Aanlyn Bybel

- Advertensies -

ਅਫ਼ਸੁਸ 4 - ਪਵਿੱਤਰ ਬਾਈਬਲ (Revised Common Language North American Edition)


ਮਸੀਹ ਵਿੱਚ ਸਰੀਰ ਦੀ ਏਕਤਾ

1 ਇਸ ਲਈ ਮੈਂ ਪ੍ਰਭੂ ਦਾ ਕੈਦੀ ਹੁੰਦੇ ਹੋਏ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਪਰਮੇਸ਼ਰ ਵੱਲੋਂ ਮਿਲੇ ਸੱਦੇ ਦੇ ਯੋਗ ਜੀਵਨ ਬਤੀਤ ਕਰੋ ।

2 ਹਮੇਸ਼ਾ ਨਿਮਰ, ਕੋਮਲ ਅਤੇ ਧੀਰਜਵਾਨ ਬਣੋ । ਪਿਆਰ ਨਾਲ ਇੱਕ ਦੂਜੇ ਨਾਲ ਸਹਿਣਸ਼ੀਲ ਰਹੋ ।

3 ਸ਼ਾਂਤੀ ਦੁਆਰਾ ਮੇਲ ਮਿਲਾਪ ਦੇ ਰਾਹੀਂ ਆਤਮਾ ਦੀ ਏਕਤਾ ਨੂੰ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕਰੋ ।

4 ਇੱਕ ਹੀ ਸਰੀਰ ਹੈ ਅਤੇ ਇੱਕ ਹੀ ਆਤਮਾ ਹੈ, ਜਿਸ ਤਰ੍ਹਾਂ ਉਮੀਦ ਇੱਕ ਹੈ ਜਿਸ ਦੇ ਲਈ ਪਰਮੇਸ਼ਰ ਨੇ ਤੁਹਾਨੂੰ ਸੱਦਿਆ ਹੈ ।

5 ਇੱਕ ਹੀ ਪ੍ਰਭੂ, ਇੱਕ ਹੀ ਵਿਸ਼ਵਾਸ, ਇੱਕ ਹੀ ਬਪਤਿਸਮਾ ਹੈ,

6 ਇੱਕ ਹੀ ਪਰਮੇਸ਼ਰ ਹਨ ਜਿਹੜੇ ਸਾਰਿਆਂ ਦੇ ਪਿਤਾ ਹਨ । ਉਹ ਹੀ ਸਾਰਿਆਂ ਦੇ ਉੱਪਰ ਰਾਜ ਕਰਦੇ ਹਨ ਜਿਹੜੇ ਸਾਰਿਆਂ ਦੇ ਰਾਹੀਂ ਕੰਮ ਕਰਦੇ ਅਤੇ ਸਾਰਿਆਂ ਦੇ ਵਿੱਚ ਵਾਸ ਕਰਦੇ ਹਨ ।

7 ਮਸੀਹ ਨੇ ਸਾਨੂੰ ਹਰ ਇੱਕ ਨੂੰ ਆਪਣੇ ਮਾਪ ਦੇ ਅਨੁਸਾਰ ਕਿਰਪਾ ਦਾ ਵਰਦਾਨ ਦਿੱਤਾ ਹੈ ।

8 ਇਸੇ ਲਈ ਪਵਿੱਤਰ-ਗ੍ਰੰਥ ਕਹਿੰਦਾ ਹੈ, “ਜਦੋਂ ਉਹ ਉਚਾਈਆਂ ਉੱਤੇ ਚੜ੍ਹ ਗਏ, ਤਾਂ ਉਹ ਆਪਣੇ ਨਾਲ ਬੰਦੀਆਂ ਨੂੰ ਲੈ ਗਏ, ਉਹਨਾਂ ਨੇ ਮਨੁੱਖਾਂ ਨੂੰ ਵਰਦਾਨ ਦਿੱਤੇ ।”

9 “ਉਚਾਈਆਂ ਉੱਤੇ ਚੜ੍ਹ ਗਏ,” ਦਾ ਕੀ ਅਰਥ ਹੈ ? ਇਸ ਦਾ ਅਰਥ ਇਹ ਹੈ ਕਿ ਉਹ ਪਹਿਲਾਂ ਪਤਾਲ ਵਿੱਚ ਗਏ ।

