ਇਬਰਾਨੀ 1 - ਪਵਿੱਤਰ ਬਾਈਬਲ (Revised Common Language North American Edition)1 ਪਰਮੇਸ਼ਰ ਨੇ ਪੁਰਾਣੇ ਸਮੇਂ ਵਿੱਚ ਸਾਡੇ ਪੁਰਖਿਆਂ ਦੇ ਨਾਲ ਕਈ ਵਾਰ ਅਤੇ ਕਈ ਵੱਖ-ਵੱਖ ਢੰਗਾਂ ਦੇ ਨਾਲ ਨਬੀਆਂ ਦੇ ਦੁਆਰਾ ਗੱਲ ਕੀਤੀ 2 ਪਰ ਇਹਨਾਂ ਅੰਤਮ ਦਿਨਾਂ ਵਿੱਚ ਉਹਨਾਂ ਨੇ ਸਾਡੇ ਨਾਲ ਆਪਣੇ ਪੁੱਤਰ ਦੇ ਦੁਆਰਾ ਗੱਲ ਕੀਤੀ ਜਿਹਨਾਂ ਨੂੰ ਪਰਮੇਸ਼ਰ ਨੇ ਸਾਰੇ ਸੰਸਾਰ ਦਾ ਵਾਰਿਸ ਠਹਿਰਾਇਆ ਹੈ ਅਤੇ ਜਿਹਨਾਂ ਦੀ ਮਹਿਮਾ ਦੇ ਦੁਆਰਾ ਉਹਨਾਂ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ । 3 ਉਹ ਪਰਮੇਸ਼ਰ ਦੀ ਮਹਿਮਾ ਦੇ ਤੇਜ ਅਤੇ ਉਹਨਾਂ ਦੇ ਤੱਤ ਦਾ ਪ੍ਰਗਟਾਵਾ ਹਨ । ਉਹ ਹੀ ਆਪਣੇ ਸ਼ਕਤੀਸ਼ਾਲੀ ਸ਼ਬਦਾਂ ਦੇ ਦੁਆਰਾ ਸਾਰੀ ਸ੍ਰਿਸ਼ਟੀ ਨੂੰ ਸੰਭਾਲਦੇ ਹਨ । ਉਹ ਪਾਪਾਂ ਨੂੰ ਸ਼ੁੱਧ ਕਰ ਕੇ ਪਰਮ ਪ੍ਰਧਾਨ ਦੇ ਸੱਜੇ ਹੱਥ ਸਵਰਗ ਵਿੱਚ ਵਿਰਾਜਮਾਨ ਹਨ । ਪਰਮੇਸ਼ਰ ਦੇ ਪੁੱਤਰ ਦੀ ਮਹਾਨਤਾ 4 ਇਸ ਤਰ੍ਹਾਂ ਪੁੱਤਰ ਸਵਰਗਦੂਤਾਂ ਤੋਂ ਵੀ ਉੱਚੇ ਠਹਿਰਾਏ ਗਏ, ਇੱਥੋਂ ਤੱਕ ਕਿ ਉਹਨਾਂ ਨੇ ਸਵਰਗਦੂਤਾਂ ਨਾਲੋਂ ਉੱਚਾ ਨਾਮ ਪ੍ਰਾਪਤ ਕੀਤਾ 5 ਕਿਉਂਕਿ ਪਰਮੇਸ਼ਰ ਨੇ ਕਦੀ ਵੀ ਕਿਸੇ ਸਵਰਗਦੂਤ ਨੂੰ ਇਸ ਤਰ੍ਹਾਂ ਨਹੀਂ ਕਿਹਾ, “ਤੂੰ ਮੇਰਾ ਪੁੱਤਰ ਹੈਂ, ਅੱਜ ਮੈਂ ਤੇਰਾ ਪਿਤਾ ਬਣਿਆ ਹਾਂ ।” ਜਾਂ ਫਿਰ, “ਮੈਂ ਉਸ ਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ ।” 6 ਫਿਰ ਉਹਨਾਂ ਨੇ ਆਪਣੇ ਜੇਠੇ ਪੁੱਤਰ ਨੂੰ ਸੰਸਾਰ ਵਿੱਚ ਭੇਜਦੇ ਸਮੇਂ ਕਿਹਾ, “ਪਰਮੇਸ਼ਰ ਦੇ ਸਾਰੇ ਸਵਰਗਦੂਤ ਉਸ ਦੀ ਭਗਤੀ ਕਰਨ ।” 7 ਆਪਣੇ ਸਵਰਗਦੂਤਾਂ ਦੇ ਬਾਰੇ ਉਹਨਾਂ ਨੇ ਕਿਹਾ, “ਉਹ ਆਪਣੇ ਸਵਰਗਦੂਤਾਂ ਨੂੰ ਹਵਾਵਾਂ ਬਣਾਉਂਦੇ ਹਨ ਅਤੇ ਆਪਣੇ ਸੇਵਕਾਂ ਨੂੰ ਅੱਗ ਦੀਆਂ ਲਾਟਾਂ ।” 