ਅਫ਼ਸੁਸ 3 - ਪਵਿੱਤਰ ਬਾਈਬਲ (Revised Common Language North American Edition)ਪੌਲੁਸ ਦੀ ਪਰਾਈਆਂ ਕੌਮਾਂ ਦੇ ਵਿੱਚ ਸੇਵਾ 1 ਇਸ ਕਾਰਨ ਮੈਂ ਪੌਲੁਸ, ਤੁਹਾਡੇ ਲਈ ਜਿਹੜੇ ਪਰਾਈਆਂ ਕੌਮਾਂ ਹੋ, ਮਸੀਹ ਯਿਸੂ ਦਾ ਕੈਦੀ ਹਾਂ । ਇਸੇ ਲਈ ਮੈਂ ਪਰਮੇਸ਼ਰ ਦੇ ਅੱਗੇ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ । 2 ਤੁਸੀਂ ਜ਼ਰੂਰ ਸੁਣ ਚੁੱਕੇ ਹੋ ਕਿ ਪਰਮੇਸ਼ਰ ਨੇ ਆਪਣੀ ਕਿਰਪਾ ਨਾਲ ਮੈਨੂੰ ਇਹ ਜ਼ਿੰਮੇਵਾਰੀ ਤੁਹਾਡੇ ਭਲੇ ਲਈ ਸੌਂਪੀ ਹੈ । 3 ਪਰਮੇਸ਼ਰ ਨੇ ਆਪਣਾ ਭੇਤ ਮੇਰੇ ਉੱਤੇ ਪ੍ਰਗਟ ਕੀਤਾ ਹੈ । ਇਸ ਬਾਰੇ ਮੈਂ ਪਹਿਲਾਂ ਹੀ ਤੁਹਾਨੂੰ ਲਿਖ ਚੁੱਕਾ ਹਾਂ 4 ਅਤੇ ਜੇਕਰ ਤੁਸੀਂ ਉਹ ਸਭ ਪੜ੍ਹੋਗੇ ਤਾਂ ਤੁਸੀਂ ਮਸੀਹ ਦੇ ਭੇਤ ਦੇ ਬਾਰੇ ਮੇਰੇ ਵਿਚਾਰ ਜਾਣ ਜਾਵੋਗੇ । 5 ਪਿਛਲੀਆਂ ਪੀੜ੍ਹੀਆਂ ਦੇ ਲੋਕਾਂ ਉੱਤੇ ਇਹ ਭੇਤ ਪ੍ਰਗਟ ਨਹੀਂ ਕੀਤਾ ਗਿਆ ਸੀ ਪਰ ਪਰਮੇਸ਼ਰ ਨੇ ਆਪਣੇ ਆਤਮਾ ਦੇ ਦੁਆਰਾ ਹੁਣ ਇਹ ਭੇਤ ਆਪਣੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਪ੍ਰਗਟ ਕੀਤਾ ਹੈ । 6 ਉਹ ਭੇਤ ਇਹ ਹੈ ਕਿ ਸ਼ੁਭ ਸਮਾਚਾਰ ਦੇ ਦੁਆਰਾ ਪਰਾਈਆਂ ਕੌਮਾਂ ਵੀ ਯਹੂਦੀਆਂ ਦੇ ਨਾਲ ਪਰਮੇਸ਼ਰ ਦੀ ਮਸੀਹ ਯਿਸੂ ਵਿੱਚ ਵਾਅਦਾ ਕੀਤੀ ਹੋਈ ਵਿਰਾਸਤ ਵਿੱਚ ਸਾਂਝੀ ਹਨ ਅਤੇ ਉਹਨਾਂ ਦੇ ਨਾਲ ਇੱਕ ਸਰੀਰ ਦੇ ਅੰਗ ਹਨ । 7 ਪਰਮੇਸ਼ਰ ਨੇ ਆਪਣੀ ਕਿਰਪਾ ਦੇ ਦਾਨ ਅਤੇ ਆਪਣੀ ਹਰ ਸਮੇਂ ਕੰਮ ਕਰ ਰਹੀ ਸਮਰੱਥਾ ਦੇ ਦੁਆਰਾ ਮੈਨੂੰ ਸ਼ੁਭ ਸਮਾਚਾਰ ਦਾ ਸੇਵਕ ਬਣਾਇਆ ਹੈ । 