ਕੁਲੁੱਸੈ 1 - ਪਵਿੱਤਰ ਬਾਈਬਲ (Revised Common Language North American Edition)1 ਪੌਲੁਸ ਜਿਹੜਾ ਪਰਮੇਸ਼ਰ ਦੀ ਇੱਛਾ ਦੇ ਨਾਲ ਮਸੀਹ ਯਿਸੂ ਦਾ ਰਸੂਲ ਹੈ ਅਤੇ ਭਰਾ ਤਿਮੋਥਿਉਸ ਦੇ ਵੱਲੋਂ, 2 ਕੁਲੁੱਸੈ ਵਿੱਚ ਪਰਮੇਸ਼ਰ ਦੇ ਲੋਕਾਂ ਨੂੰ ਜਿਹੜੇ ਮਸੀਹ ਦੇ ਵਿੱਚ ਸਾਡੇ ਵਿਸ਼ਵਾਸੀ ਭਰਾ ਅਤੇ ਭੈਣਾਂ ਹਨ, ਪਰਮੇਸ਼ਰ ਸਾਡੇ ਪਿਤਾ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ ! ਧੰਨਵਾਦ ਦੀ ਪ੍ਰਾਰਥਨਾ 3 ਅਸੀਂ ਹਮੇਸ਼ਾ ਆਪਣੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਭਾਵ ਪਰਮੇਸ਼ਰ ਦਾ ਤੁਹਾਡੇ ਲਈ ਆਪਣੀ ਪ੍ਰਾਰਥਨਾ ਵਿੱਚ ਧੰਨਵਾਦ ਕਰਦੇ ਹਾਂ 4 ਕਿਉਂਕਿ ਅਸੀਂ ਮਸੀਹ ਯਿਸੂ ਵਿੱਚ ਤੁਹਾਡੇ ਵਿਸ਼ਵਾਸ ਅਤੇ ਸਾਰੇ ਮਸੀਹੀ ਵਿਸ਼ਵਾਸੀਆਂ ਦੇ ਲਈ ਤੁਹਾਡੇ ਪਿਆਰ ਦੇ ਬਾਰੇ ਸੁਣਿਆ ਹੈ । 5 ਇਸ ਦਾ ਸ੍ਰੋਤ ਉਹ ਉਮੀਦ ਹੈ ਜਿਹੜੀ ਤੁਹਾਡੇ ਲਈ ਸਵਰਗ ਵਿੱਚ ਸੁਰੱਖਿਅਤ ਹੈ ਜਿਸ ਦੇ ਬਾਰੇ ਤੁਸੀਂ ਉਸ ਸਮੇਂ ਸੁਣਿਆ ਜਦੋਂ ਤੁਹਾਡੇ ਕੋਲ ਸੱਚ ਦਾ ਸੰਦੇਸ਼ ਭਾਵ ਸ਼ੁਭ ਸਮਾਚਾਰ ਪਹਿਲੀ ਵਾਰ ਆਇਆ । 6 ਇਹ ਸਾਰੇ ਸੰਸਾਰ ਵਿੱਚ ਵੱਧ ਰਿਹਾ ਹੈ ਜਿਸ ਤਰ੍ਹਾਂ ਕਿ ਤੁਹਾਡੇ ਵਿੱਚ ਉਸ ਦਿਨ ਤੋਂ, ਜਿਸ ਦਿਨ ਤੁਸੀਂ ਪਹਿਲੀ ਵਾਰ ਪਰਮੇਸ਼ਰ ਦੀ ਕਿਰਪਾ ਦੇ ਬਾਰੇ ਸੁਣਿਆ ਅਤੇ ਇਸ ਦੀ ਸੱਚਾਈ ਨੂੰ ਜਾਣਿਆ ਸੀ । 