Aanlyn Bybel

- Advertensies -

ਲੂਕਾ ਦੀ ਇੰਜੀਲ 2 - ਪਵਿੱਤਰ ਬਾਈਬਲ (Revised Common Language North American Edition)


ਪ੍ਰਭੂ ਯਿਸੂ ਦਾ ਜਨਮ
( ਮੱਤੀ 1:18-25 )

1 ਉਹਨਾਂ ਦਿਨਾਂ ਵਿੱਚ ਰੋਮੀ ਸਮਰਾਟ ਅਗੂਸਤੁਸ ਨੇ ਇਹ ਹੁਕਮ ਦਿੱਤਾ ਕਿ ਉਸ ਦੇ ਸਾਮਰਾਜ ਦੇ ਸਾਰੇ ਨਾਗਰਿਕਾਂ ਦੀ ਗਿਣਤੀ ਕੀਤੀ ਜਾਵੇ ।

2 ਉਸ ਦੇ ਰਾਜ ਕਾਲ ਵਿੱਚ ਇਹ ਪਹਿਲੀ ਜਨ-ਗਣਨਾ ਸੀ ਜਦੋਂ ਕੁਰੇਨਿਯੁਸ ਸੀਰੀਯਾ ਦਾ ਰਾਜਪਾਲ ਸੀ ।

3 ਸਾਰੇ ਲੋਕ ਨਾਂ ਲਿਖਵਾਉਣ ਦੇ ਲਈ ਆਪਣੇ ਆਪਣੇ ਸ਼ਹਿਰ ਨੂੰ ਗਏ ।

4 ਯੂਸਫ਼ ਦਾਊਦ ਦੀ ਕੁਲ ਵਿੱਚੋਂ ਸੀ । ਇਸ ਲਈ ਉਹ ਗਲੀਲ ਦੇ ਇਲਾਕੇ ਦੇ ਪਿੰਡ ਨਾਸਰਤ ਤੋਂ ਯਹੂਦਿਯਾ ਵਿੱਚ ਦਾਊਦ ਦੇ ਸ਼ਹਿਰ ਬੈਤਲਹਮ ਨੂੰ ਗਿਆ ।

5 ਯੂਸਫ਼ ਆਪਣੇ ਨਾਲ ਆਪਣੀ ਮੰਗੇਤਰ ਮਰਿਯਮ ਨੂੰ ਵੀ ਨਾਂ ਲਿਖਵਾਉਣ ਦੇ ਲਈ ਲੈ ਗਿਆ । ਮਰਿਯਮ ਗਰਭਵਤੀ ਸੀ ।

6 ਜਦੋਂ ਉਹ ਬੈਤਲਹਮ ਵਿੱਚ ਹੀ ਸਨ ਤਾਂ ਮਰਿਯਮ ਦਾ ਬੱਚੇ ਨੂੰ ਜਨਮ ਦੇਣ ਦਾ ਸਮਾਂ ਆ ਗਿਆ ।

7 ਇਸ ਲਈ ਉਸ ਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ । ਉਸ ਨੇ ਬੱਚੇ ਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਰੱਖਿਆ ਕਿਉਂਕਿ ਉਹਨਾਂ ਨੂੰ ਸਰਾਂ ਵਿੱਚ ਥਾਂ ਨਹੀਂ ਮਿਲੀ ਸੀ ।


ਚਰਵਾਹੇ ਅਤੇ ਸਵਰਗਦੂਤ

8 ਬੈਤਲਹਮ ਸ਼ਹਿਰ ਦੇ ਬਾਹਰ ਮੈਦਾਨ ਵਿੱਚ ਕੁਝ ਚਰਵਾਹੇ ਰਾਤ ਦੇ ਵੇਲੇ ਆਪਣੀਆਂ ਭੇਡਾਂ ਦੀ ਰੱਖਵਾਲੀ ਕਰ ਰਹੇ ਸਨ ।

