ਅਫ਼ਸੁਸ 2 - ਪਵਿੱਤਰ ਬਾਈਬਲ (Revised Common Language North American Edition)ਮੌਤ ਤੋਂ ਜੀਵਨ ਵੱਲ 1 ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਆਤਮਿਕ ਤੌਰ ਤੇ ਮੁਰਦਾ ਸੀ । 2 ਉਸ ਸਮੇਂ ਤੁਸੀਂ ਇਸ ਸੰਸਾਰ ਦੇ ਬੁਰੇ ਰਾਹਾਂ ਉੱਤੇ ਚੱਲਦੇ ਸੀ ਅਤੇ ਉਸ ਆਤਮਾ ਦੇ ਅਧੀਨ ਸੀ ਜਿਹੜੀ ਅਕਾਸ਼ੀ ਸ਼ਕਤੀਆਂ ਦੀ ਅਧਿਕਾਰੀ ਹੈ । ਇਹ ਆਤਮਾ ਇਸ ਸਮੇਂ ਉਹਨਾਂ ਲੋਕਾਂ ਦੇ ਵਿੱਚ ਕੰਮ ਕਰਦੀ ਹੈ ਜਿਹੜੇ ਪਰਮੇਸ਼ਰ ਦੇ ਹੁਕਮ ਨਹੀਂ ਮੰਨਦੇ । 3 ਇੱਕ ਸਮਾਂ ਸੀ ਜਦੋਂ ਅਸੀਂ ਵੀ ਉਹਨਾਂ ਵਰਗੇ ਸੀ । ਅਸੀਂ ਵੀ ਆਪਣੀਆਂ ਸਰੀਰਕ ਕਾਮਨਾਵਾਂ ਦੇ ਵਿੱਚ ਫਸੇ ਹੋਏ ਸੀ ਅਤੇ ਆਪਣੇ ਸਰੀਰ ਅਤੇ ਮਨ ਦੀ ਇੱਛਾ ਦੇ ਅਨੁਸਾਰ ਚੱਲਦੇ ਸੀ । ਇਸ ਤਰ੍ਹਾਂ ਅਸੀਂ ਵੀ ਦੂਜਿਆਂ ਵਾਂਗ ਪਰਮੇਸ਼ਰ ਦੇ ਕ੍ਰੋਧ ਦੇ ਹੱਕਦਾਰ ਸੀ । 4 ਪਰ ਪਰਮੇਸ਼ਰ ਦੀ ਦਇਆ ਕਿੰਨੀ ਵੱਡੀ ਹੈ ਅਤੇ ਉਹਨਾਂ ਦਾ ਪਿਆਰ ਕਿੰਨਾ ਮਹਾਨ ਹੈ । 5 ਅਸੀਂ ਤਾਂ ਆਪਣੇ ਅਪਰਾਧਾਂ ਦੇ ਕਾਰਨ ਆਤਮਿਕ ਤੌਰ ਤੇ ਮਰ ਚੁੱਕੇ ਸੀ ਪਰ ਉਹਨਾਂ ਨੇ ਸਾਨੂੰ ਮਸੀਹ ਦੇ ਨਾਲ ਜਿਊਂਦਾ ਕਰ ਦਿੱਤਾ ਹੈ । ਤੁਸੀਂ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਮੁਕਤ ਕੀਤੇ ਗਏ ਹੋ । 6 ਉਹਨਾਂ ਨੇ ਮਸੀਹ ਯਿਸੂ ਦੇ ਨਾਲ ਸਾਨੂੰ ਜਿਊਂਦਾ ਕੀਤਾ ਅਤੇ ਸਵਰਗ ਵਿੱਚ ਉਹਨਾਂ ਦੇ ਨਾਲ ਬਿਠਾਇਆ । 7 ਪਰਮੇਸ਼ਰ ਨੇ ਇਹ ਇਸ ਲਈ ਕੀਤਾ ਕਿ ਉਹ ਅੱਗੇ ਆਉਣ ਵਾਲੇ ਯੁੱਗਾਂ ਵਿੱਚ ਮਸੀਹ ਯਿਸੂ ਦੇ ਦੁਆਰਾ ਸਾਡੇ ਉੱਤੇ ਹੋਈ ਅਤਿ ਮਹਾਨ ਕਿਰਪਾ ਨੂੰ ਪ੍ਰਗਟ ਕਰਨ । 