ਰਸੂਲਾਂ 1 - ਪਵਿੱਤਰ ਬਾਈਬਲ (Revised Common Language North American Edition)1 ਹੇ ਮਾਣਯੋਗ ਥਿਓਫ਼ਿਲੁਸ, ਮੈਂ ਆਪਣੀ ਪਹਿਲੀ ਪੁਸਤਕ ਵਿੱਚ ਉਹ ਸਭ ਲਿਖਿਆ ਜੋ ਪ੍ਰਭੂ ਯਿਸੂ ਨੇ ਸ਼ੁਰੂ ਤੋਂ ਕੀਤਾ ਅਤੇ ਸਿਖਾਇਆ 2 ਜਦੋਂ ਤੱਕ ਕਿ ਉਹ ਉੱਪਰ ਸਵਰਗ ਵਿੱਚ ਉਠਾਏ ਨਾ ਗਏ । ਉਹਨਾਂ ਨੇ ਉੱਪਰ ਉਠਾਏ ਜਾਣ ਤੋਂ ਪਹਿਲਾਂ ਆਪਣੇ ਚੁਣੇ ਹੋਏ ਰਸੂਲਾਂ ਨੂੰ ਪਵਿੱਤਰ ਆਤਮਾ ਦੇ ਰਾਹੀਂ ਹਿਦਾਇਤਾਂ ਦਿੱਤੀਆਂ । 3 ਉਹਨਾਂ ਨੇ ਆਪਣੀ ਮੌਤ ਦਾ ਦੁੱਖ ਭੋਗਣ ਦੇ ਬਾਅਦ ਬਹੁਤ ਸਾਰੇ ਸਬੂਤਾਂ ਦੇ ਰਾਹੀਂ ਆਪਣਾ ਜਿਊਂਦਾ ਹੋਣਾ ਸਿੱਧ ਕੀਤਾ । ਉਹ ਚਾਲੀ ਦਿਨਾਂ ਤੱਕ ਉਹਨਾਂ ਨੂੰ ਦਰਸ਼ਨ ਦਿੰਦੇ ਅਤੇ ਪਰਮੇਸ਼ਰ ਦੇ ਰਾਜ ਬਾਰੇ ਦੱਸਦੇ ਰਹੇ । 4 ਜਦੋਂ ਯਿਸੂ ਚੇਲਿਆਂ ਨੂੰ ਮਿਲੇ ਤਾਂ ਉਹਨਾਂ ਨੂੰ ਹੁਕਮ ਦਿੱਤਾ, “ਯਰੂਸ਼ਲਮ ਤੋਂ ਬਾਹਰ ਨਾ ਜਾਣਾ ਸਗੋਂ ਪਿਤਾ ਦੇ ਉਸ ਵਚਨ ਦੇ ਪੂਰਾ ਹੋਣ ਦੀ ਉਡੀਕ ਕਰਨਾ ਜਿਸ ਦੇ ਬਾਰੇ ਤੁਸੀਂ ਮੇਰੇ ਕੋਲੋਂ ਸੁਣਿਆ ਹੈ 5 ਕਿਉਂਕਿ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਥੋੜ੍ਹੇ ਦਿਨਾਂ ਬਾਅਦ ਤੁਸੀਂ ਪਵਿੱਤਰ ਆਤਮਾ ਨਾਲ ਬਪਤਿਸਮਾ ਪਾਓਗੇ ।” ਪ੍ਰਭੂ ਯਿਸੂ ਦਾ ਸਵਰਗ ਵਿੱਚ ਉਠਾਇਆ ਜਾਣਾ 6 ਜਦੋਂ ਉਹ ਸਾਰੇ ਇਕੱਠੇ ਹੋਏ ਤਾਂ ਚੇਲਿਆਂ ਨੇ ਯਿਸੂ ਤੋਂ ਪੁੱਛਿਆ, “ਪ੍ਰਭੂ ਜੀ, ਕੀ ਤੁਸੀਂ ਇਸੇ ਸਮੇਂ ਇਸਰਾਏਲ ਕੌਮ ਦਾ ਰਾਜ ਫਿਰ ਸਥਾਪਤ ਕਰੋਗੇ ?” 