9 ਅਚਨਚੇਤ ਪ੍ਰਭੂ ਪਰਮੇਸ਼ਰ ਦਾ ਇੱਕ ਸਵਰਗਦੂਤ ਉਹਨਾਂ ਦੇ ਕੋਲ ਆ ਖੜ੍ਹਾ ਹੋਇਆ ਅਤੇ ਪ੍ਰਭੂ ਦਾ ਤੇਜ ਉਹਨਾਂ ਦੇ ਚਾਰੇ ਪਾਸੇ ਚਮਕਿਆ । ਚਰਵਾਹੇ ਬਹੁਤ ਡਰ ਗਏ ।

10 ਪਰ ਸਵਰਗਦੂਤ ਨੇ ਉਹਨਾਂ ਨੂੰ ਕਿਹਾ, “ਡਰੋ ਨਹੀਂ ! ਮੈਂ ਤੁਹਾਡੇ ਲਈ ਇੱਕ ਸ਼ੁਭ ਸਮਾਚਾਰ ਲਿਆਇਆ ਹਾਂ ਜਿਸ ਨੂੰ ਸੁਣ ਕੇ ਤੁਹਾਨੂੰ ਬਹੁਤ ਖ਼ੁਸ਼ੀ ਹੋਵੇਗੀ । ਇਹ ਸਾਰੇ ਲੋਕਾਂ ਲਈ ਹੈ ।

11 ਅੱਜ ਦਾਊਦ ਦੇ ਸ਼ਹਿਰ ਬੈਤਲਹਮ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤਾ ਨੇ ਜਨਮ ਲਿਆ ਹੈ । ਇਹ ਪ੍ਰਭੂ ਮਸੀਹ ਹਨ ।

12 ਉਹਨਾਂ ਦੀ ਪਛਾਣ ਤੁਹਾਡੇ ਲਈ ਇਹ ਹੈ ਕਿ ਤੁਸੀਂ ਇੱਕ ਨਵੇਂ ਜਨਮੇ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਹੋਇਆ ਖੁਰਲੀ ਵਿੱਚ ਪਿਆ ਦੇਖੋਗੇ ।”

13 ਅਚਾਨਕ ਉਸ ਸਵਰਗਦੂਤ ਦੇ ਨਾਲ ਸਵਰਗਦੂਤਾਂ ਦਾ ਇੱਕ ਵੱਡਾ ਲਸ਼ਕਰ ਦਿਖਾਈ ਦਿੱਤਾ ਜਿਹੜਾ ਇਹ ਕਹਿ ਕੇ ਪਰਮੇਸ਼ਰ ਦੀ ਵਡਿਆਈ ਕਰ ਰਿਹਾ ਸੀ,

14 “ਪਰਮਧਾਮ ਵਿੱਚ ਪਰਮੇਸ਼ਰ ਦੀ ਵਡਿਆਈ ਹੋਵੇ, ਅਤੇ ਧਰਤੀ ਉੱਤੇ ਮਨੁੱਖਾਂ ਵਿੱਚ ਸ਼ਾਂਤੀ ਜਿਹਨਾਂ ਤੋਂ ਉਹ ਪ੍ਰਸੰਨ ਹਨ ।”

15 ਜਦੋਂ ਸਵਰਗਦੂਤ ਉੱਥੋਂ ਸਵਰਗ ਨੂੰ ਵਾਪਸ ਚਲੇ ਗਏ ਤਾਂ ਚਰਵਾਹਿਆਂ ਨੇ ਆਪਸ ਵਿੱਚ ਕਿਹਾ, “ਆਓ, ਅਸੀਂ ਬੈਤਲਹਮ ਨੂੰ ਚੱਲੀਏ ਅਤੇ ਜੋ ਘਟਨਾ ਉੱਥੇ ਵਾਪਰੀ ਹੈ ਜਿਸ ਦੇ ਬਾਰੇ ਪ੍ਰਭੂ ਨੇ ਸਾਨੂੰ ਦੱਸਿਆ ਹੈ, ਜਾ ਕੇ ਦੇਖੀਏ ।”