7 ਤੁਸੀਂ ਇਹ ਸ਼ੁਭ ਸਮਾਚਾਰ ਇਪਫ਼ਰਾਸ ਤੋਂ ਸਿੱਖਿਆ ਜਿਹੜਾ ਮਸੀਹ ਦਾ ਵਿਸ਼ਵਾਸਯੋਗ ਸੇਵਕ ਅਤੇ ਸਾਡਾ ਸਾਥੀ ਹੈ । 8 ਉਸ ਨੇ ਸਾਨੂੰ ਤੁਹਾਡੇ ਉਸ ਪਿਆਰ ਦੇ ਬਾਰੇ ਸਮਾਚਾਰ ਦਿੱਤਾ ਜਿਹੜਾ ਤੁਹਾਨੂੰ ਪਵਿੱਤਰ ਆਤਮਾ ਦੇ ਦੁਆਰਾ ਮਿਲਿਆ ਹੈ । 9 ਇਹ ਹੀ ਕਾਰਨ ਹੈ ਕਿ ਜਿਸ ਦਿਨ ਤੋਂ ਅਸੀਂ ਇਹ ਸੁਣਿਆ ਹੈ ਅਸੀਂ ਤੁਹਾਡੇ ਲਈ ਲਗਾਤਾਰ ਪ੍ਰਾਰਥਨਾ ਕਰ ਰਹੇ ਹਾਂ । ਸਾਡੀ ਪਰਮੇਸ਼ਰ ਅੱਗੇ ਪ੍ਰਾਰਥਨਾ ਹੈ ਕਿ ਉਹ ਤੁਹਾਨੂੰ ਸਾਰੀ ਆਤਮਿਕ ਬੁੱਧ ਅਤੇ ਸਮਝ ਦੇ ਨਾਲ ਭਰਪੂਰ ਕਰਨ ਤਾਂ ਜੋ ਤੁਸੀਂ ਉਹਨਾਂ ਦੀ ਇੱਛਾ ਨੂੰ ਜਾਣ ਸਕੋ । 10 ਸਾਡੀ ਪ੍ਰਾਰਥਨਾ ਹੈ ਕਿ ਤੁਸੀਂ ਪ੍ਰਭੂ ਦੇ ਯੋਗ ਜੀਵਨ ਬਤੀਤ ਕਰੋ, ਜਿਸ ਤੋਂ ਉਹ ਹਰ ਤਰ੍ਹਾਂ ਨਾਲ ਖ਼ੁਸ਼ ਹੋਣ ਅਤੇ ਇਸ ਤਰ੍ਹਾਂ ਤੁਸੀਂ ਹਰ ਤਰ੍ਹਾਂ ਦੀ ਭਲਾਈ ਨਾਲ ਫਲਵੰਤ ਹੋਵੋ ਅਤੇ ਪਰਮੇਸ਼ਰ ਦੇ ਗਿਆਨ ਦੀ ਪ੍ਰਾਪਤੀ ਵਿੱਚ ਹੋਰ ਅੱਗੇ ਵੱਧਦੇ ਜਾਵੋ । 11 ਸਾਡੀ ਪ੍ਰਾਰਥਨਾ ਹੈ ਕਿ ਪਰਮੇਸ਼ਰ ਆਪਣੀ ਮਹਿਮਾ ਦੀ ਸਮਰੱਥਾ ਦੇ ਨਾਲ ਤੁਹਾਨੂੰ ਇੰਨਾ ਬਲ ਦੇਣ ਕਿ ਤੁਸੀਂ ਹਰ ਤਰ੍ਹਾਂ ਦੀ ਹਾਲਤ ਦਾ ਮੁਕਾਬਲਾ ਧੀਰਜ ਦੇ ਨਾਲ ਕਰ ਸਕੋ 12 ਅਤੇ ਅਨੰਦ ਨਾਲ ਪਿਤਾ ਪਰਮੇਸ਼ਰ ਦਾ ਧੰਨਵਾਦ ਕਰੋ ਜਿਹਨਾਂ ਨੇ ਤੁਹਾਨੂੰ ਇਸ ਯੋਗ ਬਣਾਇਆ ਹੈ ਕਿ ਤੁਸੀਂ ਪਰਮੇਸ਼ਰ ਦੇ ਲੋਕਾਂ ਦੇ ਨਾਲ ਚਾਨਣ ਵਾਲੇ ਜੀਵਨ ਦਾ ਵਿਰਸਾ ਪ੍ਰਾਪਤ ਕਰ ਸਕੋ । 