7 ਉਹਨਾਂ ਨੇ ਚੇਲਿਆਂ ਨੂੰ ਉੱਤਰ ਦਿੱਤਾ, “ਉਹਨਾਂ ਨਿਸ਼ਚਿਤ ਸਮਿਆਂ ਅਤੇ ਮੌਕਿਆਂ ਬਾਰੇ ਜਾਨਣਾ ਤੁਹਾਡਾ ਕੰਮ ਨਹੀਂ ਹੈ ਜਿਹਨਾਂ ਨੂੰ ਪਿਤਾ ਨੇ ਆਪਣੇ ਅਧਿਕਾਰ ਵਿੱਚ ਰੱਖਿਆ ਹੈ । 8 ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਉਤਰੇਗਾ ਤੁਸੀਂ ਸਮਰੱਥਾ ਪ੍ਰਾਪਤ ਕਰੋਗੇ ਅਤੇ ਤੁਸੀਂ ਯਰੂਸ਼ਲਮ ਵਿੱਚ, ਸਾਰੇ ਯਹੂਦਿਯਾ, ਸਾਮਰਿਯਾ ਅਤੇ ਧਰਤੀ ਦੀਆਂ ਅੰਤਮ ਹੱਦਾਂ ਤੱਕ ਮੇਰੇ ਗਵਾਹ ਹੋਵੋਗੇ ।” 9 ਇਹ ਕਹਿਣ ਦੇ ਬਾਅਦ ਚੇਲਿਆਂ ਦੇ ਦੇਖਦੇ ਹੀ ਦੇਖਦੇ ਉਹ ਉੱਪਰ ਉਠਾ ਲਏ ਗਏ ਅਤੇ ਬੱਦਲ ਨੇ ਯਿਸੂ ਨੂੰ ਉਹਨਾਂ ਦੀਆਂ ਅੱਖਾਂ ਤੋਂ ਲੁਕਾ ਲਿਆ । 10 ਅਜੇ ਉਹ ਉੱਪਰ ਅਕਾਸ਼ ਵੱਲ ਬੜੇ ਧਿਆਨ ਨਾਲ ਯਿਸੂ ਨੂੰ ਜਾਂਦੇ ਦੇਖ ਹੀ ਰਹੇ ਸਨ ਕਿ ਅਚਾਨਕ ਚਿੱਟੇ ਕੱਪੜੇ ਪਹਿਨੇ ਹੋਏ ਦੋ ਆਦਮੀ ਉਹਨਾਂ ਦੇ ਕੋਲ ਆ ਖੜ੍ਹੇ ਹੋਏ । 11 ਉਹਨਾਂ ਨੇ ਕਿਹਾ, “ਹੇ ਗਲੀਲੀ ਆਦਮੀਓ, ਤੁਸੀਂ ਖੜ੍ਹੇ ਅਕਾਸ਼ ਵੱਲ ਕਿਉਂ ਦੇਖ ਰਹੇ ਹੋ ? ਇਹ ਹੀ ਯਿਸੂ ਜਿਹੜੇ ਤੁਹਾਡੇ ਕੋਲੋਂ ਸਵਰਗ ਵਿੱਚ ਉੱਪਰ ਉਠਾ ਲਏ ਗਏ ਹਨ, ਇਸੇ ਤਰ੍ਹਾਂ ਫਿਰ ਆਉਣਗੇ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਸਵਰਗ ਵਿੱਚ ਉੱਪਰ ਜਾਂਦੇ ਦੇਖਿਆ ਹੈ ।” ਨਵੇਂ ਰਸੂਲ ਦੀ ਚੋਣ 12 ਫਿਰ ਚੇਲੇ ਜ਼ੈਤੂਨ ਨਾਂ ਦੇ ਪਹਾੜ ਤੋਂ ਯਰੂਸ਼ਲਮ ਨੂੰ ਵਾਪਸ ਗਏ । ਇਹ ਪਹਾੜ ਯਰੂਸ਼ਲਮ ਤੋਂ ਕੋਈ ਇੱਕ ਕਿਲੋਮੀਟਰ ਦੂਰ ਹੈ । 