16 ਉਹ ਉਸੇ ਸਮੇਂ ਬੈਤਲਹਮ ਵਿੱਚ ਗਏ । ਉੱਥੇ ਉਹਨਾਂ ਨੇ ਮਰਿਯਮ, ਯੂਸਫ਼ ਅਤੇ ਖੁਰਲੀ ਵਿੱਚ ਪਏ ਹੋਏ ਬਾਲਕ ਨੂੰ ਦੇਖਿਆ ।

17 ਜਦੋਂ ਚਰਵਾਹਿਆਂ ਨੇ ਬਾਲਕ ਨੂੰ ਦੇਖਿਆ ਤਦ ਉਹਨਾਂ ਨੇ ਸਵਰਗਦੂਤਾਂ ਦੀਆਂ ਬਾਲਕ ਦੇ ਬਾਰੇ ਕਹੀਆਂ ਗੱਲਾਂ ਲੋਕਾਂ ਨੂੰ ਦੱਸੀਆਂ ।

18 ਚਰਵਾਹਿਆਂ ਦੀਆਂ ਗੱਲਾਂ ਸੁਣ ਕੇ ਸਾਰੇ ਹੈਰਾਨ ਹੋ ਗਏ ।

19 ਪਰ ਮਰਿਯਮ ਨੇ ਇਹ ਸਾਰੀਆਂ ਗੱਲਾਂ ਆਪਣੇ ਦਿਲ ਵਿੱਚ ਰੱਖੀਆਂ ਅਤੇ ਉਹਨਾਂ ਉੱਤੇ ਵਿਚਾਰ ਕਰਦੀ ਰਹੀ ।

20 ਚਰਵਾਹੇ, ਜਿਸ ਤਰ੍ਹਾਂ ਉਹਨਾਂ ਨੂੰ ਸਵਰਗਦੂਤ ਦੇ ਰਾਹੀਂ ਦੱਸਿਆ ਗਿਆ ਸੀ, ਉਸੇ ਤਰ੍ਹਾਂ ਸੁਣ ਕੇ ਅਤੇ ਦੇਖ ਕੇ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਵਾਪਸ ਚਲੇ ਗਏ ।


ਬਾਲਕ ਦਾ ਨਾਮ ‘ਯਿਸੂ’ ਰੱਖਿਆ ਜਾਣਾ

21 ਅੱਠ ਦਿਨਾਂ ਦੇ ਬਾਅਦ ਜਦੋਂ ਬਾਲਕ ਦੀ ਸੁੰਨਤ ਕੀਤੀ ਗਈ ਤਾਂ ਉਹਨਾਂ ਦਾ ਨਾਮ ਯਿਸੂ ਰੱਖਿਆ ਗਿਆ । ਇਹ ਹੀ ਨਾਮ ਸਵਰਗਦੂਤ ਨੇ ਉਹਨਾਂ ਦੇ ਗਰਭ ਵਿੱਚ ਆਉਣ ਤੋਂ ਪਹਿਲਾਂ ਦੱਸਿਆ ਸੀ ।


ਪ੍ਰਭੂ ਯਿਸੂ ਦਾ ਹੈਕਲ ਵਿੱਚ ਅਰਪਣ ਕੀਤਾ ਜਾਣਾ

22 ਜਦੋਂ ਮੂਸਾ ਦੀ ਵਿਵਸਥਾ ਦੇ ਅਨੁਸਾਰ ਯਹੂਦੀਆਂ ਦੇ ਸ਼ੁੱਧੀ ਕਰਨ ਦਾ ਸਮਾਂ ਆਇਆ ਤਾਂ ਉਹ ਯਿਸੂ ਨੂੰ ਯਰੂਸ਼ਲਮ ਵਿੱਚ ਲੈ ਗਏ ਕਿ ਉਹਨਾਂ ਨੂੰ ਪ੍ਰਭੂ ਦੇ ਸਾਹਮਣੇ ਅਰਪਣ ਕਰਨ

