2 ਤਿਮੋਥਿ 1 - ਪਵਿੱਤਰ ਬਾਈਬਲ (Revised Common Language North American Edition)1 ਪੌਲੁਸ ਦੇ ਵੱਲੋਂ ਜਿਹੜਾ ਜੀਵਨ ਦੇ ਵਾਅਦੇ ਦੇ ਅਨੁਸਾਰ ਜਿਹੜਾ ਮਸੀਹ ਯਿਸੂ ਵਿੱਚ ਹੈ, ਪਰਮੇਸ਼ਰ ਦੀ ਇੱਛਾ ਦੇ ਨਾਲ ਮਸੀਹ ਯਿਸੂ ਦਾ ਰਸੂਲ ਹੈ, 2 ਮੇਰੇ ਪਿਆਰੇ ਪੁੱਤਰ ਤਿਮੋਥਿਉਸ ਨੂੰ, ਪਰਮੇਸ਼ਰ ਪਿਤਾ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਦੇ ਵੱਲੋਂ ਕਿਰਪਾ, ਦਇਆ ਅਤੇ ਸ਼ਾਂਤੀ ਮਿਲੇ ! ਧੰਨਵਾਦ ਅਤੇ ਉਤਸ਼ਾਹ 3 ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ, ਜਿਹਨਾਂ ਦੀ ਸੇਵਾ ਮੈਂ ਆਪਣੇ ਪੁਰਖਿਆਂ ਦੀ ਤਰ੍ਹਾਂ ਸ਼ੁੱਧ ਅੰਤਹਕਰਨ ਨਾਲ ਕਰਦਾ ਹਾਂ । ਮੈਂ ਤੈਨੂੰ ਦਿਨ ਰਾਤ ਲਗਾਤਾਰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦਾ ਹਾਂ । 4 ਤੇਰੇ ਹੰਝੂਆਂ ਨੂੰ ਯਾਦ ਕਰ ਕੇ, ਮੈਂ ਤਾਂਘ ਨਾਲ ਤੈਨੂੰ ਦੇਖਣਾ ਚਾਹੁੰਦਾ ਹਾਂ ਤਾਂ ਜੋ ਮੈਂ ਖ਼ੁਸ਼ੀ ਨਾਲ ਭਰ ਜਾਵਾਂ । 5 ਮੈਨੂੰ ਤੇਰਾ ਸੱਚਾ ਵਿਸ਼ਵਾਸ ਯਾਦ ਹੈ ਜਿਹੜਾ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਬਾਅਦ ਵਿੱਚ ਤੇਰੀ ਮਾਂ ਯੂਨੀਕਾ ਵਿੱਚ ਸੀ । ਹੁਣ ਮੇਰਾ ਪੱਕਾ ਭਰੋਸਾ ਹੈ ਕਿ ਇਹ ਵਿਸ਼ਵਾਸ ਤੇਰੇ ਵਿੱਚ ਵੀ ਹੈ । 6 ਇਸੇ ਕਾਰਨ ਮੈਂ ਤੈਨੂੰ ਯਾਦ ਕਰਵਾ ਰਿਹਾ ਹਾਂ ਕਿ ਤੂੰ ਉਸ ਵਰਦਾਨ ਨੂੰ ਜਿਊਂਦਾ ਰੱਖ ਜਿਹੜਾ ਤੇਰੇ ਸਿਰ ਦੇ ਉੱਤੇ ਮੇਰੇ ਹੱਥ ਰੱਖਣ ਦੇ ਸਮੇਂ ਤੈਨੂੰ ਪਰਮੇਸ਼ਰ ਨੇ ਦਿੱਤਾ ਸੀ 7 ਕਿਉਂਕਿ ਪਰਮੇਸ਼ਰ ਨੇ ਸਾਨੂੰ ਡਰਨ ਦਾ ਨਹੀਂ ਸਗੋਂ ਸਮਰੱਥਾ, ਪਿਆਰ ਅਤੇ ਸੰਜਮ ਦਾ ਆਤਮਾ ਦਿੱਤਾ ਹੈ । 