ਲੂਕਾ ਦੀ ਇੰਜੀਲ 1 - ਪਵਿੱਤਰ ਬਾਈਬਲ (Revised Common Language North American Edition)ਆਰੰਭ 1 ਹੇ ਮਾਨਯੋਗ ਥਿਓਫ਼ਿਲੁਸ, ਬਹੁਤ ਸਾਰੇ ਲੇਖਕਾਂ ਨੇ ਕੋਸ਼ਿਸ਼ ਕੀਤੀ ਕਿ ਸਾਡੇ ਵਿਚਕਾਰ ਹੋਈਆਂ ਗੱਲਾਂ ਦਾ ਵਰਣਨ ਲਿਖਣ । 2 ਜਿਸ ਤਰ੍ਹਾਂ ਸਾਨੂੰ ਉਹਨਾਂ ਪਹਿਲੇ ਗਵਾਹਾਂ ਨੇ ਦੱਸਿਆ ਜਿਹਨਾਂ ਨੇ ਆਪਣੀ ਅੱਖੀਂ ਸਭ ਕੁਝ ਦੇਖਿਆ ਅਤੇ ਪ੍ਰਚਾਰ ਕੀਤਾ । 3 ਮੈਂ ਵੀ ਇਹਨਾਂ ਸਭ ਗੱਲਾਂ ਦੀ ਬੜੇ ਧਿਆਨ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਖੋਜ ਕੀਤੀ ਹੈ ਤਾਂ ਜੋ ਤੇਰੇ ਲਈ ਇਹਨਾਂ ਸਭ ਗੱਲਾਂ ਦਾ ਵਰਣਨ ਠੀਕ ਅਤੇ ਤਰਤੀਬਵਾਰ ਲਿਖਾਂ, 4 ਕਿ ਉਹਨਾਂ ਸਾਰੀਆਂ ਗੱਲਾਂ ਬਾਰੇ ਜਿਹਨਾਂ ਤੋਂ ਤੂੰ ਪਹਿਲਾਂ ਹੀ ਜਾਣੂ ਹੈਂ, ਠੀਕ ਠੀਕ ਜਾਣਕਾਰੀ ਪ੍ਰਾਪਤ ਕਰੇਂ । ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਜਨਮ ਦੀ ਸੂਚਨਾ 5 ਉਹਨਾਂ ਦਿਨਾਂ ਵਿੱਚ ਜਦੋਂ ਹੇਰੋਦੇਸ ਯਹੂਦਿਯਾ ਦੇਸ਼ ਵਿੱਚ ਰਾਜ ਕਰਦਾ ਸੀ, ਉੱਥੇ ਜ਼ਕਰਯਾਹ ਨਾਂ ਦਾ ਇੱਕ ਪੁਰੋਹਿਤ ਸੀ । ਉਹ ਅਬੀਯਾਹ ਪੁਰੋਹਿਤ ਦੇ ਦਲ ਦੇ ਪੁਰੋਹਿਤਾਂ ਵਿੱਚੋਂ ਸੀ ਅਤੇ ਉਸ ਦੀ ਪਤਨੀ ਇਲੀਸਬਤ, ਹਾਰੂਨ ਪੁਰੋਹਿਤ ਦੀ ਕੁਲ ਵਿੱਚੋਂ ਸੀ । 6 ਉਹ ਦੋਵੇਂ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਨੇਕ ਅਤੇ ਬੜੀ ਸੱਚਾਈ ਨਾਲ ਉਹਨਾਂ ਦੇ ਸਾਰੇ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਸਨ । 7 ਪਰ ਉਹਨਾਂ ਦੇ ਕੋਲ ਕੋਈ ਸੰਤਾਨ ਨਹੀਂ ਸੀ ਕਿਉਂਕਿ ਇਲੀਸਬਤ ਬਾਂਝ ਸੀ । ਉਹ ਦੋਵੇਂ ਬਹੁਤ ਬਜ਼ੁਰਗ ਹੋ ਗਏ ਸਨ । 