23 ਜਿਵੇਂ ਪ੍ਰਭੂ ਦੀ ਵਿਵਸਥਾ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, “ਹਰੇਕ ਜੇਠਾ ਨਰ ਪ੍ਰਭੂ ਦੇ ਲਈ ਪਵਿੱਤਰ ਮੰਨਿਆ ਜਾਵੇ,”

24 ਅਤੇ ਪ੍ਰਭੂ ਦੀ ਵਿਵਸਥਾ ਅਨੁਸਾਰ, “ਘੁੱਗੀਆਂ ਦਾ ਇੱਕ ਜੋੜਾ ਜਾਂ ਕਬੂਤਰ ਦੇ ਦੋ ਬੱਚੇ ਬਲੀ ਚੜ੍ਹਾਏ ਜਾਣ ।”

25 ਉਸ ਵੇਲੇ ਯਰੂਸ਼ਲਮ ਵਿੱਚ ਸ਼ਿਮਓਨ ਨਾਂ ਦਾ ਇੱਕ ਆਦਮੀ ਰਹਿੰਦਾ ਸੀ । ਉਹ ਨੇਕ ਅਤੇ ਪਰਮੇਸ਼ਰ ਤੋਂ ਡਰਨ ਵਾਲਾ ਸੀ । ਉਹ ਇਸਰਾਏਲ ਕੌਮ ਦੇ ਛੁਟਕਾਰੇ ਦੀ ਉਡੀਕ ਵਿੱਚ ਸੀ । ਉਹ ਪਵਿੱਤਰ ਆਤਮਾ ਦੇ ਨਾਲ ਭਰਪੂਰ ਸੀ ।

26 ਪਵਿੱਤਰ ਆਤਮਾ ਨੇ ਉਸ ਉੱਤੇ ਇਹ ਪ੍ਰਗਟ ਕੀਤਾ ਸੀ ਕਿ ਜਦੋਂ ਤੱਕ ਉਹ ਪ੍ਰਭੂ ਦੇ ‘ਮਸੀਹ’ ਨੂੰ ਨਹੀਂ ਦੇਖ ਲਵੇਗਾ, ਉਸ ਦੀ ਮੌਤ ਨਹੀਂ ਹੋਵੇਗੀ ।

27 ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਸ਼ਿਮਓਨ ਹੈਕਲ ਵਿੱਚ ਗਿਆ । ਜਦੋਂ ਯਿਸੂ ਦੇ ਮਾਤਾ-ਪਿਤਾ ਬਾਲਕ ਯਿਸੂ ਨੂੰ ਵਿਵਸਥਾ ਦੀ ਰੀਤ ਅਨੁਸਾਰ ਅਰਪਣ ਕਰਨ ਦੇ ਲਈ ਹੈਕਲ ਵਿੱਚ ਲੈ ਕੇ ਆਏ,

28 ਤਾਂ ਸ਼ਿਮਓਨ ਨੇ ਬਾਲਕ ਨੂੰ ਆਪਣੀ ਗੋਦ ਵਿੱਚ ਲੈ ਕੇ ਇਸ ਤਰ੍ਹਾਂ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਧੰਨਵਾਦ ਕੀਤਾ,

29 “ਹੇ ਪ੍ਰਭੂ, ਹੁਣ ਤੁਸੀਂ ਆਪਣੇ ਸੇਵਕ ਨੂੰ ਆਪਣੇ ਵਚਨ ਦੇ ਅਨੁਸਾਰ ਸ਼ਾਂਤੀ ਨਾਲ ਵਿਦਾ ਕਰੋ

30 ਕਿਉਂਕਿ ਮੇਰੀਆਂ ਅੱਖਾਂ ਨੇ ਤੁਹਾਡੀ ਉਸ ਮੁਕਤੀ ਨੂੰ ਦੇਖ ਲਿਆ ਹੈ,

31 ਜਿਹੜੀ ਤੁਸੀਂ ਸਾਰੀਆਂ ਕੌਮਾਂ ਦੇ ਲਈ ਤਿਆਰ ਕੀਤੀ ਹੈ ।

32 ਇਹ ਤੁਹਾਡੇ ਆਪਣੇ ਲੋਕਾਂ ਇਸਰਾਏਲ ਦੇ ਲਈ ਮਹਿਮਾ ਦਾ ਕਾਰਨ ਅਤੇ ਦੂਜੀਆਂ ਕੌਮਾਂ ਨੂੰ ਰਾਹ ਦਿਖਾਉਣ ਵਾਲਾ ਚਾਨਣ ਹੈ ।”

