Aanlyn Bybel

- Advertensies -

ਅਫ਼ਸੁਸ 1 - ਪਵਿੱਤਰ ਬਾਈਬਲ (Revised Common Language North American Edition)

1 ਪੌਲੁਸ ਦੇ ਵੱਲੋਂ ਜਿਹੜਾ ਪਰਮੇਸ਼ਰ ਦੀ ਇੱਛਾ ਦੇ ਨਾਲ ਮਸੀਹ ਯਿਸੂ ਦਾ ਰਸੂਲ ਹੈ, ਅਫ਼ਸੁਸ ਦੀ ਕਲੀਸੀਯਾ ਨੂੰ,

2 ਪਰਮੇਸ਼ਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ !


ਮਸੀਹ ਦੇ ਦੁਆਰਾ ਆਤਮਿਕ ਵਰਦਾਨ

3 ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਅਤੇ ਪਰਮੇਸ਼ਰ ਦਾ ਧੰਨਵਾਦ ਹੋਵੇ ਜਿਹਨਾਂ ਨੇ ਮਸੀਹ ਵਿੱਚ ਸਾਨੂੰ ਹਰ ਇੱਕ ਆਤਮਿਕ ਵਰਦਾਨ ਜਿਹੜਾ ਸਵਰਗ ਵਿੱਚ ਹੈ, ਅਸੀਸ ਵਿੱਚ ਦਿੱਤਾ ਹੈ ।

4 ਉਹਨਾਂ ਨੇ ਮਸੀਹ ਵਿੱਚ ਸਾਨੂੰ ਸੰਸਾਰ ਦੀ ਰਚਨਾ ਕਰਨ ਤੋਂ ਪਹਿਲਾਂ ਹੀ ਚੁਣ ਲਿਆ ਤਾਂ ਜੋ ਅਸੀਂ ਉਹਨਾਂ ਦੇ ਸਾਹਮਣੇ ਪਵਿੱਤਰ ਅਤੇ ਨਿਰਦੋਸ਼ ਠਹਿਰੀਏ । ਆਪਣੇ ਪਿਆਰ ਦੇ ਕਾਰਨ

5 ਉਹਨਾਂ ਨੇ ਸਾਨੂੰ ਪਹਿਲਾਂ ਹੀ ਚੁਣ ਲਿਆ ਕਿ ਅਸੀਂ ਯਿਸੂ ਮਸੀਹ ਦੁਆਰਾ ਉਹਨਾਂ ਦੀ ਗੋਦ ਲਈ ਹੋਈ ਸੰਤਾਨ ਬਣ ਜਾਈਏ । ਇਹ ਸਭ ਉਹਨਾਂ ਦੀ ਆਪਣੀ ਖ਼ੁਸ਼ੀ ਅਤੇ ਇਰਾਦੇ ਦੇ ਕਾਰਨ ਹੋਇਆ ਹੈ

6 ਤਾਂ ਜੋ ਅਸੀਂ ਪਰਮੇਸ਼ਰ ਦੀ ਮਹਾਨ ਕਿਰਪਾ ਦੇ ਲਈ ਉਹਨਾਂ ਦੀ ਵਡਿਆਈ ਕਰੀਏ ਜਿਹੜੀ ਉਹਨਾਂ ਨੇ ਸਾਨੂੰ ਆਪਣੇ ਪਿਆਰੇ ਪੁੱਤਰ ਦੁਆਰਾ ਵਰਦਾਨ ਵਿੱਚ ਮੁਫ਼ਤ ਦਿੱਤੀ ਹੈ ।

7 ਮਸੀਹ ਦੇ ਖ਼ੂਨ ਦੇ ਦੁਆਰਾ ਸਾਡੇ ਪਾਪ ਮਾਫ਼ ਹੋਏ ਹਨ ਅਤੇ ਸਾਨੂੰ ਮੁਕਤੀ ਮਿਲੀ ਹੈ । ਪਰਮੇਸ਼ਰ ਦੀ ਕਿਰਪਾ ਕਿੰਨੀ ਮਹਾਨ ਹੈ

8 ਜਿਹੜੀ ਉਹਨਾਂ ਨੇ ਸਾਨੂੰ ਬਹੁਤਾਤ ਵਿੱਚ ਦਿੱਤੀ ਹੈ । ਉਹਨਾਂ ਨੇ ਆਪਣੀ ਸੰਪੂਰਨ ਸਮਝ ਅਤੇ ਬੁੱਧੀ ਨਾਲ