13 ਸ਼ਹਿਰ ਵਿੱਚ ਵਾਪਸ ਆ ਕੇ ਉਹ ਉਸ ਚੁਬਾਰੇ ਵਿੱਚ ਗਏ ਜਿੱਥੇ ਪਤਰਸ, ਯੂਹੰਨਾ, ਯਾਕੂਬ, ਅੰਦ੍ਰਿਯਾਸ, ਫ਼ਿਲਿੱਪੁਸ, ਥੋਮਾ, ਬਰਥੁਲਮਈ, ਮੱਤੀ, ਹਲਫ਼ਈ ਦਾ ਪੁੱਤਰ ਯਾਕੂਬ, ਸ਼ਮਊਨ ਦੇਸ਼ ਭਗਤ ਅਤੇ ਯਾਕੂਬ ਦਾ ਪੁੱਤਰ ਯਹੂਦਾਹ ਰਹਿ ਰਹੇ ਸਨ । 14 ਉਹ ਸਾਰੇ (ਜਿਹਨਾਂ ਵਿੱਚ ਕੁਝ ਔਰਤਾਂ, ਯਿਸੂ ਦੀ ਮਾਂ ਮਰਿਯਮ ਅਤੇ ਉਹਨਾਂ ਦੇ ਭਰਾ ਵੀ ਸਨ) ਇੱਕ ਮਨ ਹੋ ਕੇ ਲਗਾਤਾਰ ਪ੍ਰਾਰਥਨਾ ਕਰਦੇ ਰਹੇ । 15 ਇਹਨਾਂ ਦਿਨਾਂ ਵਿੱਚ ਪਤਰਸ ਇਕੱਠੇ ਹੋਏ ਭਰਾਵਾਂ ਦੇ ਸਾਹਮਣੇ ਖੜ੍ਹਾ ਹੋਇਆ (ਜਿਹਨਾਂ ਦੀ ਗਿਣਤੀ ਕੋਈ ਇੱਕ ਸੌ ਵੀਹ ਸੀ) 16 ਅਤੇ ਉਸ ਨੇ ਕਿਹਾ, “ਭਰਾਵੋ, ਇਹ ਜ਼ਰੂਰੀ ਸੀ ਕਿ ਪਵਿੱਤਰ-ਗ੍ਰੰਥ ਦਾ ਵਚਨ ਪੂਰਾ ਹੋਵੇ ਜਿਹੜਾ ਪਵਿੱਤਰ ਆਤਮਾ ਨੇ ਦਾਊਦ ਦੇ ਦੁਆਰਾ ਯਹੂਦਾ ਬਾਰੇ ਪਹਿਲਾਂ ਹੀ ਕਿਹਾ ਸੀ ਜਿਹੜਾ ਯਿਸੂ ਦੇ ਫੜਨ ਵਾਲਿਆਂ ਦਾ ਆਗੂ ਸੀ । 17 ਯਹੂਦਾ ਸਾਡੇ ਵਿੱਚੋਂ ਇੱਕ ਸੀ ਅਤੇ ਉਹ ਸਾਡੇ ਨਾਲ ਇਸੇ ਸੇਵਾ ਲਈ ਚੁਣਿਆ ਗਿਆ ਸੀ ।” 18 (ਯਹੂਦਾ ਨੇ ਆਪਣੇ ਇਸ ਪਾਪ ਦੇ ਪੈਸੇ ਨਾਲ ਇੱਕ ਖੇਤ ਮੁੱਲ ਲਿਆ ਜਿੱਥੇ ਉਹ ਸਿਰ ਦੇ ਭਾਰ ਡਿੱਗਿਆ ਅਤੇ ਉਸ ਦਾ ਢਿੱਡ ਪਾਟ ਗਿਆ ਜਿਸ ਕਾਰਨ ਉਸ ਦੀਆਂ ਸਾਰੀਆਂ ਆਂਦਰਾਂ ਬਾਹਰ ਨਿੱਕਲ ਆਈਆਂ । 19 ਯਰੂਸ਼ਲਮ ਦੇ ਸਾਰੇ ਨਿਵਾਸੀਆਂ ਨੇ ਇਸ ਬਾਰੇ ਸੁਣਿਆ ਇਸ ਲਈ ਉਹ ਖੇਤ ਉਹਨਾਂ ਦੀ ਭਾਸ਼ਾ ਵਿੱਚ ‘ਅਕਲਦਮਾ’ ਭਾਵ ‘ਖ਼ੂਨ ਦਾ ਖੇਤ’ ਅਖਵਾਇਆ ।) 20 “ਭਜਨਾਂ ਦੀ ਪੁਸਤਕ ਵਿੱਚ ਵੀ ਲਿਖਿਆ ਹੋਇਆ ਹੈ, ‘ਉਸ ਦੇ ਰਹਿਣ ਦੀ ਥਾਂ ਵੀਰਾਨ ਹੋ ਜਾਵੇ, ਉਸ ਵਿੱਚ ਰਹਿਣ ਵਾਲਾ ਕੋਈ ਨਾ ਹੋਵੇ ।’ ਫਿਰ ਇਹ ਵੀ ਹੈ, ‘ਉਸ ਦੀ ਥਾਂ ਕੋਈ ਦੂਜਾ ਸੰਭਾਲੇ ।’ 21-22 “ਇਸ ਲਈ ਇਹ ਜ਼ਰੂਰੀ ਹੈ ਕਿ ਇੱਕ ਆਦਮੀ ਸਾਡੇ ਨਾਲ ਪ੍ਰਭੂ ਯਿਸੂ ਦੇ ਪੁਨਰ-ਉਥਾਨ ਦਾ ਗਵਾਹ ਬਣੇ । ਇਹ ਆਦਮੀ ਉਹਨਾਂ ਆਦਮੀਆਂ ਵਿੱਚੋਂ ਹੋਣਾ ਚਾਹੀਦਾ ਹੈ ਜਿਹੜੇ ਉਸ ਸਾਰੇ ਸਮੇਂ ਵਿੱਚ ਯੂਹੰਨਾ ਦੇ ਬਪਤਿਸਮਾ ਦੇਣ ਤੋਂ ਲੈ ਕੇ ਯਿਸੂ ਦੇ ਸਵਰਗ ਵਿੱਚ ਉੱਠਾਏ ਜਾਣ ਤੱਕ ਜਦੋਂ ਕਿ ਯਿਸੂ ਸਾਡੇ ਵਿੱਚ ਆਉਂਦੇ ਜਾਂਦੇ ਰਹੇ, ਲਗਾਤਾਰ ਸਾਡੇ ਨਾਲ ਸੀ ।” 23 ਉਹਨਾਂ ਨੇ ਦੋ ਆਦਮੀਆਂ ਨੂੰ ਅੱਗੇ ਕੀਤਾ, ਇੱਕ ਯੂਸਫ਼ ਜਿਹੜਾ ਬਰਸੱਬਾਸ ਅਖਵਾਉਂਦਾ ਸੀ ਜਿਸ ਦਾ ਉਪਨਾਮ ਯੂਸਤੁਸ ਸੀ ਅਤੇ ਦੂਜਾ ਮੱਥਿਯਾਸ । 24 ਫਿਰ ਉਹਨਾਂ ਨੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ, “ਹੇ ਪ੍ਰਭੂ, ਤੁਸੀਂ ਸਾਰਿਆਂ ਦੇ ਦਿਲਾਂ ਨੂੰ ਜਾਣਦੇ ਹੋ । ਇਸ ਲਈ ਸਾਡੇ ਉੱਤੇ ਪ੍ਰਗਟ ਕਰੋ ਕਿ ਇਹਨਾਂ ਦੋਨਾਂ ਵਿੱਚੋਂ ਤੁਸੀਂ ਕਿਸ ਨੂੰ ਚੁਣਿਆ ਹੈ 25 ਕਿ ਉਹ ਰਸੂਲ ਹੋਣ ਦਾ ਸਥਾਨ ਪ੍ਰਾਪਤ ਕਰੇ ਜਿਸ ਨੂੰ ਛੱਡ ਕੇ ਯਹੂਦਾ ਆਪਣੀ ਥਾਂ ਉੱਤੇ ਚਲਾ ਗਿਆ ਹੈ ।” 26 ਫਿਰ ਉਹਨਾਂ ਨੇ ਦੋਨਾਂ ਦੇ ਲਈ ਪਰਚੀਆਂ ਪਾਈਆਂ ਅਤੇ ਪਰਚੀ ਮੱਥਿਯਾਸ ਦੇ ਨਾਂ ਦੀ ਨਿਕਲੀ । ਇਸ ਤਰ੍ਹਾਂ ਮੱਥਿਯਾਸ ਗਿਆਰਾਂ ਰਸੂਲਾਂ ਵਿੱਚ ਸ਼ਾਮਿਲ ਕੀਤਾ ਗਿਆ । |
Punjabi Common Language (North American Version):
Text © 2021 Canadian Bible Society and Bible Society of India
Bible Society of India