33 ਯਿਸੂ ਦੇ ਬਾਰੇ ਇਹ ਗੱਲਾਂ ਸੁਣ ਕੇ ਉਹਨਾਂ ਦੇ ਮਾਤਾ-ਪਿਤਾ ਬਹੁਤ ਹੈਰਾਨ ਹੋਏ ।

34 ਸ਼ਿਮਓਨ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਯਿਸੂ ਦੀ ਮਾਂ ਮਰਿਯਮ ਨੂੰ ਕਿਹਾ, “ਪਰਮੇਸ਼ਰ ਨੇ ਇਸ ਬਾਲਕ ਨੂੰ ਇਸਰਾਏਲ ਦੇ ਬਹੁਤ ਸਾਰੇ ਲੋਕਾਂ ਦੇ ਡਿੱਗਣ ਅਤੇ ਉੱਠਣ ਦਾ ਕਾਰਨ ਹੋਣ ਲਈ ਚੁਣ ਲਿਆ ਹੈ । ਇਹ ਬਾਲਕ ਇੱਕ ਅਜਿਹਾ ਚਿੰਨ੍ਹ ਹੋਣਗੇ ਜਿਹਨਾਂ ਦੇ ਵਿਰੁੱਧ ਬਹੁਤ ਸਾਰੇ ਲੋਕ ਬੋਲਣਗੇ,

35 ਅਤੇ ਇਹਨਾਂ ਦੇ ਰਾਹੀਂ ਲੋਕਾਂ ਦੇ ਦਿਲਾਂ ਦੇ ਗੁੱਝੇ ਵਿਚਾਰ ਪ੍ਰਗਟ ਹੋ ਜਾਣਗੇ ਅਤੇ ਸੋਗ, ਤਲਵਾਰ ਦੀ ਤਰ੍ਹਾਂ ਤੇਰੇ ਦਿਲ ਨੂੰ ਵਿੰਨ੍ਹ ਦੇਵੇਗਾ ।”

36 ਉੱਥੇ ਹੱਨਾਹ ਨਾਂ ਦੀ ਇੱਕ ਨਬੀਆ ਰਹਿੰਦੀ ਸੀ । ਉਹ ਆਸ਼ੇਰ ਕੁਲ ਦੇ ਫ਼ਨੂਏਲ ਦੀ ਬੇਟੀ ਸੀ । ਉਹ ਬਹੁਤ ਬਜ਼ੁਰਗ ਹੋ ਗਈ ਸੀ । ਵਿਆਹ ਦੇ ਸੱਤ ਸਾਲ ਬਾਅਦ ਹੀ ਉਸ ਦਾ ਪਤੀ ਮਰ ਗਿਆ ਸੀ ।

37 ਉਹ ਚੌਰਾਸੀ ਸਾਲ ਦੀ ਸੀ । ਉਹ ਹੈਕਲ ਨੂੰ ਨਹੀਂ ਛੱਡਦੀ ਸੀ । ਉਹ ਵਰਤ ਰੱਖਦੀ, ਪ੍ਰਾਰਥਨਾ ਕਰਦੀ ਅਤੇ ਦਿਨ ਰਾਤ ਪਰਮੇਸ਼ਰ ਦੀ ਭਗਤੀ ਕਰਦੀ ਸੀ ।