8 ਪਰ ਪੁੱਤਰ ਦੇ ਬਾਰੇ ਉਹ ਇਸ ਤਰ੍ਹਾਂ ਕਹਿੰਦੇ ਹਨ, “ਹੇ ਪਰਮੇਸ਼ਰ, ਤੁਹਾਡਾ ਸਿੰਘਾਸਣ ਅਨੰਤਕਾਲ ਤੱਕ ਸਥਿਰ ਰਹੇਗਾ, ਤੁਸੀਂ ਆਪਣੇ ਲੋਕਾਂ ਉੱਤੇ ਨਿਆਂ ਨਾਲ ਰਾਜ ਕਰਦੇ ਹੋ । 9 ਤੁਸੀਂ ਨੇਕੀ ਦੇ ਨਾਲ ਪਿਆਰ ਕੀਤਾ, ਅਤੇ ਦੁਸ਼ਟਤਾ ਦੇ ਨਾਲ ਵੈਰ ਕੀਤਾ ਹੈ । ਇਸੇ ਲਈ ਪਰਮੇਸ਼ਰ, ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਤੁਹਾਡੇ ਸਾਥੀਆਂ ਤੋਂ ਵੱਧ ਕੇ ਚੁਣਿਆ ਹੈ ਅਤੇ ਅਨੰਦ ਦੇ ਤੇਲ ਦੇ ਨਾਲ ਤੁਹਾਡਾ ਮਸਹ ਕੀਤਾ ਹੈ ।” 10 ਉਹਨਾਂ ਨੇ ਇਹ ਵੀ ਕਿਹਾ, “ਹੇ ਪ੍ਰਭੂ, ਆਦਿ ਵਿੱਚ ਤੁਸੀਂ ਧਰਤੀ ਦੀ ਨੀਂਹ ਰੱਖੀ ਹੈ, ਤੁਹਾਡੇ ਹੱਥਾਂ ਦੁਆਰਾ ਅਕਾਸ਼ ਦੀ ਰਚਨਾ ਹੋਈ ਹੈ । 11 ਉਹ ਖ਼ਤਮ ਹੋ ਜਾਣਗੇ ਪਰ ਤੁਸੀਂ ਅਟੱਲ ਰਹੋਗੇ, ਉਹ ਕੱਪੜੇ ਦੀ ਤਰ੍ਹਾਂ ਪੁਰਾਣੇ ਹੋ ਜਾਣਗੇ । 12 ਤੁਸੀਂ ਉਹਨਾਂ ਨੂੰ ਚਾਦਰ ਦੀ ਤਰ੍ਹਾਂ ਲਪੇਟ ਦੇਵੋਗੇ, ਉਹ ਕੱਪੜੇ ਦੀ ਤਰ੍ਹਾਂ ਬਦਲ ਜਾਣਗੇ, ਪਰ ਤੁਸੀਂ ਹਮੇਸ਼ਾ ਇੱਕੋ ਜਿਹੇ ਰਹਿੰਦੇ ਹੋ, ਤੁਹਾਡੇ ਜੀਵਨ ਦਾ ਅੰਤ ਨਹੀਂ ਹੋਵੇਗਾ ।” 13 ਪਰਮੇਸ਼ਰ ਨੇ ਆਪਣੇ ਕਿਸੇ ਵੀ ਸਵਰਗਦੂਤ ਨੂੰ ਇਸ ਤਰ੍ਹਾਂ ਨਹੀਂ ਕਿਹਾ, “ਮੇਰੇ ਸੱਜੇ ਹੱਥ ਬੈਠ, ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦੇਵਾਂ ।” 14 ਇਸ ਤਰ੍ਹਾਂ ਇਹ ਸਾਰੇ ਸਵਰਗਦੂਤ ਪਰਮੇਸ਼ਰ ਦੀਆਂ ਸੇਵਕ ਆਤਮਾਵਾਂ ਹਨ ਜਿਹੜੀਆਂ ਉਹਨਾਂ ਲੋਕਾਂ ਦੀ ਮਦਦ ਦੇ ਲਈ ਭੇਜੀਆਂ ਜਾਂਦੀਆਂ ਹਨ ਜਿਹੜੇ ਮੁਕਤੀ ਪ੍ਰਾਪਤ ਕਰਨਗੇ । |
Punjabi Common Language (North American Version):
Text © 2021 Canadian Bible Society and Bible Society of India
Bible Society of India