8 ਮੈਂ ਪਰਮੇਸ਼ਰ ਦੇ ਸਾਰੇ ਲੋਕਾਂ ਵਿੱਚੋਂ ਛੋਟੇ ਤੋਂ ਵੀ ਛੋਟਾ ਹਾਂ ਪਰ ਫਿਰ ਵੀ ਪਰਮੇਸ਼ਰ ਨੇ ਮੈਨੂੰ ਆਪਣੀ ਕਿਰਪਾ ਦੇ ਨਾਲ ਇਸ ਯੋਗ ਸਮਝਿਆ ਕਿ ਮੈਂ ਮਸੀਹ ਦੀਆਂ ਬੇਅੰਤ ਅਸੀਸਾਂ ਦਾ ਸ਼ੁਭ ਸਮਾਚਾਰ ਪਰਾਈਆਂ ਕੌਮਾਂ ਨੂੰ ਸੁਣਾਵਾਂ 9 ਅਤੇ ਪਰਮੇਸ਼ਰ ਦਾ ਭੇਤ ਸਾਰੀ ਮਨੁੱਖਜਾਤੀ ਸਾਹਮਣੇ ਖੋਲ੍ਹਾਂ । ਪਰਮੇਸ਼ਰ ਨੇ ਜਿਹੜੇ ਸਾਰੀਆਂ ਚੀਜ਼ਾਂ ਦੇ ਸਿਰਜਣਹਾਰ ਹਨ, ਇਹ ਭੇਤ ਪਹਿਲੇ ਸਾਰੇ ਯੁੱਗਾਂ ਵਿੱਚ ਆਪਣੇ ਤੱਕ ਰੱਖਿਆ ਸੀ 10 ਤਾਂ ਜੋ ਇਸ ਯੁੱਗ ਵਿੱਚ ਕਲੀਸੀਯਾ ਦੇ ਦੁਆਰਾ ਪਰਮੇਸ਼ਰ ਦੀ ਬਹੁਗੁਣੀ ਬੁੱਧ, ਅਕਾਸ਼ੀ ਹਕੂਮਤਾਂ ਅਤੇ ਅਧਿਕਾਰੀਆਂ ਉੱਤੇ ਪ੍ਰਗਟ ਹੋਵੇ । 11 ਇਹ ਉਸ ਅਨੰਤ ਉਦੇਸ਼ ਦੇ ਅਨੁਸਾਰ ਹੋਇਆ ਜਿਹੜਾ ਪਰਮੇਸ਼ਰ ਨੇ ਸਾਡੇ ਪ੍ਰਭੂ ਮਸੀਹ ਯਿਸੂ ਵਿੱਚ ਪੂਰਾ ਕੀਤਾ । 12 ਮਸੀਹ ਵਿੱਚ ਅਤੇ ਉਹਨਾਂ ਵਿੱਚ ਆਪਣੇ ਵਿਸ਼ਵਾਸ ਦੇ ਰਾਹੀਂ ਹੁਣ ਅਸੀਂ ਨਿਡਰ ਹੋ ਕੇ ਸੰਪੂਰਨ ਭਰੋਸੇ ਦੇ ਨਾਲ ਪਰਮੇਸ਼ਰ ਦੇ ਕੋਲ ਜਾ ਸਕਦੇ ਹਾਂ । 13 ਇਸ ਲਈ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਨਿਰਾਸ਼ ਨਾ ਹੋਵੋ ਕਿ ਮੈਂ ਤੁਹਾਡੇ ਲਈ ਦੁੱਖ ਸਹਿ ਰਿਹਾ ਹਾਂ ਕਿਉਂਕਿ ਇਹ ਤਾਂ ਤੁਹਾਡਾ ਮਾਣ ਹੈ । ਮਸੀਹ ਦਾ ਪਿਆਰ 14 ਇਸ ਕਾਰਨ ਮੈਂ ਪਿਤਾ ਦੇ ਸਾਹਮਣੇ ਆਪਣੇ ਗੋਡੇ ਟੇਕ ਕੇ ਪ੍ਰਾਰਥਨਾ ਕਰਦਾ ਹਾਂ 15 ਜਿਹਨਾਂ ਤੋਂ ਅਕਾਸ਼ ਅਤੇ ਧਰਤੀ ਦਾ ਹਰ ਪਰਿਵਾਰ ਆਪਣਾ ਨਾਂ ਪ੍ਰਾਪਤ ਕਰਦਾ ਹੈ । 