9 ਸਾਨੂੰ ਆਪਣੇ ਉਸ ਰਹੱਸਮਈ ਇਰਾਦੇ ਦੇ ਬਾਰੇ ਜਾਣਕਾਰੀ ਦਿੱਤੀ ਜਿਸ ਨੂੰ ਉਹਨਾਂ ਨੇ ਮਸੀਹ ਦੁਆਰਾ ਪੂਰਾ ਕਰਨ ਦਾ ਪਹਿਲਾਂ ਹੀ ਫ਼ੈਸਲਾ ਕੀਤਾ ਸੀ ।

10 ਉਹ ਇਰਾਦਾ ਇਹ ਹੈ ਕਿ ਉਹਨਾਂ ਦਾ ਮਿਥਿਆ ਸਮਾਂ ਆਉਣ ਤੇ ਸਵਰਗ ਅਤੇ ਧਰਤੀ ਦੀਆਂ ਸਾਰੀਆਂ ਚੀਜ਼ਾਂ ਮਸੀਹ ਨੂੰ ਮੁੱਖ ਰੱਖ ਕੇ ਉਹਨਾਂ ਵਿੱਚ ਇੱਕ ਹੋ ਜਾਣ ।

11 ਮਸੀਹ ਵਿੱਚ ਅਸੀਂ ਵੀ ਪਰਮੇਸ਼ਰ ਦੀ ਹਰ ਚੀਜ਼ ਵਿੱਚ ਕੰਮ ਕਰ ਰਹੇ ਉਦੇਸ਼ ਅਨੁਸਾਰ ਵਾਰਿਸ ਬਣਾਏ ਗਏ ਹਾਂ । ਇਹ ਪਰਮੇਸ਼ਰ ਦੀ ਯੋਜਨਾ ਅਤੇ ਇੱਛਾ ਦੇ ਅਨੁਸਾਰ ਹੋਇਆ

12 ਤਾਂ ਜੋ ਅਸੀਂ ਜਿਹਨਾਂ ਨੇ ਪਹਿਲਾਂ ਮਸੀਹ ਉੱਤੇ ਆਪਣੀ ਆਸ ਰੱਖੀ ਹੋਈ ਸੀ, ਉਹਨਾਂ ਦੀ ਮਹਿਮਾ ਅਤੇ ਵਡਿਆਈ ਦਾ ਕਾਰਨ ਬਣੀਏ ।

13 ਇਸੇ ਤਰ੍ਹਾਂ ਤੁਸੀਂ ਵੀ ਸੱਚ ਦਾ ਸੰਦੇਸ਼ ਸੁਣਿਆ ਜਿਹੜਾ ਤੁਹਾਡੀ ਮੁਕਤੀ ਦਾ ਸ਼ੁਭ ਸਮਾਚਾਰ ਹੈ । ਫਿਰ ਤੁਸੀਂ ਮਸੀਹ ਵਿੱਚ ਵਿਸ਼ਵਾਸ ਕੀਤਾ ਅਤੇ ਪਰਮੇਸ਼ਰ ਨੇ ਆਪਣੇ ਵਾਅਦੇ ਦੇ ਅਨੁਸਾਰ ਤੁਹਾਨੂੰ ਪਵਿੱਤਰ ਆਤਮਾ ਦੇ ਕੇ ਤੁਹਾਡੇ ਉੱਤੇ ਆਪਣੀ ਮਲਕੀਅਤ ਦੀ ਮੋਹਰ ਲਾਈ ।

14 ਇਹ ਪਵਿੱਤਰ ਆਤਮਾ ਪਰਮੇਸ਼ਰ ਨੇ ਬਿਆਨੇ ਦੇ ਤੌਰ ਤੇ ਆਪਣੇ ਵਿਰਸੇ ਦੇ ਵਾਅਦੇ ਦੇ ਅਨੁਸਾਰ ਆਪਣੇ ਲੋਕਾਂ ਦੀ ਮੁਕਤੀ ਦੇ ਲਈ ਦਿੱਤਾ । ਉਹਨਾਂ ਦੀ ਮਹਿਮਾ ਅਤੇ ਵਡਿਆਈ ਹੋਵੇ !


