Aanlyn Bybel

- Advertensies -

ਕੁਲੁੱਸੈ 4 - ਪਵਿੱਤਰ ਬਾਈਬਲ (Revised Common Language North American Edition)

1 ਮਾਲਕੋ, ਆਪਣੇ ਗ਼ੁਲਾਮਾਂ ਨਾਲ ਉਚਿਤ ਅਤੇ ਨਿਰਪੱਖ ਵਰਤਾਅ ਕਰੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡਾ ਵੀ ਸਵਰਗ ਵਿੱਚ ਇੱਕ ਮਾਲਕ ਹੈ ।


ਹਿਦਾਇਤਾਂ

2 ਲਗਾਤਾਰ ਪ੍ਰਾਰਥਨਾ ਕਰਦੇ ਰਹੋ, ਧੰਨਵਾਦ ਸਹਿਤ ਇਸ ਵਿੱਚ ਸੁਚੇਤ ਰਹੋ ।

3 ਸਾਡੇ ਲਈ ਵੀ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਸਾਡੇ ਲਈ ਮਸੀਹ ਦੇ ਸੰਦੇਸ਼ ਦੇ ਭੇਤ ਨੂੰ ਸੁਣਾਉਣ ਦੇ ਲਈ ਦਰਵਾਜ਼ਾ ਖੋਲ੍ਹਣ ਜਿਸ ਦੇ ਲਈ ਮੈਂ ਕੈਦ ਵਿੱਚ ਹਾਂ ।

4 ਪ੍ਰਾਰਥਨਾ ਕਰੋ ਕਿ ਮੈਂ ਇਸ ਨੂੰ ਸਫ਼ਾਈ ਨਾਲ ਪੇਸ਼ ਕਰਾਂ ਜਿਸ ਤਰ੍ਹਾਂ ਮੈਨੂੰ ਕਰਨਾ ਚਾਹੀਦਾ ਹੈ ।

5 ਅਵਿਸ਼ਵਾਸੀਆਂ ਦੇ ਨਾਲ ਸਮਝਦਾਰੀ ਵਾਲਾ ਵਰਤਾਅ ਕਰੋ ਅਤੇ ਜੋ ਸਮਾਂ ਤੁਹਾਨੂੰ ਮਿਲਿਆ ਹੈ ਉਸ ਦਾ ਸਹੀ ਉਪਯੋਗ ਕਰੋ ।

6 ਤੁਹਾਡਾ ਬੋਲ-ਚਾਲ ਹਰ ਸਮੇਂ ਸੁਹਾਵਣਾ ਅਤੇ ਦਿਲਚਸਪ ਹੋਵੇ ਤਾਂ ਜੋ ਤੁਹਾਨੂੰ ਹਰ ਕਿਸੇ ਨੂੰ ਉੱਤਰ ਦੇਣ ਦਾ ਢੰਗ ਆਵੇ ।


ਅੰਤਮ ਨਮਸਕਾਰ

7 ਤੁਖਿਕੁਸ ਤੁਹਾਨੂੰ ਮੇਰੇ ਬਾਰੇ ਸਭ ਸਮਾਚਾਰ ਦੇਵੇਗਾ । ਉਹ ਪ੍ਰਭੂ ਦੇ ਕੰਮ ਵਿੱਚ ਸਾਡਾ ਪਿਆਰਾ ਭਰਾ, ਵਿਸ਼ਵਾਸ ਯੋਗ ਸਹਾਇਕ ਅਤੇ ਸਾਡਾ ਸਾਥੀ ਸੇਵਕ ਹੈ ।

8 ਮੈਂ ਉਸ ਨੂੰ ਤੁਹਾਡੇ ਕੋਲ ਇਸੇ ਲਈ ਭੇਜ ਰਿਹਾ ਹਾਂ ਕਿ ਉਹ ਤੁਹਾਨੂੰ ਸਾਡੇ ਬਾਰੇ ਦੱਸੇ ਅਤੇ ਤੁਹਾਨੂੰ ਹੌਸਲਾ ਦੇਵੇ ।