38 ਉਸ ਸਮੇਂ ਹੱਨਾਹ ਉੱਥੇ ਆਈ ਅਤੇ ਉਸ ਨੇ ਪਰਮੇਸ਼ਰ ਦਾ ਧੰਨਵਾਦ ਕੀਤਾ । ਫਿਰ ਉਸ ਨੇ ਯਿਸੂ ਦੇ ਬਾਰੇ ਉਹਨਾਂ ਸਾਰੇ ਲੋਕਾਂ ਨੂੰ ਦੱਸਿਆ ਜਿਹੜੇ ਯਰੂਸ਼ਲਮ ਦੇ ਛੁਟਕਾਰੇ ਦੀ ਉਡੀਕ ਵਿੱਚ ਸਨ ।


ਨਾਸਰਤ ਨੂੰ ਮੁੜਨਾ

39 ਜਦੋਂ ਯਿਸੂ ਦੇ ਮਾਤਾ-ਪਿਤਾ ਪ੍ਰਭੂ ਦੀ ਵਿਵਸਥਾ ਅਨੁਸਾਰ ਸਭ ਕੁਝ ਕਰ ਚੁੱਕੇ ਤਾਂ ਉਹ ਗਲੀਲ ਵਿੱਚ ਆਪਣੇ ਸ਼ਹਿਰ ਨਾਸਰਤ ਨੂੰ ਵਾਪਸ ਚਲੇ ਗਏ ।

40 ਬਾਲਕ ਕੱਦ ਅਤੇ ਸਰੀਰਕ ਬਲ ਵਿੱਚ ਵੱਧਦਾ ਅਤੇ ਬੁੱਧ ਨਾਲ ਭਰਪੂਰ ਹੁੰਦਾ ਗਿਆ ਅਤੇ ਪਰਮੇਸ਼ਰ ਦੀ ਕਿਰਪਾ ਉਹਨਾਂ ਉੱਤੇ ਸੀ ।


ਬਾਲਕ ਯਿਸੂ ਹੈਕਲ ਵਿੱਚ

41 ਪਸਾਹ ਦੇ ਤਿਉਹਾਰ ਦੇ ਸਮੇਂ ਯਿਸੂ ਦੇ ਮਾਤਾ-ਪਿਤਾ ਹਰ ਸਾਲ ਯਰੂਸ਼ਲਮ ਨੂੰ ਜਾਂਦੇ ਸਨ ।

42 ਜਦੋਂ ਯਿਸੂ ਬਾਰ੍ਹਾਂ ਸਾਲ ਦੇ ਹੋਏ ਤਾਂ ਰੀਤ ਅਨੁਸਾਰ ਉਹ ਪਸਾਹ ਮਨਾਉਣ ਲਈ ਯਰੂਸ਼ਲਮ ਨੂੰ ਗਏ ।

43 ਜਦੋਂ ਤਿਉਹਾਰ ਦੇ ਦਿਨ ਪੂਰੇ ਹੋ ਗਏ ਤਾਂ ਉਹ ਘਰ ਨੂੰ ਵਾਪਸ ਚੱਲ ਪਏ ਪਰ ਬਾਲਕ ਯਿਸੂ ਯਰੂਸ਼ਲਮ ਵਿੱਚ ਰਹਿ ਗਏ । ਉਹਨਾਂ ਦੇ ਮਾਤਾ-ਪਿਤਾ ਇਹ ਗੱਲ ਨਹੀਂ ਜਾਣਦੇ ਸਨ ।

44 ਉਹਨਾਂ ਨੇ ਸੋਚਿਆ ਕਿ ਯਿਸੂ ਯਾਤਰੀ ਸਾਥੀਆਂ ਨਾਲ ਹੋਣਗੇ । ਉਹ ਇੱਕ ਦਿਨ ਦੀ ਯਾਤਰਾ ਖ਼ਤਮ ਕਰ ਚੁੱਕੇ ਸਨ । ਤਦ ਉਹਨਾਂ ਨੇ ਯਿਸੂ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਲੱਭਣਾ ਸ਼ੁਰੂ ਕਰ ਦਿੱਤਾ ।