8 ਇੱਕ ਵਾਰ ਜ਼ਕਰਯਾਹ ਦੇ ਦਲ ਦੀ ਵਾਰੀ ਸੀ ਅਤੇ ਉਸ ਨੇ ਪਰਮੇਸ਼ਰ ਦੇ ਸਾਹਮਣੇ ਪੁਰੋਹਿਤਾਈ ਦੀ ਸੇਵਾ ਕਰਨੀ ਸੀ 9 ਕਿਉਂਕਿ ਪੁਰੋਹਿਤਾਂ ਦੀ ਰੀਤ ਦੇ ਅਨੁਸਾਰ ਉਸ ਦੇ ਨਾਂ ਦਾ ਗੁਣਾ ਨਿਕਲਿਆ ਸੀ ਕਿ ਉਹ ਹੈਕਲ ਵਿੱਚ ਜਾ ਕੇ ਵੇਦੀ ਉੱਤੇ ਧੂਪ ਧੁਖਾਏ । ਇਸ ਲਈ ਉਹ ਪ੍ਰਭੂ ਦੇ ਹੈਕਲ ਵਿੱਚ ਗਿਆ । 10 ਉਸ ਸਮੇਂ ਸਾਰੀ ਸਭਾ ਬਾਹਰ ਪ੍ਰਾਰਥਨਾ ਕਰ ਰਹੀ ਸੀ । 11 ਜਦੋਂ ਜ਼ਕਰਯਾਹ ਅਜੇ ਹੈਕਲ ਦੇ ਅੰਦਰ ਹੀ ਸੀ ਤਾਂ ਉਸ ਨੂੰ ਧੂਪ ਦੀ ਵੇਦੀ ਦੇ ਸੱਜੇ ਪਾਸੇ ਇੱਕ ਸਵਰਗਦੂਤ ਖੜ੍ਹਾ ਦਿਖਾਈ ਦਿੱਤਾ । 12 ਜ਼ਕਰਯਾਹ ਉਸ ਨੂੰ ਦੇਖ ਕੇ ਘਬਰਾ ਗਿਆ ਅਤੇ ਡਰ ਨਾਲ ਭਰ ਗਿਆ । 13 ਪਰ ਸਵਰਗਦੂਤ ਨੇ ਉਸ ਨੂੰ ਕਿਹਾ, “ਜ਼ਕਰਯਾਹ, ਨਾ ਡਰ ! ਪਰਮੇਸ਼ਰ ਨੇ ਤੇਰੀ ਪ੍ਰਾਰਥਨਾ ਸੁਣ ਲਈ ਹੈ । ਤੇਰੀ ਪਤਨੀ ਇਲੀਸਬਤ ਇੱਕ ਪੁੱਤਰ ਨੂੰ ਜਨਮ ਦੇਵੇਗੀ । ਤੂੰ ਉਸ ਦਾ ਨਾਂ ਯੂਹੰਨਾ ਰੱਖੀਂ । 14 ਉਸ ਦੇ ਜਨਮ ਤੋਂ ਤੈਨੂੰ ਬਹੁਤ ਖ਼ੁਸ਼ੀ ਅਤੇ ਅਨੰਦ ਹੋਵੇਗਾ ਅਤੇ ਬਹੁਤ ਸਾਰੇ ਲੋਕ ਉਸ ਦੇ ਜਨਮ ਤੋਂ ਪ੍ਰਸੰਨ ਹੋਣਗੇ । 15 ਉਹ ਪ੍ਰਭੂ ਦੀਆਂ ਨਜ਼ਰਾਂ ਵਿੱਚ ਬਹੁਤ ਮਹਾਨ ਹੋਵੇਗਾ । ਉਹ ਨਾ ਮੈਅ ਅਤੇ ਨਾ ਮਦ ਪੀਵੇਗਾ । ਉਹ ਆਪਣੀ ਮਾਂ ਦੀ ਕੁੱਖ ਵਿੱਚੋਂ ਹੀ ਪਵਿੱਤਰ ਆਤਮਾ ਨਾਲ ਭਰਿਆ ਹੋਵੇਗਾ । 16 ਉਹ ਇਸਰਾਏਲ ਦੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਪ੍ਰਭੂ ਪਰਮੇਸ਼ਰ ਵੱਲ ਮੋੜ ਲਿਆਵੇਗਾ । 17 ਉਹ ਪਰਮੇਸ਼ਰ ਦੇ ਸਾਹਮਣੇ ਏਲੀਯਾਹ ਨਬੀ ਦੀ ਤਰ੍ਹਾਂ ਆਤਮਾ ਵਿੱਚ ਭਰਪੂਰ ਹੋ ਕੇ ਚੱਲੇਗਾ ਤਾਂ ਜੋ ਉਹ ਮਾਤਾ-ਪਿਤਾ ਦਾ ਦਿਲ ਬੱਚਿਆਂ ਵੱਲ ਮੋੜੇ, ਦੁਸ਼ਟਾਂ ਨੂੰ ਨੇਕੀ ਦਾ ਪਾਠ ਸਿਖਾਵੇ ਅਤੇ ਲੋਕਾਂ ਨੂੰ ਪ੍ਰਭੂ ਲਈ ਤਿਆਰ ਕਰੇ ।” 