13 ਉਹ ਹੀ ਸਾਨੂੰ ਹਨੇਰੇ ਦੇ ਅਧਿਕਾਰ ਤੋਂ ਬਚਾ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਲੈ ਆਏ ਹਨ, 14 ਜਿਹਨਾਂ ਦੇ ਦੁਆਰਾ ਸਾਨੂੰ ਆਜ਼ਾਦੀ ਅਤੇ ਪਾਪਾਂ ਤੋਂ ਮਾਫ਼ੀ ਮਿਲੀ ਹੈ । ਮਸੀਹ ਦੀ ਪ੍ਰਮੁੱਖਤਾ ਅਤੇ ਕੰਮ 15 ਮਸੀਹ ਅਣਦੇਖੇ ਪਰਮੇਸ਼ਰ ਦੇ ਦੇਖੇ ਜਾਣ ਵਾਲੇ ਸਰੂਪ ਹਨ । ਉਹਨਾਂ ਦੀ ਸ੍ਰਿਸ਼ਟੀ ਵਿੱਚ ਸਭ ਤੋਂ ਪਹਿਲੀ ਥਾਂ ਹੈ 16 ਕਿਉਂਕਿ ਉਹਨਾਂ ਦੇ ਰਾਹੀਂ ਪਰਮੇਸ਼ਰ ਨੇ ਅਕਾਸ਼ ਵਿੱਚ ਅਤੇ ਧਰਤੀ ਉੱਤੇ ਸਭ ਦੇਖੀਆਂ ਅਤੇ ਅਣਦੇਖੀਆਂ ਚੀਜ਼ਾਂ ਦੀ ਰਚਨਾ ਕੀਤੀ । ਸਾਰੀਆਂ ਆਤਮਿਕ ਤਾਕਤਾਂ, ਸਰਕਾਰਾਂ, ਹਕੂਮਤਾਂ ਅਤੇ ਅਧਿਕਾਰੀ, ਇਹ ਸਭ ਪਰਮੇਸ਼ਰ ਨੇ ਮਸੀਹ ਦੇ ਦੁਆਰਾ ਅਤੇ ਮਸੀਹ ਦੇ ਲਈ ਹੀ ਪੈਦਾ ਕੀਤੇ ਸਨ । 17 ਉਹ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਮੌਜੂਦ ਹਨ ਅਤੇ ਸਾਰੀਆਂ ਚੀਜ਼ਾਂ ਉਹਨਾਂ ਵਿੱਚ ਕਾਇਮ ਰਹਿੰਦੀਆਂ ਹਨ । 18 ਮਸੀਹ ਆਪਣੇ ਸਰੀਰ ਭਾਵ ਕਲੀਸੀਯਾ ਦੇ ਸਿਰ ਹਨ ਅਤੇ ਉਸ ਦਾ ਆਰੰਭ ਹਨ । ਉਹ ਸਭ ਤੋਂ ਪਹਿਲਾਂ ਮੁਰਦਿਆਂ ਵਿੱਚੋਂ ਜੀਅ ਉੱਠੇ ਤਾਂ ਜੋ ਉਹ ਸਾਰੀਆਂ ਚੀਜ਼ਾਂ ਵਿੱਚ ਸਭ ਤੋਂ ਉੱਚੀ ਥਾਂ ਪ੍ਰਾਪਤ ਕਰਨ । 19 ਇਸ ਲਈ ਪਰਮੇਸ਼ਰ ਨੂੰ ਚੰਗਾ ਲੱਗਾ ਕਿ ਉਹ ਮਸੀਹ ਵਿੱਚ ਆਪਣੀ ਸਾਰੀ ਸੰਪੂਰਨਤਾ ਨਾਲ ਵਾਸ ਕਰਨ 20 ਅਤੇ ਉਹਨਾਂ ਦੇ ਦੁਆਰਾ ਪਰਮੇਸ਼ਰ ਨੇ ਸਾਰੀਆਂ ਚੀਜ਼ਾਂ ਦਾ ਆਪਣੇ ਨਾਲ ਮੇਲ ਕਰਵਾਇਆ, ਆਪਣੇ ਪੁੱਤਰ ਦਾ ਸਲੀਬ ਉੱਤੇ ਖ਼ੂਨ ਵਹਾਉਣ ਦੇ ਰਾਹੀਂ ਸੁਲਾਹ ਕਰਵਾਈ ਭਾਵੇਂ ਉਹ ਧਰਤੀ ਉੱਤੇ ਜਾਂ ਅਕਾਸ਼ ਵਿੱਚ ਹੋਣ । 