2 ਥੱਸਲੁ 3 - ਪਵਿੱਤਰ ਬਾਈਬਲ (Revised Common Language North American Edition)ਸਾਡੇ ਲਈ ਪ੍ਰਾਰਥਨਾ 1 ਅੰਤ ਵਿੱਚ ਭਰਾਵੋ ਅਤੇ ਭੈਣੋ, ਸਾਡੇ ਲਈ ਪ੍ਰਾਰਥਨਾ ਕਰੋ ਕਿ ਪ੍ਰਭੂ ਦਾ ਸੰਦੇਸ਼ ਤੇਜ਼ੀ ਨਾਲ ਫੈਲੇ ਅਤੇ ਹਰ ਥਾਂ ਆਦਰ ਪਾਵੇ, ਜਿਸ ਤਰ੍ਹਾਂ ਕਿ ਤੁਹਾਡੇ ਵਿੱਚ ਵੀ ਹੋਇਆ ਹੈ । 2 ਇਸ ਲਈ ਵੀ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਸਾਨੂੰ ਦੁਸ਼ਟ ਅਤੇ ਬੁਰੇ ਮਨੁੱਖਾਂ ਤੋਂ ਬਚਾਉਣ ਕਿਉਂਕਿ ਸਾਰੇ ਲੋਕ ਵਿਸ਼ਵਾਸ ਨਹੀਂ ਕਰਦੇ ਹਨ । 3 ਪਰ ਪਰਮੇਸ਼ਰ ਵਿਸ਼ਵਾਸਯੋਗ ਹਨ, ਉਹ ਤੁਹਾਨੂੰ ਬਲ ਦੇਣਗੇ ਅਤੇ ਤੁਹਾਡੀ ਸ਼ੈਤਾਨ ਤੋਂ ਰੱਖਿਆ ਕਰਨਗੇ 4 ਅਤੇ ਸਾਨੂੰ ਪ੍ਰਭੂ ਵਿੱਚ ਤੁਹਾਡੇ ਉੱਤੇ ਪੂਰਾ ਭਰੋਸਾ ਹੈ ਕਿ ਜਿਹਨਾਂ ਗੱਲਾਂ ਦਾ ਹੁਕਮ ਅਸੀਂ ਤੁਹਾਨੂੰ ਦਿੰਦੇ ਹਾਂ ਤੁਸੀਂ ਉਹ ਕਰ ਰਹੇ ਹੋ ਅਤੇ ਅੱਗੇ ਵੀ ਕਰਦੇ ਰਹੋਗੇ । 5 ਪ੍ਰਭੂ ਤੁਹਾਡੇ ਦਿਲਾਂ ਦੀ ਅਗਵਾਈ ਪਰਮੇਸ਼ਰ ਦੇ ਪਿਆਰ ਵੱਲ ਕਰਨ ਅਤੇ ਤੁਹਾਨੂੰ ਮਸੀਹ ਦੇ ਧੀਰਜ ਵਿੱਚ ਪੱਕਾ ਕਰਨ । ਆਲਸ ਦੇ ਵਿਰੁੱਧ ਚਿਤਾਵਨੀ 6 ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਹੁਕਮ ਦਿੰਦੇ ਹਾਂ ਕਿ ਉਹਨਾਂ ਵਿਸ਼ਵਾਸੀਆਂ ਦੇ ਨਾਲ ਕੋਈ ਵਾਸਤਾ ਨਾ ਰੱਖੋ ਜਿਹੜੇ ਵਿਹਲੇ ਰਹਿਣ ਦੇ ਆਦੀ ਹਨ ਅਤੇ ਜਿਹੜੀਆਂ ਹਿਦਾਇਤਾਂ ਅਸੀਂ ਉਹਨਾਂ ਨੂੰ ਦਿੱਤੀਆਂ ਸਨ ਉਹਨਾਂ ਦੀ ਪਾਲਣਾ ਨਹੀਂ ਕਰਦੇ । 7 ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਨੂੰ ਕਿਸ ਤਰ੍ਹਾਂ ਸਾਡੇ ਵਰਗੇ ਬਣਨਾ ਚਾਹੀਦਾ ਹੈ । ਅਸੀਂ ਜਦੋਂ ਤੁਹਾਡੇ ਕੋਲ ਸੀ ਅਸੀਂ ਵਿਹਲੇ ਨਹੀਂ ਰਹੇ । 8 ਅਸੀਂ ਕਿਸੇ ਕੋਲੋਂ ਮੁਫ਼ਤ ਭੋਜਨ ਨਹੀਂ ਖਾਧਾ ਸਗੋਂ ਅਸੀਂ ਦਿਨ ਰਾਤ ਮਿਹਨਤ ਕੀਤੀ ਤਾਂ ਜੋ ਤੁਹਾਡੇ ਵਿੱਚੋਂ ਕਿਸੇ ਦੇ ਉੱਤੇ ਵੀ ਭਾਰ ਨਾ ਬਣੀਏ । 9 ਇਹ ਇਸ ਲਈ ਨਹੀਂ ਸੀ ਕਿ ਸਾਡਾ ਇਸ ਦੇ ਲਈ ਕੋਈ ਅਧਿਕਾਰ ਨਹੀਂ ਬਣਦਾ ਸੀ ਸਗੋਂ ਇਸ ਲਈ ਕਿ ਅਸੀਂ ਤੁਹਾਡੇ ਸਾਹਮਣੇ ਇੱਕ ਉਦਾਹਰਨ ਬਣਨਾ ਚਾਹੁੰਦੇ ਸੀ ਤਾਂ ਜੋ ਤੁਸੀਂ ਸਾਡੇ ਵਰਗੇ ਬਣੋ । 