ਯਾਕੂਬ 1 - ਪਵਿੱਤਰ ਬਾਈਬਲ (Revised Common Language North American Edition)1 ਯਾਕੂਬ ਦੇ ਵੱਲੋਂ, ਜਿਹੜਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਦਾ ਸੇਵਕ ਹੈ, ਉਹਨਾਂ ਬਾਰ੍ਹਾਂ ਕਬੀਲਿਆਂ ਨੂੰ ਜਿਹੜੇ ਸਾਰੇ ਸੰਸਾਰ ਵਿੱਚ ਖਿੱਲਰੇ ਹੋਏ ਹਨ, ਨਮਸਕਾਰ । ਵਿਸ਼ਵਾਸ ਅਤੇ ਬੁੱਧ 2 ਮੇਰੇ ਭਰਾਵੋ ਅਤੇ ਭੈਣੋ, ਜਦੋਂ ਤੁਹਾਡੇ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਪਰੀਖਿਆਵਾਂ ਆਉਣ ਤਾਂ ਤੁਸੀਂ ਉਹਨਾਂ ਨੂੰ ਅਨੰਦ ਦਾ ਕਾਰਨ ਸਮਝੋ । 3 ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਵਿਸ਼ਵਾਸ ਦਾ ਪਰਖਿਆ ਜਾਣਾ ਧੀਰਜ ਨੂੰ ਪੈਦਾ ਕਰਦਾ ਹੈ । 4 ਕੰਮ ਪੂਰਾ ਹੋਣ ਦੇ ਅੰਤ ਤੱਕ ਧੀਰਜ ਕਰੋ ਤਾਂ ਜੋ ਤੁਸੀਂ ਸੰਪੂਰਨ ਅਤੇ ਸਿੱਧ ਬਣੋ ਅਤੇ ਕਿਸੇ ਤਰ੍ਹਾਂ ਘੱਟ ਨਾ ਹੋਵੋ । 5 ਜੇਕਰ ਤੁਹਾਡੇ ਵਿੱਚੋਂ ਕਿਸੇ ਦੇ ਕੋਲ ਬੁੱਧ ਦੀ ਘਾਟ ਹੈ ਤਾਂ ਉਹ ਪਰਮੇਸ਼ਰ ਦੇ ਕੋਲੋਂ ਮੰਗੇ ਜਿਹੜੇ ਸਾਰਿਆਂ ਨੂੰ ਬਿਨਾਂ ਝਿੜਕੇ, ਖੁੱਲ੍ਹੇ ਦਿਲ ਦੇ ਨਾਲ ਦਿੰਦੇ ਹਨ ਅਤੇ ਉਹ ਤੁਹਾਨੂੰ ਮਿਲ ਜਾਵੇਗੀ । 6 ਪਰ ਜਦੋਂ ਕੋਈ ਮੰਗੇ ਤਾਂ ਉਹ ਵਿਸ਼ਵਾਸ ਦੇ ਨਾਲ, ਬਿਨਾਂ ਸ਼ੱਕ ਦੇ ਮੰਗੇ ਕਿਉਂਕਿ ਸ਼ੱਕ ਕਰਨ ਵਾਲਾ ਸਮੁੰਦਰ ਦੀ ਲਹਿਰ ਵਰਗਾ ਹੈ ਜਿਸ ਨੂੰ ਹਵਾ ਉਡਾਉਂਦੀ ਅਤੇ ਉਛਾਲਦੀ ਹੈ । 