21 ਇੱਕ ਸਮਾਂ ਸੀ ਜਦੋਂ ਤੁਸੀਂ ਵੀ ਪਰਮੇਸ਼ਰ ਤੋਂ ਦੂਰ ਸੀ ਅਤੇ ਆਪਣੇ ਦੁਸ਼ਟ ਵਿਚਾਰਾਂ ਅਤੇ ਕੰਮਾਂ ਦੇ ਕਾਰਨ ਉਹਨਾਂ ਦੇ ਦੁਸ਼ਮਣ ਸੀ 22 ਪਰ ਪਰਮੇਸ਼ਰ ਨੇ ਆਪਣੇ ਪੁੱਤਰ ਦੀ ਸਰੀਰਕ ਮੌਤ ਦੇ ਰਾਹੀਂ ਤੁਹਾਡਾ ਮੇਲ ਆਪਣੇ ਨਾਲ ਕੀਤਾ ਹੈ ਕਿ ਉਹ ਤੁਹਾਨੂੰ ਆਪਣੇ ਸਾਹਮਣੇ ਪਵਿੱਤਰ, ਸ਼ੁੱਧ ਅਤੇ ਨਿਰਦੋਸ਼ ਹਾਲਤ ਵਿੱਚ ਪੇਸ਼ ਕਰਨ । 23 ਜੇਕਰ ਤੁਸੀਂ ਆਪਣੇ ਵਿਸ਼ਵਾਸ ਵਿੱਚ ਹੋਰ ਅੱਗੇ ਵਧੋ, ਅਟੱਲ ਰਹੋ ਅਤੇ ਆਪਣੀ ਉਸ ਉਮੀਦ ਨੂੰ ਨਾ ਛੱਡੋ ਜਿਹੜੀ ਤੁਹਾਨੂੰ ਸ਼ੁਭ ਸਮਾਚਾਰ ਦੇ ਸੁਣਨ ਦੁਆਰਾ ਮਿਲੀ ਹੈ । ਇਸ ਸ਼ੁਭ ਸਮਾਚਾਰ ਦਾ ਪ੍ਰਚਾਰ ਅਕਾਸ਼ ਦੇ ਹੇਠ ਪਰਮੇਸ਼ਰ ਦੀ ਸਾਰੀ ਸ੍ਰਿਸ਼ਟੀ ਵਿੱਚ ਕੀਤਾ ਗਿਆ ਹੈ ਅਤੇ ਮੈਂ, ਪੌਲੁਸ, ਇਸ ਦਾ ਸੇਵਕ ਬਣਿਆ ਹਾਂ । ਪੌਲੁਸ ਦੀ ਕਲੀਸੀਯਾ ਦੇ ਲਈ ਸੇਵਾ 24 ਹੁਣ ਮੈਨੂੰ ਤੁਹਾਡੀ ਖ਼ਾਤਰ ਦੁੱਖ ਸਹਿ ਕੇ ਖ਼ੁਸ਼ੀ ਹੋ ਰਹੀ ਹੈ । ਇਸ ਤਰ੍ਹਾਂ ਮੈਂ ਆਪਣੇ ਦੁੱਖਾਂ ਦੇ ਰਾਹੀਂ ਮਸੀਹ ਦੇ ਬਾਕੀ ਰਹਿ ਗਏ ਦੁੱਖਾਂ ਨੂੰ ਉਹਨਾਂ ਦੇ ਸਰੀਰ ਜੋ ਕਿ ਕਲੀਸੀਯਾ ਹੈ ਦੇ ਲਈ ਪੂਰਾ ਕਰ ਰਿਹਾ ਹਾਂ । 