10 ਜਦੋਂ ਅਸੀਂ ਤੁਹਾਡੇ ਕੋਲ ਸੀ, ਅਸੀਂ ਤੁਹਾਨੂੰ ਇਹ ਹੁਕਮ ਦਿੱਤਾ ਸੀ ਕਿ “ਜਿਹੜਾ ਕੰਮ ਨਾ ਕਰੇ ਉਹ ਰੋਟੀ ਵੀ ਨਾ ਖਾਵੇ ।” 11 ਅਸੀਂ ਇਹ ਸਭ ਇਸ ਲਈ ਕਹਿ ਰਹੇ ਹਾਂ ਕਿਉਂਕਿ ਸਾਨੂੰ ਪਤਾ ਲੱਗਾ ਹੈ ਕਿ ਤੁਹਾਡੇ ਵਿੱਚ ਕੁਝ ਅਜਿਹੇ ਲੋਕ ਵੀ ਹਨ ਜਿਹੜੇ ਆਪ ਤਾਂ ਕੋਈ ਕੰਮ ਨਹੀਂ ਕਰਦੇ ਸਗੋਂ ਦੂਜਿਆਂ ਦੇ ਕੰਮਾਂ ਵਿੱਚ ਵੀ ਰੁਕਾਵਟ ਬਣਦੇ ਹਨ । 12 ਅਜਿਹੇ ਲੋਕਾਂ ਨੂੰ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਇਹ ਹੁਕਮ ਦਿੰਦੇ ਹਾਂ ਕਿ ਉਹ ਚੁੱਪ-ਚਾਪ ਆਪਣੇ ਕੰਮ ਵਿੱਚ ਲੱਗ ਜਾਣ ਅਤੇ ਆਪਣੀ ਰੋਜ਼ੀ ਕਮਾਉਣ । 13 ਭਰਾਵੋ ਅਤੇ ਭੈਣੋ, ਜਿੱਥੋਂ ਤੱਕ ਤੁਹਾਡਾ ਸਵਾਲ ਹੈ, ਤੁਸੀਂ ਭਲੇ ਕੰਮ ਕਰਦੇ ਹੋਏ ਦਿਲ ਨਾ ਛੱਡੋ । 14 ਜੇਕਰ ਕੋਈ ਇਸ ਪੱਤਰ ਵਿੱਚ ਸਾਡੀਆਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਨਾ ਕਰੇ, ਉਸ ਵੱਲ ਖ਼ਾਸ ਧਿਆਨ ਦੇਵੋ ਅਤੇ ਉਸ ਦੇ ਨਾਲ ਕੋਈ ਮੇਲ ਨਾ ਰੱਖੋ ਤਾਂ ਜੋ ਉਹ ਸ਼ਰਮਿੰਦਾ ਹੋਵੇ । 15 ਤੁਸੀਂ ਉਸ ਨੂੰ ਆਪਣਾ ਵੈਰੀ ਨਾ ਸਮਝੋ ਸਗੋਂ ਉਸ ਨੂੰ ਆਪਣਾ ਭਰਾ ਅਤੇ ਭੈਣ ਸਮਝ ਕੇ ਚਿਤਾਵਨੀ ਦਿਓ । ਅੰਤਮ ਅਸੀਸ ਅਤੇ ਨਮਸਕਾਰ 16 ਪ੍ਰਭੂ ਜਿਹੜੇ ਆਪ ਸ਼ਾਂਤੀ ਦੇ ਸ੍ਰੋਤ ਹਨ ਹਰ ਸਮੇਂ ਅਤੇ ਹਰ ਤਰ੍ਹਾਂ ਨਾਲ ਤੁਹਾਨੂੰ ਸ਼ਾਂਤੀ ਦੇਣ । ਪ੍ਰਭੂ ਤੁਹਾਡੇ ਸਾਰਿਆਂ ਦੇ ਨਾਲ ਹੋਣ । 17 ਮੈਂ, ਪੌਲੁਸ, ਆਪਣੇ ਹੱਥ ਨਾਲ ਨਮਸਕਾਰ ਲਿਖਦਾ ਹਾਂ ਜੋ ਮੇਰੇ ਸਾਰੇ ਪੱਤਰਾਂ ਵਿੱਚ ਨਿਸ਼ਾਨ ਹੈ । ਮੈਂ ਇਸੇ ਤਰ੍ਹਾਂ ਲਿਖਦਾ ਹਾਂ । 18 ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ । |
Punjabi Common Language (North American Version):
Text © 2021 Canadian Bible Society and Bible Society of India
Bible Society of India