9 ਉਸ ਦੇ ਨਾਲ ਉਨੇਸਿਮੁਸ ਵੀ ਆ ਰਿਹਾ ਹੈ ਜਿਹੜਾ ਕਿ ਸਾਡਾ ਵਿਸ਼ਵਾਸ ਯੋਗ ਅਤੇ ਪਿਆਰਾ ਭਰਾ ਹੈ ਅਤੇ ਜਿਹੜਾ ਤੁਹਾਡੇ ਵਿੱਚੋਂ ਇੱਕ ਹੈ । ਉਹ ਦੋਵੇਂ ਤੁਹਾਨੂੰ ਇੱਥੋਂ ਦਾ ਸਾਰਾ ਹਾਲ ਦੱਸਣਗੇ ।

10 ਅਰਿਸਤਰਖੁਸ ਜਿਹੜਾ ਮੇਰੇ ਨਾਲ ਕੈਦ ਵਿੱਚ ਹੈ, ਤੁਹਾਨੂੰ ਨਮਸਕਾਰ ਕਹਿੰਦਾ ਹੈ ਅਤੇ ਇਸੇ ਤਰ੍ਹਾਂ ਬਰਨਬਾਸ ਦਾ ਰਿਸ਼ਤੇ ਵਿੱਚੋਂ ਭਰਾ ਮਰਕੁਸ ਵੀ ਨਮਸਕਾਰ ਕਹਿੰਦਾ ਹੈ । ਉਸ ਦੇ ਬਾਰੇ ਤੁਸੀਂ ਪਹਿਲਾਂ ਹੀ ਹਿਦਾਇਤ ਪ੍ਰਾਪਤ ਕਰ ਚੁੱਕੇ ਹੋ ਕਿ ਜਦੋਂ ਉਹ ਤੁਹਾਡੇ ਕੋਲ ਆਵੇ ਤਾਂ ਉਸ ਦਾ ਚੰਗੀ ਤਰ੍ਹਾਂ ਸੁਆਗਤ ਕਰੋ ।

11 ਇਹਨਾਂ ਦੇ ਨਾਲ ਯਿਸੂ ਵੀ ਜਿਹੜਾ ਯੂਸਤੁਸ ਵੀ ਅਖਵਾਉਂਦਾ ਹੈ, ਤੁਹਾਨੂੰ ਨਮਸਕਾਰ ਕਹਿੰਦਾ ਹੈ । ਕੇਵਲ ਇਹ ਹੀ ਉਹ ਯਹੂਦੀ ਸੇਵਕ ਹਨ ਜਿਹੜੇ ਮੇਰੇ ਨਾਲ ਪਰਮੇਸ਼ਰ ਦੇ ਰਾਜ ਦੇ ਲਈ ਕੰਮ ਕਰ ਰਹੇ ਹਨ । ਇਹਨਾਂ ਤੋਂ ਮੈਨੂੰ ਬਹੁਤ ਤਸੱਲੀ ਮਿਲੀ ਹੈ ।

12 ਇਪਫ਼ਰਾਸ ਜਿਹੜਾ ਤੁਹਾਡੇ ਵਿੱਚੋਂ ਇੱਕ ਹੈ ਅਤੇ ਮਸੀਹ ਯਿਸੂ ਦਾ ਸੇਵਕ ਹੈ, ਤੁਹਾਨੂੰ ਨਮਸਕਾਰ ਕਹਿੰਦਾ ਹੈ । ਉਹ ਹਮੇਸ਼ਾ ਪੂਰੇ ਦਿਲ ਨਾਲ ਤੁਹਾਡੇ ਲਈ ਪ੍ਰਾਰਥਨਾ ਕਰਦਾ ਹੈ ਕਿ ਤੁਸੀਂ ਪੱਕੇ ਅਤੇ ਸੰਪੂਰਨ ਵਿਸ਼ਵਾਸੀਆਂ ਦੀ ਤਰ੍ਹਾਂ ਅਟੱਲ ਰਹੋ ਅਤੇ ਪਰਮੇਸ਼ਰ ਦੀ ਇੱਛਾ ਦੇ ਆਗਿਆਕਾਰੀ ਰਹੋ ।