45 ਪਰ ਯਿਸੂ ਉਹਨਾਂ ਨੂੰ ਨਾ ਮਿਲੇ । ਇਸ ਲਈ ਉਹ ਲੱਭਦੇ ਲੱਭਦੇ ਯਰੂਸ਼ਲਮ ਨੂੰ ਵਾਪਸ ਚਲੇ ਗਏ ।

46 ਤੀਜੇ ਦਿਨ ਉਹਨਾਂ ਨੇ ਯਿਸੂ ਨੂੰ ਹੈਕਲ ਵਿੱਚ ਗੁਰੂਆਂ ਨਾਲ ਬੈਠੇ ਦੇਖਿਆ । ਉਹ ਗੁਰੂਆਂ ਦੀਆਂ ਗੱਲਾਂ ਸੁਣ ਰਹੇ ਅਤੇ ਉਹਨਾਂ ਤੋਂ ਪ੍ਰਸ਼ਨ ਪੁੱਛ ਰਹੇ ਸਨ ।

47 ਸਾਰੇ ਸੁਣਨ ਵਾਲੇ ਯਿਸੂ ਦੀ ਸਮਝ ਅਤੇ ਉੱਤਰਾਂ ਤੋਂ ਹੈਰਾਨ ਸਨ ।

48 ਜਦੋਂ ਯਿਸੂ ਦੇ ਮਾਤਾ-ਪਿਤਾ ਨੇ ਉਹਨਾਂ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਏ । ਉਹਨਾਂ ਦੀ ਮਾਂ ਨੇ ਕਿਹਾ, “ਪੁੱਤਰ, ਤੂੰ ਸਾਡੇ ਨਾਲ ਇਸ ਤਰ੍ਹਾਂ ਕਿਉਂ ਕੀਤਾ ? ਦੇਖ, ਤੇਰੇ ਪਿਤਾ ਜੀ ਅਤੇ ਮੈਂ ਕਿੰਨੇ ਪਰੇਸ਼ਾਨ ਹੋ ਕੇ ਤੈਨੂੰ ਲੱਭ ਰਹੇ ਸੀ ।”

49 ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਮੈਨੂੰ ਕਿਉਂ ਲੱਭ ਰਹੇ ਸੀ ? ਕੀ ਤੁਹਾਨੂੰ ਪਤਾ ਨਹੀਂ ਸੀ ਕਿ ਮੇਰੇ ਲਈ ਆਪਣੇ ਪਿਤਾ ਦੇ ਘਰ ਵਿੱਚ ਹੋਣਾ ਜ਼ਰੂਰੀ ਸੀ ?”

50 ਪਰ ਉਹ ਯਿਸੂ ਦੇ ਇਹਨਾਂ ਸ਼ਬਦਾਂ ਦਾ ਅਰਥ ਨਾ ਸਮਝੇ ।

51 ਤਦ ਯਿਸੂ ਆਪਣੇ ਮਾਤਾ-ਪਿਤਾ ਨਾਲ ਨਾਸਰਤ ਨੂੰ ਵਾਪਸ ਚਲੇ ਗਏ ਅਤੇ ਉਹ ਆਪਣੇ ਮਾਤਾ-ਪਿਤਾ ਦੀ ਆਗਿਆ ਮੰਨਦੇ ਰਹੇ । ਪਰ ਉਹਨਾਂ ਦੀ ਮਾਂ ਆਪਣੇ ਦਿਲ ਵਿੱਚ ਇਹਨਾਂ ਸਾਰੀਆਂ ਗੱਲਾਂ ਉੱਤੇ ਵਿਚਾਰ ਕਰਦੀ ਰਹੀ ।

52 ਯਿਸੂ ਸਰੀਰ, ਬੁੱਧ, ਪਰਮੇਸ਼ਰ ਅਤੇ ਲੋਕਾਂ ਦੀ ਕਿਰਪਾ ਵਿੱਚ ਵੱਧਦੇ ਗਏ ।

Punjabi Common Language (North American Version):

Text © 2021 Canadian Bible Society and Bible Society of India

Bible Society of India
Volg ons:



Advertensies