10 ਇਸ ਲਈ ਕਿ ਜਿਹੜੇ ਹੇਠਾਂ ਗਏ, ਉਹ ਹੀ ਹਨ ਜਿਹੜੇ ਸਭ ਅਕਾਸ਼ਾਂ ਤੋਂ ਵੀ ਉੱਪਰ ਗਏ ਕਿ ਉਹ ਸਾਰੀ ਸ੍ਰਿਸ਼ਟੀ ਨੂੰ ਸੰਪੂਰਨ ਕਰਨ ।

11 ਉਹਨਾਂ ਨੇ ਸਾਰਿਆਂ ਨੂੰ ਵੱਖ-ਵੱਖ ਵਰਦਾਨ ਦਿੱਤੇ, ਕੁਝ ਨੂੰ ਰਸੂਲ, ਕੁਝ ਨੂੰ ਨਬੀ, ਕੁਝ ਨੂੰ ਸ਼ੁਭ ਸਮਾਚਾਰ ਦੇ ਪ੍ਰਚਾਰਕ, ਕੁਝ ਨੂੰ ਪਾਸਬਾਨ ਅਤੇ ਕੁਝ ਨੂੰ ਸਿੱਖਿਅਕ ਹੋਣ ਦੇ ਲਈ ਨਿਯੁਕਤ ਕੀਤਾ ।

12 ਉਹਨਾਂ ਨੇ ਇਹ ਸਾਰੇ ਵਰਦਾਨ ਇਸ ਲਈ ਦਿੱਤੇ ਕਿ ਉਹ ਪਰਮੇਸ਼ਰ ਦੇ ਸਾਰੇ ਲੋਕਾਂ ਨੂੰ ਸੇਵਾ ਦੇ ਲਈ ਤਿਆਰ ਕਰਨ, ਜਿਸ ਨਾਲ ਮਸੀਹ ਦੇ ਸਰੀਰ ਦੀ ਉਸਾਰੀ ਹੋਵੇ

13 ਜਦੋਂ ਤੱਕ ਕਿ ਅਸੀਂ ਸਾਰੇ ਉਸ ਏਕਤਾ ਨੂੰ ਪ੍ਰਾਪਤ ਨਾ ਕਰੀਏ ਜਿਹੜੀ ਉਹਨਾਂ ਵਿੱਚ ਵਿਸ਼ਵਾਸ ਕਰਨ ਅਤੇ ਪਰਮੇਸ਼ਰ ਦੇ ਪੁੱਤਰ ਨੂੰ ਜਾਨਣ ਦੁਆਰਾ ਮਿਲਦੀ ਹੈ ਅਤੇ ਅਸੀਂ ਆਪਣੀ ਪੂਰੀ ਸਿਆਣਪ ਤੱਕ ਨਾ ਪਹੁੰਚੀਏ ਭਾਵ ਉਸ ਸੰਪੂਰਨਤਾ ਤੱਕ ਜਿਹੜੀ ਮਸੀਹ ਤੋਂ ਮਿਲਦੀ ਹੈ ।

14 ਫਿਰ ਅਸੀਂ ਅੱਗੇ ਤੋਂ ਬੱਚੇ ਨਹੀਂ ਰਹਾਂਗੇ ਜਿਹੜੇ ਹਰ ਤਰ੍ਹਾਂ ਦੀ ਝੂਠੀ ਸਿੱਖਿਆ ਅਤੇ ਧੋਖੇ ਨਾਲ ਬਣਾਈਆਂ ਮਨੁੱਖੀ ਚਾਲਾਂ ਦੀਆਂ ਲਹਿਰਾਂ ਵਿੱਚ ਡਾਵਾਂਡੋਲ ਅਤੇ ਹਵਾਵਾਂ ਨਾਲ ਇੱਧਰ ਉੱਧਰ ਭਟਕਦੇ ਹਨ ।

15 ਸਗੋਂ ਅਸੀਂ ਪਿਆਰ ਦੇ ਨਾਲ ਸੱਚ ਬੋਲਦੇ ਹੋਏ ਮਸੀਹ ਵਿੱਚ ਜਿਹੜੇ ਕਿ ਸਿਰ ਹਨ ਹਰ ਤਰ੍ਹਾਂ ਵੱਧਦੇ ਜਾਈਏ ।