25 ਪਰਮੇਸ਼ਰ ਨੇ ਮੈਨੂੰ ਕਲੀਸੀਯਾ ਦਾ ਸੇਵਕ ਬਣਾਇਆ ਹੈ । ਉਹਨਾਂ ਨੇ ਮੈਨੂੰ ਤੁਹਾਡੀ ਖ਼ਾਤਰ ਇਹ ਖ਼ਾਸ ਸੇਵਾ ਦਾ ਕੰਮ ਦਿੱਤਾ ਹੈ ਕਿ ਮੈਂ ਤੁਹਾਡੇ ਸਾਹਮਣੇ ਪਰਮੇਸ਼ਰ ਦੇ ਸੰਦੇਸ਼ ਨੂੰ ਪੂਰੀ ਤਰ੍ਹਾਂ ਨਾਲ ਪੇਸ਼ ਕਰਾਂ 26 ਤਾਂ ਜੋ ਉਸ ਭੇਤ ਨੂੰ ਪ੍ਰਗਟ ਕਰਾਂ ਜਿਹੜਾ ਸਾਰੇ ਯੁੱਗਾਂ ਅਤੇ ਪੀੜ੍ਹੀਆਂ ਕੋਲੋਂ ਅੱਜ ਤੱਕ ਗੁਪਤ ਰਿਹਾ ਹੈ ਪਰ ਹੁਣ ਉਹਨਾਂ ਨੇ ਆਪਣੇ ਲੋਕਾਂ ਉੱਤੇ ਪ੍ਰਗਟ ਕੀਤਾ ਹੈ । 27 ਪਰਮੇਸ਼ਰ ਨੇ ਆਪਣੀ ਇੱਛਾ ਦੇ ਨਾਲ ਆਪਣੇ ਲੋਕਾਂ ਉੱਤੇ ਇਹ ਪ੍ਰਗਟ ਕੀਤਾ ਹੈ ਕਿ ਉਹ ਭੇਤ ਸਾਰੀਆਂ ਕੌਮਾਂ ਦੇ ਲਈ ਮਹਿਮਾ ਦਾ ਧਨ ਹੈ, ਉਹ ਭੇਤ ਇਹ ਹੈ ਕਿ ਮਸੀਹ ਤੁਹਾਡੇ ਵਿੱਚ ਹਨ ਜਿਹੜੇ ਅੱਗੇ ਆਉਣ ਵਾਲੀ ਮਹਿਮਾ ਦੀ ਉਮੀਦ ਹਨ । 28 ਅਸੀਂ ਮਸੀਹ ਦਾ ਪ੍ਰਚਾਰ ਸਾਰੇ ਮਨੁੱਖਾਂ ਦੇ ਸਾਹਮਣੇ ਕਰਦੇ ਹਾਂ । ਅਸੀਂ ਹਰ ਇੱਕ ਨੂੰ ਪਰਮੇਸ਼ਰ ਤੋਂ ਮਿਲੇ ਗਿਆਨ ਦੇ ਰਾਹੀਂ ਚਿਤਾਵਨੀ ਅਤੇ ਸਿੱਖਿਆ ਦਿੰਦੇ ਹਾਂ ਕਿ ਅਸੀਂ ਹਰ ਇੱਕ ਨੂੰ ਪਰਮੇਸ਼ਰ ਦੇ ਸਾਹਮਣੇ ਮਸੀਹ ਵਿੱਚ ਸੰਪੂਰਨ ਮਨੁੱਖ ਦੇ ਰੂਪ ਵਿੱਚ ਪੇਸ਼ ਕਰੀਏ । 29 ਇਸੇ ਉਦੇਸ਼ ਦੀ ਪ੍ਰਾਪਤੀ ਦੇ ਲਈ ਮੇਰੇ ਵਿੱਚ ਕੰਮ ਕਰ ਰਹੀ ਉਹਨਾਂ ਦੀ ਸਮਰੱਥਾ ਦੇ ਦੁਆਰਾ ਮੈਂ ਮਿਹਨਤ ਅਤੇ ਸੰਘਰਸ਼ ਕਰ ਰਿਹਾ ਹਾਂ । |
Punjabi Common Language (North American Version):
Text © 2021 Canadian Bible Society and Bible Society of India
Bible Society of India