18 ਜ਼ਕਰਯਾਹ ਨੇ ਸਵਰਗਦੂਤ ਨੂੰ ਕਿਹਾ, “ਮੈਂ ਕਿਸ ਤਰ੍ਹਾਂ ਇਹ ਸਭ ਮੰਨਾਂ ? ਕਿਉਂਕਿ ਮੈਂ ਬਜ਼ੁਰਗ ਹੋ ਗਿਆ ਹਾਂ ਅਤੇ ਮੇਰੀ ਪਤਨੀ ਵੀ ਬਜ਼ੁਰਗ ਹੈ ।” 19 ਸਵਰਗਦੂਤ ਨੇ ਉੱਤਰ ਦਿੱਤਾ, “ਮੈਂ ਜਿਬਰਾਏਲ ਹਾਂ ਜਿਹੜਾ ਪਰਮੇਸ਼ਰ ਦੇ ਸਾਹਮਣੇ ਖੜ੍ਹਾ ਰਹਿੰਦਾ ਹਾਂ । ਮੈਂ ਪਰਮੇਸ਼ਰ ਵੱਲੋਂ ਹੀ ਇਹ ਗੱਲਾਂ ਕਰਨ ਅਤੇ ਸ਼ੁਭ ਸਮਾਚਾਰ ਦੇਣ ਲਈ ਤੇਰੇ ਕੋਲ ਭੇਜਿਆ ਗਿਆ ਹਾਂ । 20 ਪਰ ਤੂੰ ਮੇਰੀਆਂ ਗੱਲਾਂ ਦਾ ਵਿਸ਼ਵਾਸ ਨਹੀਂ ਕੀਤਾ ਜਿਹੜੀਆਂ ਆਪਣੇ ਸਮੇਂ ਉੱਤੇ ਪੂਰੀਆਂ ਹੋਣਗੀਆਂ । ਇਸ ਲਈ ਜਦੋਂ ਤੱਕ ਉਹ ਪੂਰੀਆਂ ਨਾ ਹੋ ਜਾਣ ਤੂੰ ਉਸ ਸਮੇਂ ਤੱਕ ਗੂੰਗਾ ਰਹੇਂਗਾ ਅਤੇ ਬੋਲ ਨਹੀਂ ਸਕੇਂਗਾ ।” 21 ਬਾਹਰ ਸਭਾ ਜ਼ਕਰਯਾਹ ਦੀ ਉਡੀਕ ਕਰ ਰਹੀ ਸੀ । ਸਾਰੀ ਸਭਾ ਹੈਰਾਨ ਸੀ ਕਿ ਉਸ ਨੇ ਹੈਕਲ ਦੇ ਵਿੱਚ ਇੰਨਾ ਸਮਾਂ ਕਿਉਂ ਲਾ ਦਿੱਤਾ ਹੈ । 22 ਜਦੋਂ ਜ਼ਕਰਯਾਹ ਬਾਹਰ ਆਇਆ ਤਾਂ ਉਹ ਬੋਲ ਨਾ ਸਕਿਆ । ਸਭਾ ਸਮਝ ਗਈ ਕਿ ਉਸ ਨੇ ਹੈਕਲ ਵਿੱਚ ਕੋਈ ਦਰਸ਼ਨ ਦੇਖਿਆ ਹੈ । ਉਹ ਕੇਵਲ ਇਸ਼ਾਰੇ ਹੀ ਕਰਦਾ ਸੀ ਪਰ ਬੋਲ ਨਹੀਂ ਸਕਦਾ ਸੀ । 23 ਫਿਰ ਜਦੋਂ ਉਸ ਦੀ ਸੇਵਾ ਦੇ ਦਿਨ ਖ਼ਤਮ ਹੋ ਗਏ ਤਾਂ ਉਹ ਆਪਣੇ ਘਰ ਵਾਪਸ ਚਲਾ ਗਿਆ । 24 ਕੁਝ ਦਿਨਾਂ ਦੇ ਬਾਅਦ ਉਸ ਦੀ ਪਤਨੀ ਇਲੀਸਬਤ ਗਰਭਵਤੀ ਹੋਈ । ਉਸ ਨੇ ਪੰਜ ਮਹੀਨੇ ਤੱਕ ਇਸ ਗੱਲ ਨੂੰ ਲੁਕਾ ਕੇ ਰੱਖਿਆ । ਉਹ ਕਹਿੰਦੀ ਸੀ, 25 “ਪ੍ਰਭੂ ਨੇ ਇਸ ਬੁਢਾਪੇ ਵਿੱਚ ਮੇਰੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੈ । ਉਹਨਾਂ ਨੇ ਮੇਰੀ ਸਾਰੀ ਸ਼ਰਮਿੰਦਗੀ ਦੂਰ ਕਰ ਦਿੱਤੀ ਹੈ ।” ਪ੍ਰਭੂ ਯਿਸੂ ਦੇ ਜਨਮ ਦੀ ਸੂਚਨਾ 26 ਇਲੀਸਬਤ ਨੂੰ ਗਰਭਵਤੀ ਹੋਏ ਛੇ ਮਹੀਨੇ ਹੋ ਚੁੱਕੇ ਸਨ ਜਦੋਂ ਪਰਮੇਸ਼ਰ ਨੇ ਜਿਬਰਾਏਲ ਸਵਰਗਦੂਤ ਨੂੰ ਗਲੀਲ ਦੇ ਇਲਾਕੇ ਦੇ ਨਾਸਰਤ ਨਾਂ ਦੇ ਇੱਕ ਪਿੰਡ ਵਿੱਚ ਭੇਜਿਆ । 