16 ਉਹਨਾਂ ਦੇ ਦੁਆਰਾ ਸਰੀਰ ਦੇ ਸਾਰੇ ਅੰਗ ਜੁੜ ਕੇ ਠੀਕ ਤਰ੍ਹਾਂ ਕੰਮ ਕਰਦੇ ਹਨ ਜਿਸ ਦੇ ਨਾਲ ਸਰੀਰ ਪਿਆਰ ਵਿੱਚ ਵੱਧਦਾ ਅਤੇ ਉਸਰਦਾ ਜਾਂਦਾ ਹੈ ।


ਮਸੀਹ ਵਿੱਚ ਨਵਾਂ ਜੀਵਨ

17 ਮੈਂ ਤੁਹਾਨੂੰ ਇਹ ਦੱਸਣਾ ਜ਼ਰੂਰੀ ਸਮਝਦਾ ਹਾਂ ਸਗੋਂ ਮੈਂ ਇਹ ਪ੍ਰਭੂ ਦੇ ਨਾਮ ਦਾ ਵਾਸਤਾ ਪਾ ਕੇ ਕਹਿੰਦਾ ਹਾਂ ਕਿ ਪਰਾਈਆਂ ਕੌਮਾਂ ਦੀ ਤਰ੍ਹਾਂ ਨਾ ਬਣੋ ਜਿਹਨਾਂ ਦੇ ਵਿਚਾਰ ਵਿਅਰਥ ਹਨ ।

18 ਉਹਨਾਂ ਦੇ ਮਨ ਹਨੇਰੇ ਹੋ ਗਏ ਹਨ ਅਤੇ ਉਹ ਉਸ ਜੀਵਨ ਤੋਂ ਦੂਰ ਹਨ ਜਿਹੜਾ ਪਰਮੇਸ਼ਰ ਦਿੰਦੇ ਹਨ ਕਿਉਂਕਿ ਉਹ ਅਗਿਆਨੀ ਹਨ ਅਤੇ ਉਹਨਾਂ ਦੇ ਦਿਲ ਕਠੋਰ ਹਨ ।

19 ਉਹਨਾਂ ਨੇ ਸੁੰਨ ਹੋ ਕੇ ਹਰ ਤਰ੍ਹਾਂ ਦੀ ਦੁਸ਼ਟਤਾ ਨੂੰ ਸਵੀਕਾਰ ਕਰ ਲਿਆ ਹੈ ਤਾਂ ਜੋ ਉਹ ਬਿਨਾਂ ਸੰਜਮ ਦੇ ਲਾਲਸਾ ਕਰਦੇ ਰਹਿਣ ।

20 ਪਰ ਤੁਸੀਂ ਮਸੀਹ ਦੇ ਬਾਰੇ ਇਸ ਤਰ੍ਹਾਂ ਨਹੀਂ ਸਿੱਖਿਆ ।

21 ਜੇਕਰ ਤੁਸੀਂ ਉਹਨਾਂ ਦੇ ਬਾਰੇ ਸੁਣਿਆ ਅਤੇ ਤੁਹਾਨੂੰ ਉਹ ਸੱਚ ਸਿਖਾਇਆ ਗਿਆ ਜਿਹੜਾ ਯਿਸੂ ਵਿੱਚ ਹੈ

22 ਤਾਂ ਫਿਰ ਤੁਸੀਂ ਆਪਣਾ ਪੁਰਾਣਾ ਜੀਵਨ ਤਿਆਗ ਦੇਵੋ ਅਤੇ ਆਪਣੀ ਉਹ ਮਨੁੱਖਤਾ ਜਿਹੜੀ ਇਸ ਦੀਆਂ ਕਪਟੀ ਵਾਸਨਾਵਾਂ ਦੇ ਰਾਹੀਂ ਨਾਸ਼ ਹੋ ਰਹੀ ਹੈ

23 ਸਗੋਂ ਤੁਹਾਡੇ ਦਿਲ ਅਤੇ ਮਨ ਨਵੇਂ ਬਣਦੇ ਜਾਣ

24 ਅਤੇ ਤੁਸੀਂ ਉਸ ਨਵੀਂ ਮਨੁੱਖਤਾ ਨੂੰ ਪਹਿਨ ਲਵੋ ਜਿਹੜੀ ਪਰਮੇਸ਼ਰ ਦੇ ਸਰੂਪ ਵਿੱਚ ਨੇਕੀ ਅਤੇ ਪਵਿੱਤਰਤਾ ਦੇ ਦੁਆਰਾ ਰਚੀ ਗਈ ਹੈ ।