7 ਅਜਿਹਾ ਮਨੁੱਖ ਇਹ ਨਾ ਸੋਚੇ ਕਿ ਉਸ ਨੂੰ ਪਰਮੇਸ਼ਰ ਦੇ ਕੋਲੋਂ ਕੁਝ ਮਿਲੇਗਾ 8 ਕਿਉਂਕਿ ਉਹ ਦੁਚਿੱਤਾ ਅਤੇ ਆਪਣੀਆਂ ਸਾਰੀਆਂ ਗੱਲਾਂ ਵਿੱਚ ਡਾਵਾਂਡੋਲ ਹੁੰਦਾ ਹੈ । ਗ਼ਰੀਬੀ ਅਤੇ ਅਮੀਰੀ 9 ਜੇਕਰ ਗਰੀਬ ਵਿਸ਼ਵਾਸੀ ਨੂੰ ਪਰਮੇਸ਼ਰ ਉੱਚਾ ਕਰਦੇ ਹਨ ਤਾਂ ਉਹ ਇਸ ਉੱਤੇ ਮਾਣ ਕਰੇ । 10 ਇਸੇ ਤਰ੍ਹਾਂ ਜੇਕਰ ਪਰਮੇਸ਼ਰ ਕਿਸੇ ਅਮੀਰ ਨੂੰ ਨੀਵਾਂ ਕਰਦੇ ਹਨ ਤਾਂ ਉਹ ਇਸ ਉੱਤੇ ਮਾਣ ਕਰੇ ਕਿਉਂਕਿ ਉਹ ਜੰਗਲੀ ਫੁੱਲ ਦੀ ਤਰ੍ਹਾਂ ਮੁਰਝਾ ਜਾਵੇਗਾ । 11 ਚੜ੍ਹਦੇ ਸੂਰਜ ਦੇ ਸੇਕ ਦੇ ਨਾਲ ਪੌਦੇ ਮੁਰਝਾ ਜਾਂਦੇ ਹਨ, ਉਹਨਾਂ ਦੇ ਫੁੱਲ ਡਿੱਗ ਪੈਂਦੇ ਹਨ ਅਤੇ ਉਹਨਾਂ ਦੀ ਸੁੰਦਰਤਾ ਖ਼ਤਮ ਹੋ ਜਾਂਦੀ ਹੈ । ਇਸੇ ਤਰ੍ਹਾਂ ਅਮੀਰ ਆਦਮੀ ਵੀ ਆਪਣੇ ਕੰਮਾਂ ਵਿੱਚ ਰੁੱਝਿਆ ਹੋਇਆ ਖ਼ਤਮ ਹੋ ਜਾਵੇਗਾ । ਪਰੀਖਿਆ ਅਤੇ ਪਰਤਾਵਾ 12 ਧੰਨ ਉਹ ਮਨੁੱਖ ਹੈ ਜਿਹੜਾ ਪਰਤਾਵੇ ਵਿੱਚ ਸਥਿਰ ਰਹਿੰਦਾ ਹੈ ਕਿਉਂਕਿ ਜਦੋਂ ਉਹ ਪਰੀਖਿਆ ਵਿੱਚ ਖਰਾ ਨਿਕਲਦਾ ਹੈ ਤਾਂ ਉਹ ਜੀਵਨ ਦਾ ਮੁਕਟ ਪ੍ਰਾਪਤ ਕਰੇਗਾ ਜਿਸ ਦਾ ਵਾਅਦਾ ਪਰਮੇਸ਼ਰ ਨੇ ਆਪਣੇ ਪਿਆਰ ਕਰਨ ਵਾਲਿਆਂ ਦੇ ਨਾਲ ਕੀਤਾ ਹੈ । 13 ਜਦੋਂ ਕੋਈ ਪਰਤਾਇਆ ਜਾਵੇ, ਉਹ ਇਹ ਨਾ ਕਹੇ, “ਪਰਮੇਸ਼ਰ ਮੈਨੂੰ ਪਰਤਾ ਰਹੇ ਹਨ,” ਕਿਉਂਕਿ ਪਰਮੇਸ਼ਰ ਬੁਰਾਈ ਦੇ ਰਾਹੀਂ ਨਹੀਂ ਪਰਤਾਏ ਜਾ ਸਕਦੇ ਅਤੇ ਨਾ ਹੀ ਉਹ ਆਪ ਕਿਸੇ ਨੂੰ ਪਰਤਾਉਂਦੇ ਹਨ 14 ਸਗੋਂ ਹਰ ਕੋਈ ਆਪਣੀਆਂ ਬੁਰੀਆਂ ਇੱਛਾਵਾਂ ਦੇ ਰਾਹੀਂ ਪਰਤਾਇਆ ਜਾਂਦਾ ਹੈ ਜਿਹੜੀਆਂ ਉਸ ਨੂੰ ਭਰਮਾ ਕੇ ਮੋਹ ਜਾਲ ਵਿੱਚ ਫਸਾ ਦਿੰਦੀਆਂ ਹਨ । 