8 ਇਸ ਲਈ ਤੂੰ ਸਾਡੇ ਪ੍ਰਭੂ ਦੇ ਬਾਰੇ ਗਵਾਹੀ ਦੇਣ ਤੋਂ ਸ਼ਰਮਿੰਦਾ ਨਾ ਹੋ ਅਤੇ ਨਾ ਹੀ ਮੇਰੇ ਤੋਂ ਜਿਹੜਾ ਉਹਨਾਂ ਦਾ ਕੈਦੀ ਹਾਂ ਸਗੋਂ ਪਰਮੇਸ਼ਰ ਤੋਂ ਮਿਲੀ ਸਮਰੱਥਾ ਦੁਆਰਾ ਮੇਰੇ ਨਾਲ ਸ਼ੁਭ ਸਮਾਚਾਰ ਦੇ ਲਈ ਦੁੱਖ ਸਹਿ । 9 ਪਰਮੇਸ਼ਰ ਨੇ ਸਾਨੂੰ ਮੁਕਤੀ ਦਿੱਤੀ ਹੈ ਅਤੇ ਪਵਿੱਤਰ ਜੀਵਨ ਬਤੀਤ ਕਰਨ ਦੇ ਲਈ ਸੱਦਿਆ ਹੈ । ਇਹ ਸਾਡੇ ਕੰਮਾਂ ਦੇ ਕਾਰਨ ਨਹੀਂ ਸਗੋਂ ਉਹਨਾਂ ਦੇ ਆਪਣੇ ਉਦੇਸ਼ ਅਤੇ ਕਿਰਪਾ ਦੇ ਕਾਰਨ ਹੈ । ਇਹ ਕਿਰਪਾ ਸਾਨੂੰ ਮਸੀਹ ਯਿਸੂ ਵਿੱਚ ਅਨੰਤਕਾਲ ਤੋਂ ਦਿੱਤੀ ਗਈ ਹੈ । 10 ਪਰ ਹੁਣ ਇਹ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੇ ਪ੍ਰਗਟ ਹੋਣ ਦੇ ਦੁਆਰਾ ਚਾਨਣ ਵਿੱਚ ਲਿਆਂਦੀ ਗਈ ਹੈ । ਉਹਨਾਂ ਨੇ ਮੌਤ ਦਾ ਨਾਸ਼ ਕਰ ਕੇ ਜੀਵਨ ਅਤੇ ਅਮਰਤਾ ਨੂੰ ਸ਼ੁਭ ਸਮਾਚਾਰ ਦੇ ਰਾਹੀਂ ਚਾਨਣ ਵਿੱਚ ਲਿਆਂਦਾ ਹੈ । 11 ਪਰਮੇਸ਼ਰ ਨੇ ਮੈਨੂੰ ਇਸੇ ਸ਼ੁਭ ਸਮਾਚਾਰ ਦਾ ਪ੍ਰਚਾਰਕ, ਰਸੂਲ ਅਤੇ ਸਿੱਖਿਅਕ ਨਿਯੁਕਤ ਕੀਤਾ ਹੈ । 12 ਇਹ ਹੀ ਕਾਰਨ ਹੈ ਕਿ ਮੈਂ ਇਹ ਸਭ ਦੁੱਖ ਝੱਲ ਰਿਹਾ ਹਾਂ ਪਰ ਮੈਂ ਸ਼ਰਮਿੰਦਾ ਨਹੀਂ ਹਾਂ ਕਿਉਂਕਿ ਮੈਂ ਪਰਮੇਸ਼ਰ ਨੂੰ ਚੰਗੀ ਤਰ੍ਹਾਂ ਨਾਲ ਜਾਣਦਾ ਹਾਂ ਜਿਹਨਾਂ ਦੇ ਉੱਤੇ ਮੈਂ ਭਰੋਸਾ ਕੀਤਾ ਹੈ । ਮੇਰਾ ਪੂਰਾ ਭਰੋਸਾ ਹੈ ਕਿ ਜੋ ਕੁਝ ਮੈਨੂੰ ਸੌਂਪਿਆ ਗਿਆ ਹੈ, ਉਹ ਉਸ ਦਿਨ ਦੇ ਆਉਣ ਤੱਕ ਉਸ ਦੀ ਸੁਰੱਖਿਆ ਕਰ ਸਕਦੇ ਹਨ । 