27 ਸਵਰਗਦੂਤ ਮਰਿਯਮ ਨਾਂ ਦੀ ਇੱਕ ਕੁਆਰੀ ਕੋਲ ਗਿਆ । ਉਸ ਕੁਆਰੀ ਦੀ ਮੰਗਣੀ ਦਾਊਦ ਦੀ ਕੁਲ ਦੇ ਯੂਸਫ਼ ਨਾਂ ਦੇ ਇੱਕ ਆਦਮੀ ਨਾਲ ਹੋਈ ਸੀ । 28 ਸਵਰਗਦੂਤ ਨੇ ਅੰਦਰ ਜਾ ਕੇ ਮਰਿਯਮ ਨੂੰ ਕਿਹਾ, “ਹੇ ਪ੍ਰਭੂ ਦੀ ਕਿਰਪਾ ਪਾਤਰ, ਪ੍ਰਭੂ ਦੀ ਜੈ ਹੋਵੇ ! ਉਹ ਤੇਰੇ ਨਾਲ ਹਨ ।” 29 ਮਰਿਯਮ ਇਹ ਸੁਣ ਕੇ ਘਬਰਾ ਗਈ ਅਤੇ ਮਨ ਵਿੱਚ ਸੋਚਣ ਲੱਗੀ ਕਿ ਇਹ ਕਿਸ ਤਰ੍ਹਾਂ ਦਾ ਨਮਸਕਾਰ ਹੈ । 30 ਸਵਰਗਦੂਤ ਨੇ ਮਰਿਯਮ ਨੂੰ ਕਿਹਾ, “ਮਰਿਯਮ ਨਾ ਡਰ ਕਿਉਂਕਿ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ ! 31 ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ । ਤੂੰ ਉਹਨਾਂ ਦਾ ਨਾਮ ਯਿਸੂ ਰੱਖਣਾ । 32 ਉਹ ਮਹਾਨ ਹੋਣਗੇ । ਉਹ ਪਰਮ ਪ੍ਰਧਾਨ ਪਰਮੇਸ਼ਰ ਦੇ ਪੁੱਤਰ ਅਖਵਾਉਣਗੇ । ਪ੍ਰਭੂ ਪਰਮੇਸ਼ਰ ਉਹਨਾਂ ਦੇ ਪੁਰਖੇ ਦਾਊਦ ਦੀ ਰਾਜ-ਗੱਦੀ ਉਹਨਾਂ ਨੂੰ ਦੇਣਗੇ । 33 ਉਹ ਅਨੰਤਕਾਲ ਤੱਕ ਯਾਕੂਬ ਦੀ ਪੀੜ੍ਹੀ ਉੱਤੇ ਰਾਜ ਕਰਨਗੇ । ਉਹਨਾਂ ਦੇ ਰਾਜ ਦਾ ਅੰਤ ਨਹੀਂ ਹੋਵੇਗਾ ।” 34 ਮਰਿਯਮ ਨੇ ਸਵਰਗਦੂਤ ਨੂੰ ਕਿਹਾ, “ਇਹ ਕਿਸ ਤਰ੍ਹਾਂ ਹੋ ਸਕਦਾ ਹੈ ? ਮੈਂ ਅਜੇ ਕੁਆਰੀ ਹਾਂ ।” 35 ਸਵਰਗਦੂਤ ਨੇ ਉੱਤਰ ਦਿੱਤਾ, “ਪਵਿੱਤਰ ਆਤਮਾ ਤੇਰੇ ਉੱਤੇ ਉਤਰੇਗਾ ਅਤੇ ਪਰਮੇਸ਼ਰ ਦੀ ਸਮਰੱਥਾ ਤੇਰੇ ਉੱਤੇ ਛਾਇਆ ਕਰੇਗੀ । ਇਸ ਲਈ ਜਿਹੜਾ ਪਵਿੱਤਰ ਬਾਲਕ ਤੇਰੇ ਤੋਂ ਪੈਦਾ ਹੋਵੇਗਾ, ਪਰਮੇਸ਼ਰ ਦਾ ਪੁੱਤਰ ਅਖਵਾਏਗਾ । 