15 ਤਦ ਇੱਛਾ ਗਰਭਵਤੀ ਹੋ ਕੇ ਪਾਪ ਨੂੰ ਜਨਮ ਦਿੰਦੀ ਹੈ ਅਤੇ ਪਾਪ ਵੱਡਾ ਹੋ ਕੇ ਮੌਤ ਨੂੰ ਜਨਮ ਦਿੰਦਾ ਹੈ । 16 ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਧੋਖਾ ਨਾ ਖਾਓ । 17 ਹਰ ਉੱਤਮ ਅਤੇ ਸੰਪੂਰਨ ਵਰਦਾਨ ਉਪਰੋਂ ਪਿਤਾ ਪਰਮੇਸ਼ਰ ਦੇ ਕੋਲੋਂ ਆਉਂਦਾ ਹੈ ਜਿਹੜੇ ਸਾਰੇ ਸਵਰਗੀ ਪ੍ਰਕਾਸ਼ਾਂ ਦੇ ਸਿਰਜਣਹਾਰ ਹਨ, ਜਿਹੜੇ ਪਰਛਾਵੇਂ ਦੇ ਵਾਂਗ ਬਦਲਦੇ ਨਹੀਂ । 18 ਉਹਨਾਂ ਨੇ ਸਾਨੂੰ ਆਪਣੀ ਇੱਛਾ ਦੇ ਨਾਲ ਆਪਣੇ ਸੱਚ ਦੇ ਸੰਦੇਸ਼ ਦੇ ਰਾਹੀਂ ਜਨਮ ਦਿੱਤਾ ਹੈ ਕਿ ਅਸੀਂ ਉਹਨਾਂ ਦੀ ਸਾਰੀ ਰਚਨਾ ਦੇ ਪਹਿਲੇ ਫਲ ਦੇ ਵਾਂਗ ਹੋਈਏ । ਸੁਣਨਾ ਅਤੇ ਕਰਨਾ 19 ਮੇਰੇ ਭਰਾਵੋ ਅਤੇ ਭੈਣੋ, ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਹਰ ਕੋਈ ਸੁਣਨ ਵਿੱਚ ਚੁਸਤ, ਬੋਲਣ ਵਿੱਚ ਧੀਮਾ ਅਤੇ ਗੁੱਸਾ ਕਰਨ ਵਿੱਚ ਧੀਮਾ ਹੋਵੇ । 20 ਕਿਉਂਕਿ ਮਨੁੱਖ ਦਾ ਗੁੱਸਾ ਪਰਮੇਸ਼ਰ ਦੀ ਨੇਕੀ ਨਹੀਂ ਪੈਦਾ ਕਰਦਾ । 21 ਇਸ ਲਈ ਹਰ ਤਰ੍ਹਾਂ ਦੀ ਨੈਤਿਕ ਗੰਦਗੀ ਅਤੇ ਹਰ ਤਰ੍ਹਾਂ ਦੀ ਦੁਸ਼ਟਤਾ ਨੂੰ ਦੂਰ ਕਰੋ ਅਤੇ ਨਿਮਰਤਾ ਦੇ ਨਾਲ ਪਰਮੇਸ਼ਰ ਦਾ ਵਚਨ ਸਵੀਕਾਰ ਕਰੋ, ਜਿਹੜਾ ਤੁਹਾਡੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਜਿਹੜਾ ਤੁਹਾਨੂੰ ਮੁਕਤੀ ਦੇ ਸਕਦਾ ਹੈ । 22 ਵਚਨ ਦੇ ਉੱਤੇ ਚੱਲਣ ਵਾਲੇ ਬਣੋ ਨਾ ਕੇਵਲ ਸੁਣ ਕੇ ਆਪਣੇ ਆਪ ਨੂੰ ਧੋਖਾ ਦੇਣ ਵਾਲੇ ਬਣੋ । 