13 ਉਹ ਖਰੀਆਂ ਸਿੱਖਿਆਵਾਂ ਜਿਹੜੀਆਂ ਮਸੀਹ ਯਿਸੂ ਦੇ ਵਿਸ਼ਵਾਸ ਅਤੇ ਪਿਆਰ ਵਿੱਚ ਹਨ ਜਿਹੜੀਆਂ ਤੂੰ ਮੇਰੇ ਕੋਲੋਂ ਸੁਣੀਆਂ ਸਨ ਉਹਨਾਂ ਦੀ ਉਦਾਹਰਨ ਉੱਤੇ ਚੱਲਦਾ ਰਹਿ । 14 ਪਵਿੱਤਰ ਆਤਮਾ ਜਿਹੜਾ ਸਾਡੇ ਵਿੱਚ ਵਾਸ ਕਰਦਾ ਹੈ ਉਸ ਦੇ ਦੁਆਰਾ ਉਹਨਾਂ ਉੱਤਮ ਸਿੱਖਿਆਵਾਂ ਦੀ ਸੁਰੱਖਿਆ ਕਰ ਜਿਹੜੀਆਂ ਤੈਨੂੰ ਸੌਂਪੀਆਂ ਗਈਆਂ ਹਨ । 15 ਤੂੰ ਜਾਣਦਾ ਹੀ ਹੈਂ ਕਿ ਏਸ਼ੀਆ ਵਿੱਚ ਹਰ ਕਿਸੇ ਨੇ, ਇੱਥੋਂ ਤੱਕ ਕਿ ਫ਼ੁਗਿਲੁਸ ਅਤੇ ਹਰਮੁਗਨੇਸ ਨੇ ਵੀ ਮੇਰਾ ਸਾਥ ਛੱਡ ਦਿੱਤਾ ਹੈ । 16 ਪ੍ਰਭੂ ਉਨੇਸਿਫ਼ੁਰੁਸ ਦੇ ਪਰਿਵਾਰ ਉੱਤੇ ਦਇਆ ਦਿਖਾਉਣ । ਉਸ ਨੇ ਅਕਸਰ ਮੈਨੂੰ ਉਤਸ਼ਾਹ ਦਿੱਤਾ ਹੈ, ਇੱਥੋਂ ਤੱਕ ਕਿ ਉਹ ਮੇਰੇ ਕੈਦ ਵਿੱਚ ਹੋਣ ਦੇ ਕਾਰਨ ਕਿਸੇ ਤਰ੍ਹਾਂ ਵੀ ਸ਼ਰਮਿੰਦਾ ਨਹੀਂ ਹੋਇਆ 17 ਸਗੋਂ ਜਦੋਂ ਉਹ ਰੋਮ ਵਿੱਚ ਆਇਆ, ਉਹ ਮੈਨੂੰ ਯਤਨ ਕਰ ਕੇ ਲੱਭਦਾ ਰਿਹਾ ਜਦੋਂ ਤੱਕ ਕਿ ਉਸ ਨੇ ਮੈਨੂੰ ਲੱਭ ਨਾ ਲਿਆ । 18 ਤੂੰ ਆਪ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਉਸ ਨੇ ਅਫ਼ਸੁਸ ਵਿੱਚ ਕਈ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਹਨ । ਪ੍ਰਭੂ ਉਸ ਨੂੰ ਉਸ ਦਿਨ ਆਪਣੀ ਦਇਆ ਪ੍ਰਦਾਨ ਕਰਨ । |
Punjabi Common Language (North American Version):
Text © 2021 Canadian Bible Society and Bible Society of India
Bible Society of India