ਪੌਲੁਸ ਦੀ ਪ੍ਰਾਰਥਨਾ

15 ਇਸ ਕਾਰਨ ਜਿਸ ਸਮੇਂ ਤੋਂ ਮੈਂ ਪ੍ਰਭੂ ਯਿਸੂ ਵਿੱਚ ਤੁਹਾਡੇ ਵਿਸ਼ਵਾਸ ਅਤੇ ਪਰਮੇਸ਼ਰ ਦੇ ਲੋਕਾਂ ਵੱਲ ਤੁਹਾਡੇ ਪਿਆਰ ਦੇ ਬਾਰੇ ਸੁਣਿਆ ਹੈ,

16 ਮੈਂ ਉਸੇ ਸਮੇਂ ਤੋਂ ਲਗਾਤਾਰ ਤੁਹਾਡੇ ਲਈ ਪਰਮੇਸ਼ਰ ਦਾ ਧੰਨਵਾਦ ਅਤੇ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦਾ ਆ ਰਿਹਾ ਹਾਂ ।

17 ਮੇਰੀ ਪ੍ਰਾਰਥਨਾ ਹੈ ਕਿ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ਰ ਜਿਹੜੇ ਮਹਿਮਾ ਵਾਲੇ ਪਿਤਾ ਹਨ, ਤੁਹਾਨੂੰ ਬੁੱਧ ਅਤੇ ਪ੍ਰਕਾਸ਼ ਦਾ ਆਤਮਾ ਦੇਣ ਤਾਂ ਜੋ ਤੁਸੀਂ ਉਹਨਾਂ ਨੂੰ ਜਾਣੋ

18 ਕਿ ਤੁਹਾਡੇ ਦਿਲਾਂ ਦੀਆਂ ਅੰਦਰੂਨੀ ਅੱਖਾਂ ਖੁੱਲ੍ਹ ਜਾਣ ਤਾਂ ਜੋ ਤੁਸੀਂ ਉਸ ਆਸ ਨੂੰ ਜਾਣ ਸਕੋ ਜਿਸ ਦੇ ਲਈ ਤੁਸੀਂ ਸੱਦੇ ਗਏ ਹੋ । ਉਹ ਵਿਰਸਾ ਕਿੰਨਾ ਮਹਾਨ ਹੈ ਜਿਸ ਦਾ ਵਾਅਦਾ ਉਹਨਾਂ ਨੇ ਆਪਣੇ ਲੋਕਾਂ ਦੇ ਨਾਲ ਕੀਤਾ ਹੈ ।

19 ਉਹਨਾਂ ਦੀ ਸਮਰੱਥਾ ਕਿੰਨੀ ਮਹਾਨ ਹੈ ਜਿਹੜੀ ਸਾਡੇ ਵਿਸ਼ਵਾਸ ਕਰਨ ਵਾਲਿਆਂ ਵਿੱਚ ਕੰਮ ਕਰਦੀ ਹੈ । ਇਹ ਸਮਰੱਥਾ ਹੀ ਮਹਾਨ ਬਲ ਹੈ

20 ਇਸੇ ਸਮਰੱਥਾ ਦੁਆਰਾ, ਉਹਨਾਂ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਅਤੇ ਉਹਨਾਂ ਨੂੰ ਸਵਰਗ ਵਿੱਚ ਆਪਣੇ ਸੱਜੇ ਹੱਥ ਵਿਰਾਜਮਾਨ ਕੀਤਾ ਹੈ ।

21 ਉੱਥੋਂ ਹੀ ਮਸੀਹ ਸਾਰੇ ਸ਼ਾਸਕਾਂ, ਅਧਿਕਾਰੀਆਂ, ਸ਼ਕਤੀਆਂ ਅਤੇ ਹਾਕਮਾਂ ਉੱਤੇ ਰਾਜ ਕਰਦੇ ਹਨ । ਉਹਨਾਂ ਦਾ ਨਾਮ ਸਭ ਨਾਵਾਂ ਤੋਂ ਨਾ ਕੇਵਲ ਇਸ ਯੁੱਗ ਵਿੱਚ ਸਗੋਂ ਆਉਣ ਵਾਲੇ ਯੁੱਗਾਂ ਤੱਕ ਉੱਚਾ ਹੈ ।

22 ਪਰਮੇਸ਼ਰ ਨੇ ਸਾਰੀਆਂ ਚੀਜ਼ਾਂ ਮਸੀਹ ਦੇ ਪੈਰਾਂ ਹੇਠ ਕਰ ਦਿੱਤੀਆਂ ਅਤੇ ਉਹਨਾਂ ਨੂੰ ਸਰਤਾਜ ਬਣਾ ਕੇ ਕਲੀਸੀਯਾ ਨੂੰ ਦਿੱਤਾ ਹੈ ।

23 ਕਲੀਸੀਯਾ ਉਹਨਾਂ ਦਾ ਸਰੀਰ ਹੈ, ਉਹ ਹੀ ਉਸ ਦੀ ਭਰਪੂਰੀ ਹਨ ਜਿਹੜੇ ਸਭ ਕੁਝ ਸੰਪੂਰਨ ਕਰਦੇ ਹਨ ।

Punjabi Common Language (North American Version):

Text © 2021 Canadian Bible Society and Bible Society of India

Bible Society of India
Volg ons:



Advertensies