23 ਕਿਉਂਕਿ ਜੇ ਕੋਈ ਵਚਨ ਨੂੰ ਕੇਵਲ ਸੁਣਦਾ ਹੀ ਹੈ ਪਰ ਇਸ ਦੀ ਪਾਲਣਾ ਨਹੀਂ ਕਰਦਾ, ਉਹ ਉਸ ਮਨੁੱਖ ਦੀ ਤਰ੍ਹਾਂ ਹੈ ਜਿਹੜਾ ਸ਼ੀਸ਼ੇ ਵਿੱਚ ਆਪਣੇ ਚਿਹਰੇ ਨੂੰ ਦੇਖਦਾ ਹੈ । 24 ਉਹ ਆਪਣੇ ਆਪ ਨੂੰ ਦੇਖਣ ਦੇ ਬਾਅਦ ਚਲਾ ਜਾਂਦਾ ਹੈ ਅਤੇ ਉਸੇ ਸਮੇਂ ਭੁੱਲ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਸੀ । 25 ਪਰ ਜਿਹੜਾ ਕੋਈ ਸੰਪੂਰਨ ਵਿਵਸਥਾ ਨੂੰ ਧਿਆਨ ਦੇ ਨਾਲ ਦੇਖਦਾ ਰਹਿੰਦਾ ਹੈ ਜਿਹੜੀ ਆਜ਼ਾਦ ਕਰਦੀ ਹੈ ਅਤੇ ਜਿਹੜਾ ਹਮੇਸ਼ਾ ਉਸ ਦੀ ਪਾਲਣਾ ਕਰਦਾ ਹੈ, ਉਸ ਨੇ ਜੋ ਸੁਣਿਆ ਹੈ ਉਹ ਭੁੱਲਦਾ ਨਹੀਂ, ਪਰ ਉਸ ਦੇ ਅਨੁਸਾਰ ਚੱਲਦਾ ਹੈ, ਉਹ ਆਪਣੇ ਹਰ ਕੰਮ ਵਿੱਚ ਧੰਨ ਹੋਵੇਗਾ । 26 ਜੇ ਕੋਈ ਆਪਣੇ ਆਪ ਨੂੰ ਨੇਕ ਸਮਝੇ ਪਰ ਉਹ ਆਪਣੀ ਜੀਭ ਦੇ ਉੱਤੇ ਕਾਬੂ ਨਾ ਰੱਖੇ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਅਤੇ ਉਸ ਦੀ ਨੇਕੀ ਵਿਅਰਥ ਹੈ । 27 ਸਾਡੇ ਪਰਮੇਸ਼ਰ ਪਿਤਾ ਦੀਆਂ ਨਜ਼ਰਾਂ ਵਿੱਚ ਸ਼ੁੱਧ ਅਤੇ ਨਿਹਕਲੰਕ ਨੇਕੀ ਇਹ ਹੈ ਕਿ ਅਨਾਥਾਂ ਅਤੇ ਵਿਧਵਾਵਾਂ ਦੀ ਉਹਨਾਂ ਦੇ ਦੁੱਖ ਦੇ ਵਿੱਚ ਮਦਦ ਕਰਨਾ ਅਤੇ ਆਪਣੇ ਆਪ ਨੂੰ ਸੰਸਾਰ ਤੋਂ ਭ੍ਰਿਸ਼ਟ ਨਾ ਹੋਣ ਦੇਣਾ । |
Punjabi Common Language (North American Version):
Text © 2021 Canadian Bible Society and Bible Society of India
Bible Society of India