36 ਦੇਖ, ਤੇਰੀ ਰਿਸ਼ਤੇਦਾਰ ਇਲੀਸਬਤ ਜਿਹੜੀ ਬਾਂਝ ਸੀ, ਆਪਣੇ ਬੁਢਾਪੇ ਵਿੱਚ ਗਰਭਵਤੀ ਹੈ । ਇਹ ਉਸ ਦਾ ਛੇਵਾਂ ਮਹੀਨਾ ਹੈ । ਉਹ ਵੀ ਇੱਕ ਪੁੱਤਰ ਨੂੰ ਜਨਮ ਦੇਵੇਗੀ । 37 ਕਿਉਂਕਿ ਪਰਮੇਸ਼ਰ ਦੇ ਲਈ ਕੁਝ ਵੀ ਅਸੰਭਵ ਨਹੀਂ ਹੈ ।” 38 ਮਰਿਯਮ ਨੇ ਕਿਹਾ, “ਮੈਂ ਪਰਮੇਸ਼ਰ ਦੀ ਸੇਵਕ ਹਾਂ, ਜਿਸ ਤਰ੍ਹਾਂ ਤੂੰ ਕਿਹਾ ਹੈ, ਮੇਰੇ ਨਾਲ ਉਸੇ ਤਰ੍ਹਾਂ ਹੋਵੇ ।” ਫਿਰ ਸਵਰਗਦੂਤ ਮਰਿਯਮ ਦੇ ਕੋਲੋਂ ਚਲਾ ਗਿਆ । ਮਰਿਯਮ ਦਾ ਇਲੀਸਬਤ ਦੇ ਘਰ ਜਾਣਾ 39 ਇਸ ਘਟਨਾ ਦੇ ਬਾਅਦ ਮਰਿਯਮ ਛੇਤੀ ਹੀ ਤਿਆਰ ਹੋ ਕੇ ਯਹੂਦਿਯਾ ਦੇਸ਼ ਦੇ ਇੱਕ ਪਹਾੜੀ ਸ਼ਹਿਰ ਨੂੰ ਗਈ । 40 ਉਹ ਜ਼ਕਰਯਾਹ ਪੁਰੋਹਿਤ ਦੇ ਘਰ ਗਈ ਅਤੇ ਇਲੀਸਬਤ ਨੂੰ ਨਮਸਕਾਰ ਕੀਤਾ । 41 ਜਿਵੇਂ ਹੀ ਇਲੀਸਬਤ ਨੇ ਮਰਿਯਮ ਦਾ ਨਮਸਕਾਰ ਸੁਣਿਆ, ਉਸ ਦੀ ਕੁੱਖ ਵਿੱਚ ਬੱਚਾ ਉੱਛਲ ਪਿਆ । ਉਸੇ ਸਮੇਂ ਇਲੀਸਬਤ ਪਵਿੱਤਰ ਆਤਮਾ ਨਾਲ ਭਰ ਗਈ । 42 ਉਸ ਨੇ ਉੱਚੀ ਆਵਾਜ਼ ਨਾਲ ਕਿਹਾ, “ਤੂੰ ਔਰਤਾਂ ਵਿੱਚੋਂ ਧੰਨ ਹੈਂ ਅਤੇ ਤੇਰੀ ਕੁੱਖ ਦਾ ਫਲ ਵੀ ਧੰਨ ਹੈ । 43 ਇਹ ਮੇਰੇ ਧੰਨ ਭਾਗ ਹਨ ਕਿ ਮੇਰੇ ਪ੍ਰਭੂ ਦੀ ਮਾਂ ਮੇਰੇ ਕੋਲ ਚੱਲ ਕੇ ਆਈ ਹੈ । 44 ਦੇਖ, ਜਿਵੇਂ ਹੀ ਤੇਰੇ ਨਮਸਕਾਰ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ, ਬੱਚਾ ਖ਼ੁਸ਼ੀ ਦੇ ਨਾਲ ਮੇਰੀ ਕੁੱਖ ਵਿੱਚ ਉੱਛਲ ਪਿਆ । 45 ਤੂੰ ਧੰਨ ਹੈਂ ਜਿਸ ਨੇ ਪ੍ਰਭੂ ਦੀਆਂ ਗੱਲਾਂ ਵਿੱਚ ਵਿਸ਼ਵਾਸ ਕੀਤਾ ਹੈ ਕਿ ਉਹ ਜ਼ਰੂਰ ਪੂਰੀਆਂ ਹੋਣਗੀਆਂ ।” ਮਰਿਯਮ ਪ੍ਰਭੂ ਦੀ ਉਸਤਤ ਕਰਦੀ ਹੈ 46 ਮਰਿਯਮ ਨੇ ਕਿਹਾ, “ਮੇਰੀ ਜਾਨ ਪ੍ਰਭੂ ਦੀ ਉਸਤਤ ਕਰਦੀ ਹੈ, 47 ਮੇਰੀ ਆਤਮਾ ਮੇਰੇ ਮੁਕਤੀਦਾਤਾ ਪਰਮੇਸ਼ਰ ਤੋਂ ਖ਼ੁਸ਼ ਹੈ, 48 ਕਿਉਂਕਿ ਉਹਨਾਂ ਨੇ ਆਪਣੀ ਸੇਵਕ ਦੀ ਨਿਮਰਤਾ ਉੱਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ । ਹੁਣ ਤੋਂ ਸਾਰੀਆਂ ਪੀੜ੍ਹੀਆਂ ਮੈਨੂੰ ਧੰਨ ਕਹਿਣਗੀਆਂ, 49 ਕਿਉਂਕਿ ਮਹਾਨ ਪਰਮੇਸ਼ਰ ਨੇ ਮੇਰੇ ਲਈ ਅਦਭੁੱਤ ਕੰਮ ਕੀਤੇ ਹਨ, ਉਹਨਾਂ ਦਾ ਨਾਮ ਪਵਿੱਤਰ ਹੈ । 50 ਉਹ ਆਪਣੇ ਆਦਰ ਕਰਨ ਵਾਲਿਆਂ ਉੱਤੇ, ਪੀੜ੍ਹੀਓਂ ਪੀੜ੍ਹੀ ਦਇਆ ਕਰਦੇ ਹਨ । 51 ਉਹਨਾਂ ਨੇ ਆਪਣੀਆਂ ਬਾਹਾਂ ਦਾ ਬਲ ਦਿਖਾਇਆ ਹੈ । ਉਹਨਾਂ ਨੇ ਜਿਹੜੇ ਆਪਣੇ ਆਪ ਨੂੰ ਘਮੰਡੀ ਸਮਝਦੇ ਸਨ, ਤਿੱਤਰ-ਬਿੱਤਰ ਕੀਤਾ ਹੈ । 52 ਉਹਨਾਂ ਨੇ ਹਾਕਮਾਂ ਨੂੰ ਗੱਦੀਆਂ ਤੋਂ ਲਾਹਿਆ, ਅਤੇ ਨਿਮਰ ਲੋਕਾਂ ਨੂੰ ਉੱਚਾ ਕੀਤਾ ਹੈ । 53 ਉਹਨਾਂ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ, ਅਤੇ ਧਨੀਆਂ ਨੂੰ ਖ਼ਾਲੀ ਹੱਥ ਵਾਪਸ ਮੋੜ ਦਿੱਤਾ ਹੈ । 54 ਉਹਨਾਂ ਨੇ ਆਪਣੀ ਦਇਆ ਨੂੰ ਯਾਦ ਕੀਤਾ ਅਤੇ ਆਪਣੇ ਸੇਵਕ ਇਸਰਾਏਲ ਦੀ ਮਦਦ ਕੀਤੀ ਹੈ । 55 ਇਹ ਸਭ ਉਹਨਾਂ ਨੇ ਆਪਣੀ ਅਨੰਤ ਦਇਆ ਦੇ ਨਾਲ ਅਬਰਾਹਾਮ ਅਤੇ ਉਸ ਦੇ ਕੁਲ ਦੇ ਸਾਡੇ ਪੁਰਖਿਆਂ ਦੇ ਨਾਲ ਕੀਤੇ ਹੋਏ ਵਾਅਦਿਆਂ ਦੇ ਅਨੁਸਾਰ ਕੀਤਾ ਹੈ ।” 56 ਮਰਿਯਮ ਇਲੀਸਬਤ ਦੇ ਨਾਲ ਤਿੰਨ ਮਹੀਨੇ ਤੱਕ ਰਹੀ ਅਤੇ ਫਿਰ ਆਪਣੇ ਘਰ ਨੂੰ ਵਾਪਸ ਚਲੀ ਗਈ । ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਜਨਮ 57 ਜਦੋਂ ਇਲੀਸਬਤ ਦਾ ਬੱਚੇ ਨੂੰ ਜਨਮ ਦੇਣ ਦਾ ਸਮਾਂ ਆ ਗਿਆ ਤਾਂ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ । 58 ਜਦੋਂ ਉਸ ਦੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਪਤਾ ਲੱਗਾ ਕਿ ਪਰਮੇਸ਼ਰ ਨੇ ਉਸ ਉੱਤੇ ਕਿਰਪਾ ਕੀਤੀ ਹੈ ਤਾਂ ਉਹਨਾਂ ਨੇ ਉਸ ਦੇ ਨਾਲ ਮਿਲ ਕੇ ਖ਼ੁਸ਼ੀ ਮਨਾਈ । 