕ ਦਾ ਪੁੱਤਰ, ਯੋਸੇਕ ਯੋਦਾ ਦਾ ਪੁੱਤਰ,

27 ਯੋਦਾ ਯੋਹਾਨਾਨ ਦਾ ਪੁੱਤਰ, ਯੋਹਾਨਾਨ ਰੇਸਾਹ ਦਾ ਪੁੱਤਰ, ਰੇਸਾਹ ਜ਼ਰੁੱਬਾਬਲ ਦਾ ਪੁੱਤਰ, ਜ਼ਰੂਬਾਬਲ ਸ਼ਅਲਤੀਏਲ ਦਾ ਪੁੱਤਰ, ਅਤੇ ਸ਼ਅਲਤੀਏਲ ਨੇਰੀ ਦਾ ਪੁੱਤਰ ਸੀ ।

28 ਨੇਰੀ ਮਲਕੀ ਦਾ ਪੁੱਤਰ, ਮਲਕੀ ਐਦੀ ਦਾ ਪੁੱਤਰ, ਐਦੀ ਕੋਸਾਮ ਦਾ ਪੁੱਤਰ, ਕੋਸਾਮ ਅਲਮੇਦਾਮ ਦਾ ਪੁੱਤਰ, ਅਤੇ ਅਲਮੇਦਾਮ ਏਰ ਦਾ ਪੁੱਤਰ ਸੀ ।

29 ਏਰ ਯਹੋਸ਼ੁਆ ਦਾ ਪੁੱਤਰ, ਯਹੋਸ਼ੁਆ ਅਲੀਆਜ਼ਰ ਦਾ ਪੁੱਤਰ, ਅਲੀਆਜ਼ਰ ਯੋਰਾਮ ਦਾ ਪੁੱਤਰ, ਯੋਰਾਮ ਮੱਤਾਥ ਦਾ ਪੁੱਤਰ, ਮੱਤਾਥ ਲੇਵੀ ਦਾ ਪੁੱਤਰ ਸੀ ।

30 ਲੇਵੀ ਸ਼ਿਮਓਨ ਦਾ ਪੁੱਤਰ, ਸ਼ਿਮਓਨ ਯਹੂਦਾਹ ਦਾ ਪੁੱਤਰ, ਯਹੂਦਾਹ ਯੂਸਫ਼ ਦਾ ਪੁੱਤਰ, ਯੂਸਫ਼ ਯੋਨਾਮ ਦਾ ਪੁੱਤਰ ਅਤੇ ਯੋਨਾਮ ਅਲਯਾਕੀਮ ਦਾ ਪੁੱਤਰ ਸੀ ।

31 ਅਲਯਾਕੀਮ ਮਲਯੇ ਦਾ ਪੁੱਤਰ, ਮਲਯੇ ਮੇਨਾਨ ਦਾ ਪੁੱਤਰ, ਮੇਨਾਨ ਮੱਤਥੇ ਦਾ ਪੁੱਤਰ, ਮੱਤਥੇ ਨਾਥਾਨ ਦਾ ਪੁੱਤਰ, ਅਤੇ ਨਾਥਾਨ ਦਾਊਦ ਦਾ ਪੁੱਤਰ ਸੀ ।

32 ਦਾਊਦ ਯੱਸੀ ਦਾ ਪੁੱਤਰ, ਯੱਸੀ ਉਬੇਦ ਦਾ ਪੁੱਤਰ, ਉਬੇਦ ਬੋਅਜ਼ ਦਾ ਪੁੱਤਰ, ਬੋਅਜ਼ ਸਲਮੋਨ ਦਾ ਪੁੱਤਰ ਅਤੇ ਸਲਮੋਨ ਨਹਸ਼ੋਨ ਦਾ ਪੁੱਤਰ ਸੀ ।

33 ਨਹਸ਼ੋਨ ਅੰਮੀਨਾਦਾਬ ਦਾ ਪੁੱਤਰ, ਅੰਮੀਨਾਦਾਬ ਅਦਮੀਨ ਦਾ ਪੁੱਤਰ, ਅਦਮੀਨ ਅਰਨੀ ਦਾ ਪੁੱਤਰ, ਅਰਨੀ ਹਸਰੋਨ ਦਾ ਪੁੱਤਰ, ਹਸਰੋਨ ਪਿਰਸ਼ ਦਾ ਪੁੱਤਰ ਅਤੇ ਫ਼ਰਸ ਯਹੂਦਾਹ ਦਾ ਪੁੱਤਰ ਸੀ ।

34 ਯਹੂਦਾਹ ਯਾਕੂਬ ਦਾ ਪੁੱਤਰ, ਯਾਕੂਬ ਇਸਹਾਕ ਦਾ ਪੁੱਤਰ, ਇਸਹਾਕ ਅਬਰਾਹਾਮ ਦਾ ਪੁੱਤਰ, ਅਬਰਾਹਾਮ ਤਾਰਹ ਦਾ ਪੁੱਤਰ ਅਤੇ ਤਾਰਹ ਨਾਹੋਰ ਦਾ ਪੁੱਤਰ ਸੀ ।

35 ਨਾਹੋਰ ਸਰੂਗ ਦਾ ਪੁੱਤਰ, ਸਰੂਗ ਰਊ ਦਾ ਪੁੱਤਰ, ਰਊ ਪਲਗ ਦਾ ਪੁੱਤਰ, ਪਲਗ ਏਬਰ ਦਾ ਪੁੱਤਰ ਅਤੇ ਏਬਰ ਸ਼ਲਹ ਦਾ ਪੁੱਤਰ ਸੀ ।

36 ਸ਼ਲਹ ਕੇਨਾਨ ਦਾ ਪੁੱਤਰ, ਕੇਨਾਨ ਅਰਪਕਸ਼ਾਦ ਦਾ ਪੁੱਤਰ, ਅਰਪਕਸ਼ਾਦ ਸ਼ੇਮ ਦਾ ਪੁੱਤਰ, ਸ਼ੇਮ ਨੂਹ ਦਾ ਪੁੱਤਰ ਅਤੇ ਨੂਹ ਲਾਲਕ ਦਾ ਪੁੱਤਰ ਸੀ ।

37 ਲਾਲਕ ਮਥੂਸਲਹ ਦਾ ਪੁੱਤਰ, ਮਥੂਸਲਹ ਹਨੋਕ ਦਾ ਪੁੱਤਰ, ਹਨੋਕ ਯਰਦ ਦਾ ਪੁੱਤਰ, ਯਰਦ ਮਹਲਲੇਲ ਦਾ ਪੁੱਤਰ ਅਤੇ ਮਹਲਲੇਲ ਕੇਨਾਨ ਦਾ ਪੁੱਤਰ ਸੀ ।

38 ਕੇਨਾਨ ਅਨੋਸ਼ ਦਾ ਪੁੱਤਰ, ਅਨੋਸ਼ ਸੇਥ ਦਾ ਪੁੱਤਰ, ਸੇਥ ਆਦਮ ਦਾ ਪੁੱਤਰ ਅਤੇ ਆਦਮ ਪਰਮੇਸ਼ਰ ਦਾ ਪੁੱਤਰ ਸੀ ।

Punjabi Common Language (North American Version):

Text © 2021 Canadian Bible Society and Bible Society of India

Bible Society of India
Volg ons:



Advertensies