16 ਮੇਰੀ ਪਰਮੇਸ਼ਰ ਅੱਗੇ ਪ੍ਰਾਰਥਨਾ ਹੈ ਕਿ ਉਹ ਆਪਣੀ ਮਹਿਮਾ ਦੇ ਭੰਡਾਰ ਵਿੱਚੋਂ ਆਪਣੇ ਆਤਮਾ ਦੇ ਦੁਆਰਾ ਤੁਹਾਨੂੰ ਸਮਰੱਥਾ ਦੇਣ ਕਿ ਤੁਸੀਂ ਆਪਣੀ ਅੰਦਰੂਨੀ ਮਨੁੱਖਤਾ ਵਿੱਚ ਸਮਰੱਥਾ ਪ੍ਰਾਪਤ ਕਰੋ 17 ਤਾਂ ਜੋ ਮਸੀਹ ਤੁਹਾਡੇ ਦਿਲਾਂ ਵਿੱਚ ਵਿਸ਼ਵਾਸ ਦੇ ਦੁਆਰਾ ਵਾਸ ਕਰਨ । ਮੇਰੀ ਪ੍ਰਾਰਥਨਾ ਹੈ ਕਿ ਪਿਆਰ ਵਿੱਚ ਤੁਹਾਡੀਆਂ ਜੜ੍ਹਾਂ ਅਤੇ ਨੀਹਾਂ ਪੱਕੀਆਂ ਹੋਣ । 18 ਤੁਹਾਡੇ ਵਿੱਚ ਇੰਨੀ ਸਮਰੱਥਾ ਹੋਵੇ ਕਿ ਤੁਸੀਂ ਪਰਮੇਸ਼ਰ ਦੇ ਸਾਰੇ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਦੇ ਪਿਆਰ ਦੀ ਚੌੜਾਈ, ਲੰਬਾਈ, ਉਚਾਈ ਅਤੇ ਡੂੰਘਾਈ ਨੂੰ ਜਾਣ ਸਕੋ 19 ਅਤੇ ਤੁਸੀਂ ਉਹਨਾਂ ਦੇ ਪਿਆਰ ਨੂੰ ਜਾਣੋ ਜਿਹੜਾ ਮਨੁੱਖੀ ਸਮਝ ਤੋਂ ਪਰ੍ਹੇ ਹੈ ਅਤੇ ਪਰਮੇਸ਼ਰ ਦੀ ਸੰਪੂਰਨਤਾ ਨਾਲ ਭਰਪੂਰ ਹੋ ਜਾਵੋ । 20 ਹੁਣ ਉਹ ਪਰਮੇਸ਼ਰ ਜਿਹੜੇ ਆਪਣੀ ਉਸ ਸਮਰੱਥਾ ਨਾਲ ਜਿਹੜੀ ਸਾਡੇ ਵਿੱਚ ਕੰਮ ਕਰ ਰਹੀ ਹੈ ਸਾਡੇ ਮੰਗਣ ਅਤੇ ਸੋਚਣ ਤੋਂ ਵੀ ਵਧੇਰੇ ਕਰ ਸਕਦੇ ਹਨ, 21 ਉਸੇ ਪਰਮੇਸ਼ਰ ਦੀ ਵਡਿਆਈ ਕਲੀਸੀਯਾ ਦੇ ਵਿੱਚ ਅਤੇ ਮਸੀਹ ਯਿਸੂ ਦੇ ਵਿੱਚ, ਪੀੜ੍ਹੀ ਤੋਂ ਪੀੜ੍ਹੀ ਵਿੱਚ ਅਨੰਤਕਾਲ ਤੱਕ ਹੁੰਦੀ ਰਹੇ । ਆਮੀਨ ! |
Punjabi Common Language (North American Version):
Text © 2021 Canadian Bible Society and Bible Society of India
Bible Society of India