59 ਯਹੂਦੀਆਂ ਦੀ ਰੀਤ ਅਨੁਸਾਰ ਉਹ ਅਠਵੇਂ ਦਿਨ ਬੱਚੇ ਦੀ ਸੁੰਨਤ ਕਰਨ ਲਈ ਆਏ । ਉਹ ਬੱਚੇ ਦੇ ਪਿਤਾ ਦੇ ਨਾਂ ਉੱਤੇ ਉਸ ਦਾ ਨਾਂ ਜ਼ਕਰਯਾਹ ਰੱਖਣ ਲੱਗੇ । 60 ਪਰ ਇਲੀਸਬਤ ਨੇ ਕਿਹਾ, “ਨਹੀਂ, ਬੱਚੇ ਦਾ ਨਾਂ ਯੂਹੰਨਾ ਰੱਖਿਆ ਜਾਵੇਗਾ ।” 61 ਲੋਕਾਂ ਨੇ ਇਲੀਸਬਤ ਨੂੰ ਕਿਹਾ, “ਤੁਹਾਡੇ ਰਿਸ਼ਤੇਦਾਰਾਂ ਵਿੱਚੋਂ ਕਿਸੇ ਦਾ ਵੀ ਨਾਂ ਯੂਹੰਨਾ ਨਹੀਂ ਹੈ ।” 62 ਫਿਰ ਉਹਨਾਂ ਨੇ ਇਸ਼ਾਰੇ ਨਾਲ ਬੱਚੇ ਦੇ ਪਿਤਾ ਜ਼ਕਰਯਾਹ ਤੋਂ ਪੁੱਛਿਆ ਕਿ ਉਹ ਆਪਣੇ ਬੱਚੇ ਦਾ ਕੀ ਨਾਂ ਰੱਖਣਾ ਚਾਹੁੰਦਾ ਹੈ । 63 ਜ਼ਕਰਯਾਹ ਨੇ ਲਿਖਣ ਵਾਲੀ ਫੱਟੀ ਮੰਗਵਾਈ ਅਤੇ ਉਸ ਉੱਤੇ ਲਿਖ ਦਿੱਤਾ, “ਬੱਚੇ ਦਾ ਨਾਂ ਯੂਹੰਨਾ ਹੈ ।” ਤਦ ਸਾਰੇ ਲੋਕ ਹੈਰਾਨ ਰਹਿ ਗਏ । 64 ਇਕਦਮ ਜ਼ਕਰਯਾਹ ਦਾ ਮੂੰਹ ਅਤੇ ਜੀਭ ਖੁੱਲ੍ਹ ਗਏ ਅਤੇ ਉਹ ਪਰਮੇਸ਼ਰ ਦੀ ਉਸਤਤ ਕਰਨ ਲੱਗਾ । 65 ਸਾਰੇ ਗੁਆਂਢੀ ਡਰ ਗਏ । ਇਹਨਾਂ ਗੱਲਾਂ ਦੀ ਚਰਚਾ ਯਹੂਦਿਯਾ ਦੇ ਸਾਰੇ ਪਹਾੜੀ ਇਲਾਕੇ ਵਿੱਚ ਹੋਣ ਲੱਗੀ । 66 ਜਿਹੜਾ ਵੀ ਇਹਨਾਂ ਗੱਲਾਂ ਨੂੰ ਸੁਣਦਾ ਸੀ, ਉਹ ਇਹਨਾਂ ਨੂੰ ਆਪਣੇ ਦਿਲ ਵਿੱਚ ਰੱਖ ਕੇ ਸੋਚਦਾ ਅਤੇ ਕਹਿੰਦਾ ਸੀ, “ਪਤਾ ਨਹੀਂ ਇਹ ਬੱਚਾ ਵੱਡਾ ਹੋ ਕੇ ਕੀ ਬਣੇਗਾ ?” ਕਿਉਂਕਿ ਪ੍ਰਭੂ ਦਾ ਹੱਥ ਉਸ ਉੱਤੇ ਸੀ । ਜ਼ਕਰਯਾਹ ਦੀ ਭਵਿੱਖਬਾਣੀ 67 ਬੱਚੇ ਦਾ ਪਿਤਾ ਜ਼ਕਰਯਾਹ ਪਵਿੱਤਰ ਆਤਮਾ ਨਾਲ ਭਰ ਗਿਆ । ਉਸ ਨੇ ਇਹ ਭਵਿੱਖਬਾਣੀ ਕੀਤੀ, 68 “ਇਸਰਾਏਲ ਦੇ ਪਰਮੇਸ਼ਰ ਦੀ ਮਹਿਮਾ ਕਰੋ । ਕਿਉਂਕਿ ਉਹਨਾਂ ਨੇ ਆਪਣੇ ਲੋਕਾਂ ਵੱਲ ਧਿਆਨ ਕੀਤਾ ਹੈ, ਅਤੇ ਉਹਨਾਂ ਨੂੰ ਮੁਕਤੀ ਦਿੱਤੀ ਹੈ । 69 ਉਹਨਾਂ ਨੇ ਸਾਡੇ ਲਈ ਆਪਣੇ ਸੇਵਕ ਦਾਊਦ ਦੀ ਕੁਲ ਵਿੱਚੋਂ ਇੱਕ ਮੁਕਤੀਦਾਤਾ ਪੈਦਾ ਕੀਤਾ ਹੈ । 