25 ਇਸ ਲਈ ਝੂਠ ਬੋਲਣਾ ਛੱਡ ਦਿਓ । ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ, “ਹਰ ਕੋਈ ਇੱਕ ਦੂਜੇ ਨਾਲ ਸੱਚ ਬੋਲੇ,” ਕਿਉਂਕਿ ਅਸੀਂ ਸਾਰੇ ਇੱਕ ਹੀ ਸਰੀਰ ਦੇ ਅੰਗ ਹਾਂ ।

26 ਤੁਸੀਂ ਗੁੱਸਾ ਤਾਂ ਕਰੋ ਪਰ ਪਾਪ ਨਾ ਕਰੋ । ਸੂਰਜ ਡੁੱਬਣ ਤੋਂ ਪਹਿਲਾਂ ਆਪਣਾ ਗੁੱਸਾ ਖ਼ਤਮ ਕਰ ਦਿਓ ।

27 ਤੁਸੀਂ ਸ਼ੈਤਾਨ ਨੂੰ ਮੌਕਾ ਨਾ ਦਿਓ ।

28 ਚੋਰੀ ਕਰਨ ਵਾਲਾ ਹੁਣ ਤੋਂ ਚੋਰੀ ਨਾ ਕਰੇ ਸਗੋਂ ਮਿਹਨਤ ਕਰੇ ਅਤੇ ਆਪਣੇ ਹੱਥਾਂ ਨਾਲ ਕੋਈ ਕੰਮ ਕਰੇ ਤਾਂ ਜੋ ਉਸ ਕੋਲ ਲੋੜਵੰਦਾਂ ਨੂੰ ਦੇਣ ਲਈ ਕੁਝ ਹੋਵੇ ।

29 ਤੁਹਾਡੇ ਮੂੰਹ ਵਿੱਚੋਂ ਕੋਈ ਬੁਰਾ ਸ਼ਬਦ ਨਾ ਨਿੱਕਲੇ ਸਗੋਂ ਅਜਿਹੇ ਭਲੇ ਸ਼ਬਦ ਨਿਕਲਣ ਜਿਹਨਾਂ ਤੋਂ ਸੁਣਨ ਵਾਲਿਆਂ ਨੂੰ ਲਾਭ ਪਹੁੰਚੇ ਅਤੇ ਉਹਨਾਂ ਦੀ ਉਸਾਰੀ ਵਿੱਚ ਮਦਦ ਹੋਵੇ ।

30 ਪਰਮੇਸ਼ਰ ਦੇ ਪਵਿੱਤਰ ਆਤਮਾ ਨੂੰ ਦੁਖੀ ਨਾ ਕਰੋ ਜਿਸ ਦੇ ਨਾਲ ਤੁਹਾਡੇ ਉੱਤੇ ਛੁਟਕਾਰੇ ਦੇ ਦਿਨ ਦੀ ਮੋਹਰ ਲਾਈ ਗਈ ਹੈ ।

31 ਹਰ ਤਰ੍ਹਾਂ ਦੇ ਕੌੜੇਪਨ, ਗੁੱਸੇ, ਕ੍ਰੋਧ, ਝਗੜੇ ਅਤੇ ਨਿੰਦਾ ਨੂੰ ਆਪਣੇ ਵਿੱਚੋਂ ਦੂਰ ਕਰੋ, ਹਰ ਤਰ੍ਹਾਂ ਦੀ ਬੁਰਾਈ ਤੋਂ ਦੂਰ ਰਹੋ ।

32 ਇੱਕ ਦੂਜੇ ਉੱਤੇ ਮਿਹਰ ਅਤੇ ਤਰਸ ਕਰੋ । ਇੱਕ ਦੂਜੇ ਨੂੰ ਮਾਫ਼ ਕਰੋ ਜਿਸ ਤਰ੍ਹਾਂ ਪਰਮੇਸ਼ਰ ਨੇ ਤੁਹਾਨੂੰ ਮਸੀਹ ਵਿੱਚ ਮਾਫ਼ ਕੀਤਾ ਹੈ ।

Punjabi Common Language (North American Version):

Text © 2021 Canadian Bible Society and Bible Society of India

Bible Society of India
Volg ons:



Advertensies