8 ਕਿਉਂਕਿ ਤੁਸੀਂ ਪਰਮੇਸ਼ਰ ਦੀ ਕਿਰਪਾ ਦੇ ਰਾਹੀਂ ਵਿਸ਼ਵਾਸ ਦੇ ਦੁਆਰਾ ਮੁਕਤੀ ਪ੍ਰਾਪਤ ਕੀਤੀ ਹੈ । ਇਹ ਤੁਹਾਡੇ ਵੱਲੋਂ ਨਹੀਂ ਸਗੋਂ ਪਰਮੇਸ਼ਰ ਦਾ ਵਰਦਾਨ ਹੈ । 9 ਇਹ ਕਰਮਾਂ ਦਾ ਨਤੀਜਾ ਨਹੀਂ ਹੈ ਇਸ ਲਈ ਇਸ ਉੱਤੇ ਹੰਕਾਰ ਨਹੀਂ ਕੀਤਾ ਜਾ ਸਕਦਾ । 10 ਅਸੀਂ ਪਰਮੇਸ਼ਰ ਦੀ ਰਚਨਾ ਹਾਂ, ਉਹਨਾਂ ਨੇ ਸਾਨੂੰ ਮਸੀਹ ਯਿਸੂ ਵਿੱਚ ਭਲੇ ਕੰਮਾਂ ਲਈ ਰਚਿਆ, ਜਿਹੜੇ ਉਹਨਾਂ ਨੇ ਪਹਿਲਾਂ ਹੀ ਸਾਡੇ ਕਰਨ ਦੇ ਲਈ ਤਿਆਰ ਕੀਤੇ ਹਨ । ਮਸੀਹ ਵਿੱਚ ਏਕਤਾ 11 ਇਸ ਲਈ ਯਾਦ ਰੱਖੋ ਕਿ ਪਹਿਲਾਂ ਤੁਸੀਂ ਜਿਹੜੇ ਜਨਮ ਤੋਂ ਪਰਾਈ ਕੌਮ ਹੋ ਅਤੇ ‘ਸੁੰਨਤੀਆਂ’ ਦੁਆਰਾ ਹੱਥਾਂ ਨਾਲ ਕੀਤੀ ਰਸਮ ਕਾਰਨ ‘ਅਸੁੰਨਤੀ’ ਅਖਵਾਉਂਦੇ ਸੀ । 12 ਉਸ ਸਮੇਂ ਤੁਸੀਂ ਮਸੀਹ ਤੋਂ ਅਲੱਗ ਸੀ । ਤੁਸੀਂ ਇਸਰਾਏਲ ਕੌਮ ਦੀ ਨਾਗਰਿਕਤਾ ਤੋਂ ਵੱਖ ਅਤੇ ਵਾਅਦੇ ਵਾਲੇ ਨੇਮ ਤੋਂ ਦੂਰ ਸੀ । ਉਸ ਸਮੇਂ ਤੁਸੀਂ ਇਸ ਸੰਸਾਰ ਵਿੱਚ ਆਸ ਤੋਂ ਬਿਨਾਂ ਅਤੇ ਪਰਮੇਸ਼ਰ ਤੋਂ ਵਾਂਝੇ ਸੀ 13 ਪਰ ਹੁਣ ਮਸੀਹ ਯਿਸੂ ਦੇ ਵਿੱਚ ਤੁਸੀਂ ਜਿਹੜੇ ਉਸ ਸਮੇਂ ਦੂਰ ਸੀ, ਮਸੀਹ ਦੇ ਖ਼ੂਨ ਦੁਆਰਾ ਨੇੜੇ ਲਿਆਂਦੇ ਗਏ ਹੋ । 14 ਮਸੀਹ ਆਪ ਸਾਡਾ ਮਿਲਾਪ ਹਨ । ਉਹਨਾਂ ਨੇ ਯਹੂਦੀਆਂ ਅਤੇ ਪਰਾਈਆਂ ਕੌਮਾਂ ਨੂੰ ਇੱਕ ਕੀਤਾ ਹੈ । ਉਹਨਾਂ ਨੇ ਆਪਣੇ ਸਰੀਰ ਦੁਆਰਾ ਜੁਦਾਈ ਅਤੇ ਵੈਰ-ਭਾਵ ਦੀ ਕੰਧ ਨੂੰ ਢਾਹ ਦਿੱਤਾ ਹੈ । 15 ਉਹਨਾਂ ਨੇ ਵਿਵਸਥਾ ਦੇ ਹੁਕਮਾਂ ਅਤੇ ਨਿਯਮਾਂ ਨੂੰ ਖ਼ਤਮ ਕਰ ਦਿੱਤਾ ਤਾਂ ਜੋ ਯਹੂਦੀਆਂ ਅਤੇ ਪਰਾਈਆਂ ਕੌਮਾਂ ਵਿੱਚੋਂ ਇੱਕ ਸਾਂਝੀ ਕੌਮ ਪੈਦਾ ਕਰਨ ਜਿਹੜੀ ਉਹਨਾਂ ਵਿੱਚ ਇੱਕ ਹੋ ਜਾਵੇ ਅਤੇ ਇਸ ਤਰ੍ਹਾਂ ਸ਼ਾਂਤੀ ਕਾਇਮ ਰਹੇ 16 ਅਤੇ ਉਹਨਾਂ ਨੇ ਆਪਣੀ ਸਲੀਬੀ ਮੌਤ ਦੇ ਦੁਆਰਾ ਦੋਨਾਂ ਕੌਮਾਂ ਦੇ ਵਿਚਕਾਰ ਵੈਰ ਨੂੰ ਖ਼ਤਮ ਕਰ ਕੇ, ਇੱਕ ਕੌਮ ਦੇ ਰੂਪ ਵਿੱਚ ਸਾਡਾ ਪਰਮੇਸ਼ਰ ਦੇ ਨਾਲ ਮੇਲ ਕਰਵਾਇਆ । 17 ਮਸੀਹ ਨੇ ਆ ਕੇ ਤੁਹਾਡੇ ਲਈ ਜਿਹੜੇ ਪਰਮੇਸ਼ਰ ਤੋਂ ਦੂਰ ਸੀ ਅਤੇ ਯਹੂਦੀਆਂ ਲਈ ਵੀ ਜਿਹੜੇ ਉਹਨਾਂ ਦੇ ਨੇੜੇ ਸੀ, ਸ਼ਾਂਤੀ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਕੀਤਾ । 18 ਇਸ ਲਈ ਮਸੀਹ ਦੇ ਦੁਆਰਾ, ਸਾਨੂੰ ਦੋਵੇਂ ਕੌਮਾਂ ਨੂੰ ਇੱਕੋ ਆਤਮਾ ਵਿੱਚ ਪਿਤਾ ਦੇ ਸਾਹਮਣੇ ਜਾਣ ਦਾ ਬਰਾਬਰ ਅਧਿਕਾਰ ਮਿਲਿਆ ਹੈ । 19 ਇਸ ਲਈ ਤੁਸੀਂ ਹੁਣ ਵਿਦੇਸ਼ੀ ਅਤੇ ਓਪਰੇ ਨਹੀਂ ਰਹੇ ਸਗੋਂ ਤੁਸੀਂ ਪਰਮੇਸ਼ਰ ਦੇ ਲੋਕਾਂ ਦੇ ਨਾਲ ਸਹਿ-ਨਾਗਰਿਕ ਅਤੇ ਪਰਮੇਸ਼ਰ ਦੇ ਪਰਿਵਾਰ ਦਾ ਹਿੱਸਾ ਹੋ । 20 ਤੁਸੀਂ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣਾਏ ਗਏ ਹੋ ਜਿਸ ਦੇ ਕੋਨੇ ਦਾ ਪੱਥਰ ਮਸੀਹ ਯਿਸੂ ਆਪ ਹਨ 21 ਅਤੇ ਯਿਸੂ ਵਿੱਚ ਸਾਰੀ ਇਮਾਰਤ ਮਿਲ ਕੇ ਪ੍ਰਭੂ ਦਾ ਪਵਿੱਤਰ ਹੈਕਲ ਬਣਦਾ ਜਾਂਦਾ ਹੈ 22 ਅਤੇ ਉਹਨਾਂ ਵਿੱਚ ਹੀ ਦੂਜਿਆਂ ਦੇ ਨਾਲ ਤੁਹਾਡੀ ਵੀ ਪਵਿੱਤਰ ਆਤਮਾ ਦੇ ਦੁਆਰਾ ਪਰਮੇਸ਼ਰ ਦਾ ਨਿਵਾਸ ਸਥਾਨ ਹੋਣ ਲਈ ਉਸਾਰੀ ਹੋ ਰਹੀ ਹੈ । |
Punjabi Common Language (North American Version):
Text © 2021 Canadian Bible Society and Bible Society of India
Bible Society of India