70 ਉਹਨਾਂ ਨੇ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੀ ਆਪਣੇ ਨਬੀਆਂ ਦੇ ਰਾਹੀਂ ਇਹ ਕਿਹਾ ਸੀ, 71 ਉਹ ਸਾਡੇ ਵੈਰੀਆਂ ਤੋਂ ਸਾਨੂੰ ਬਚਾਉਣਗੇ ਅਤੇ ਨਫ਼ਰਤ ਕਰਨ ਵਾਲਿਆਂ ਤੋਂ ਸਾਨੂੰ ਛੁਟਕਾਰਾ ਦੇਣਗੇ । 72 ਉਹ ਸਾਡੇ ਪੁਰਖਿਆਂ ਉੱਤੇ ਦਇਆ ਕਰਨਗੇ ਅਤੇ ਆਪਣੇ ਪਵਿੱਤਰ ਨੇਮ ਨੂੰ ਯਾਦ ਰੱਖਣਗੇ । 73 ਉਹਨਾਂ ਨੇ ਸਾਡੇ ਪੁਰਖੇ ਅਬਰਾਹਾਮ ਨਾਲ ਇਹ ਵਾਅਦਾ ਕੀਤਾ ਸੀ 74 ਕਿ ਉਹ ਸਾਨੂੰ ਸਾਡੇ ਵੈਰੀਆਂ ਦੇ ਹੱਥੋਂ ਛੁਟਕਾਰਾ ਦੇਣਗੇ ਤਾਂ ਜੋ ਅਸੀਂ ਨਿਡਰ ਹੋ ਕੇ 75 ਜੀਵਨ ਭਰ ਉਹਨਾਂ ਦੀ ਭਗਤੀ ਪਵਿੱਤਰਤਾ ਅਤੇ ਸੱਚਾਈ ਨਾਲ ਕਰੀਏ । 76 ਹੇ ਮੇਰੇ ਬੱਚੇ, ਤੂੰ ਪਰਮ ਪ੍ਰਧਾਨ ਪਰਮੇਸ਼ਰ ਦਾ ਨਬੀ ਅਖਵਾਏਂਗਾ । ਤੂੰ ਪ੍ਰਭੂ ਦਾ ਰਾਹ ਤਿਆਰ ਕਰਨ ਦੇ ਲਈ ਉਹਨਾਂ ਦੇ ਅੱਗੇ ਜਾਵੇਂਗਾ । 77 ਤੂੰ ਪ੍ਰਭੂ ਦੇ ਲੋਕਾਂ ਨੂੰ ਪਾਪ ਦੀ ਮਾਫ਼ੀ ਅਤੇ ਮੁਕਤੀ ਦੀ ਸਿੱਖਿਆ ਦੇਵੇਂਗਾ 78 ਕਿਉਂਕਿ ਸਾਡੇ ਪਰਮੇਸ਼ਰ ਦਿਆਲੂ ਅਤੇ ਕਿਰਪਾਲੂ ਹਨ, ਉਹ ਸਾਡੇ ਉੱਤੇ, ਸਵਰਗ ਤੋਂ ਮੁਕਤੀ ਦਾ ਚਾਨਣ ਕਰਨਗੇ 79 ਤਾਂ ਜੋ ਹਨੇਰੇ ਅਤੇ ਮੌਤ ਦੀ ਛਾਂ ਹੇਠਾਂ ਰਹਿਣ ਵਾਲਿਆਂ ਨੂੰ ਚਾਨਣ ਦੇਣ ਅਤੇ ਸਾਨੂੰ ਸ਼ਾਂਤੀ ਦੇ ਰਾਹ ਉੱਤੇ ਲੈ ਜਾਣ ।” 80 ਉਹ ਬੱਚਾ ਸਰੀਰਕ ਅਤੇ ਆਤਮਿਕ ਤੌਰ ਤੇ ਵੱਧਦਾ ਗਿਆ । ਉਹ ਇਸਰਾਏਲ ਦੇ ਲੋਕਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਉਜਾੜ ਵਿੱਚ ਰਿਹਾ । |
Punjabi Common Language (North American Version):
Text © 2021 Canadian Bible Society and Bible Society of India
Bible Society of India