13 ਉਸ ਦੇ ਲਈ ਮੈਂ ਆਪ ਵੀ ਗਵਾਹੀ ਦੇ ਸਕਦਾ ਹਾਂ ਕਿ ਉਹ ਕਿਸ ਤਰ੍ਹਾਂ ਤੁਹਾਡੇ, ਲਾਉਦੀਕਿਯਾ ਅਤੇ ਹੀਏਰਪੁਲਿਸ ਦੇ ਰਹਿਣ ਵਾਲਿਆਂ ਦੇ ਲਈ ਮਿਹਨਤ ਕਰ ਰਿਹਾ ਹੈ ।

14 ਸਾਡਾ ਪਿਆਰਾ ਡਾਕਟਰ ਲੂਕਾ ਅਤੇ ਦੇਮਾਸ ਵੀ ਤੁਹਾਨੂੰ ਨਮਸਕਾਰ ਕਹਿੰਦੇ ਹਨ ।

15 ਲਾਉਦੀਕਿਯਾ ਦੇ ਭਰਾਵਾਂ ਅਤੇ ਭੈਣਾਂ ਅਤੇ ਨੁਮਫ਼ਾਸ ਨੂੰ ਅਤੇ ਉਸ ਦੇ ਘਰ ਵਿੱਚ ਇਕੱਠੀ ਹੋਣ ਵਾਲੀ ਕਲੀਸੀਯਾ ਨੂੰ ਸਾਡਾ ਨਮਸਕਾਰ ਕਹਿਣਾ ।

16 ਇਸ ਪੱਤਰ ਨੂੰ ਆਪਣੇ ਵਿੱਚ ਪੜ੍ਹੇ ਜਾਣ ਦੇ ਬਾਅਦ ਨਿਸ਼ਚਿਤ ਕਰੋ ਕਿ ਇਹ ਪੱਤਰ ਲਾਉਦੀਕਿਯਾ ਦੀ ਕਲੀਸੀਯਾ ਵਿੱਚ ਵੀ ਪੜ੍ਹਿਆ ਜਾਵੇ । ਇਸੇ ਤਰ੍ਹਾਂ ਜਿਹੜਾ ਪੱਤਰ ਤੁਹਾਨੂੰ ਲਾਉਦੀਕਿਯਾ ਦੀ ਕਲੀਸੀਯਾ ਕੋਲੋਂ ਮਿਲੇ, ਉਹ ਪੱਤਰ ਆਪਣੀ ਕਲੀਸੀਯਾ ਵਿੱਚ ਵੀ ਪੜ੍ਹੋ ।

17 ਅਰਖਿੱਪੁਸ ਨੂੰ ਇਹ ਸੁਨੇਹਾ ਦੇਣਾ, “ਉਹ ਸੇਵਾ ਜਿਹੜੀ ਤੈਨੂੰ ਸੌਂਪੀ ਗਈ ਹੈ ਉਸ ਨੂੰ ਪ੍ਰਭੂ ਦੀ ਸੇਵਾ ਸਮਝਦੇ ਹੋਏ ਪੂਰੀ ਕਰਨਾ ।”

18 ਮੈਂ ਪੌਲੁਸ ਇਹ ਨਮਸਕਾਰ ਆਪਣੇ ਹੱਥ ਨਾਲ ਲਿਖ ਰਿਹਾ ਹਾਂ । ਮੇਰੀਆਂ ਜ਼ੰਜੀਰਾਂ ਨੂੰ ਯਾਦ ਰੱਖਣਾ । ਪਰਮੇਸ਼ਰ ਦੀ ਕਿਰਪਾ ਤੁਹਾਡੇ ਨਾਲ ਹੋਵੇ ।

Punjabi Common Language (North American Version):

Text © 2021 Canadian Bible Society and Bible Society of India

Bible Society of India
Volg ons:



Advertensies