2 ਥੱਸਲੁ 1 - ਪਵਿੱਤਰ ਬਾਈਬਲ (Revised Common Language North American Edition)1 ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਦੇ ਵੱਲੋਂ ਥਸਲੁਨੀਕਾ ਦੀ ਕਲੀਸੀਯਾ ਨੂੰ ਜਿਹੜੀ ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੈ, 2 ਪਰਮੇਸ਼ਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ ! ਮਸੀਹ ਦੇ ਆਉਣ ਤੇ ਹੋਣ ਵਾਲਾ ਨਿਆਂ 3 ਭਰਾਵੋ ਅਤੇ ਭੈਣੋ ਸਾਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਤੁਹਾਡੇ ਲਈ ਪਰਮੇਸ਼ਰ ਦਾ ਧੰਨਵਾਦ ਕਰੀਏ । ਇਹ ਕਰਨਾ ਠੀਕ ਵੀ ਹੈ ਕਿਉਂਕਿ ਤੁਹਾਡਾ ਵਿਸ਼ਵਾਸ ਬਹੁਤ ਵੱਧ ਰਿਹਾ ਹੈ ਅਤੇ ਤੁਹਾਡਾ ਆਪਸ ਵਿੱਚ ਪਿਆਰ ਹੋਰ ਵੀ ਜ਼ਿਆਦਾ ਵੱਧ ਰਿਹਾ ਹੈ । 4 ਇਸ ਲਈ ਅਸੀਂ ਤੁਹਾਡੇ ਬਾਰੇ ਪਰਮੇਸ਼ਰ ਦੀਆਂ ਦੂਜੀਆਂ ਕਲੀਸੀਯਾਵਾਂ ਦੇ ਸਾਹਮਣੇ ਮਾਣ ਕਰਦੇ ਹਾਂ ਕਿਉਂਕਿ ਤੁਹਾਡਾ ਵਿਸ਼ਵਾਸ ਹਰ ਤਰ੍ਹਾਂ ਦੇ ਅੱਤਿਆਚਾਰਾਂ ਅਤੇ ਦੁੱਖਾਂ ਦੇ ਸਮੇਂ ਅਟੱਲ ਰਿਹਾ ਹੈ । 5 ਇਹ ਸਭ ਪਰਮੇਸ਼ਰ ਦੇ ਸੱਚੇ ਨਿਆਂ ਦਾ ਸਬੂਤ ਹੈ । ਇਸੇ ਕਾਰਨ ਅੰਤ ਵਿੱਚ ਤੁਸੀਂ ਪਰਮੇਸ਼ਰ ਦੇ ਰਾਜ ਦੇ ਯੋਗ ਠਹਿਰੋਗੇ ਜਿਸ ਦੇ ਲਈ ਤੁਸੀਂ ਦੁੱਖ ਸਹਿ ਰਹੇ ਹੋ । 6 ਪਰਮੇਸ਼ਰ ਨਿਆਂਕਾਰੀ ਹਨ ਉਹ ਉਹਨਾਂ ਨੂੰ ਦੁੱਖ ਦੇਣਗੇ ਜਿਹੜੇ ਤੁਹਾਨੂੰ ਦੁੱਖ ਦਿੰਦੇ ਹਨ 7 ਅਤੇ ਤੁਸੀਂ ਜਿਹੜੇ ਦੁੱਖਾਂ ਵਿੱਚ ਹੋ, ਤੁਹਾਨੂੰ ਅਤੇ ਸਾਨੂੰ ਰਾਹਤ ਦੇਣਗੇ । ਇਹ ਉਸ ਸਮੇਂ ਹੋਵੇਗਾ, ਜਦੋਂ ਪ੍ਰਭੂ ਯਿਸੂ ਆਪਣੇ ਸ਼ਕਤੀਸ਼ਾਲੀ ਸਵਰਗਦੂਤਾਂ ਦੇ ਨਾਲ ਸਵਰਗ ਤੋਂ 8 ਬਲਦੀ ਅੱਗ ਦੇ ਵਿਚਕਾਰ ਪ੍ਰਗਟ ਹੋਣਗੇ । ਤਦ ਉਹ ਉਹਨਾਂ ਨੂੰ ਸਜ਼ਾ ਦੇਣਗੇ ਜਿਹੜੇ ਪਰਮੇਸ਼ਰ ਨੂੰ ਨਹੀਂ ਜਾਣਦੇ ਅਤੇ ਜਿਹੜੇ ਸਾਡੇ ਪ੍ਰਭੂ ਯਿਸੂ ਦੇ ਸ਼ੁਭ ਸਮਾਚਾਰ ਨੂੰ ਨਹੀਂ ਮੰਨਦੇ । 9 ਉਹਨਾਂ ਦੀ ਸਜ਼ਾ ਇਹ ਹੋਵੇਗੀ ਕਿ ਉਹ ਅਨੰਤਕਾਲ ਦੇ ਲਈ ਨਾਸ਼ ਕੀਤੇ ਜਾਣਗੇ ਅਤੇ ਪ੍ਰਭੂ ਦੀ ਹਜ਼ੂਰੀ ਅਤੇ ਉਹਨਾਂ ਦੇ ਤੇਜ ਦੀ ਸਮਰੱਥਾ ਤੋਂ ਦੂਰ ਕੀਤੇ ਜਾਣਗੇ । 10 ਇਹ ਉਸ ਦਿਨ ਹੋਵੇਗਾ ਜਿਸ ਦਿਨ ਪ੍ਰਭੂ ਆਪਣੇ ਪਵਿੱਤਰ ਲੋਕਾਂ ਵਿੱਚ ਮਹਿਮਾ ਪ੍ਰਾਪਤ ਕਰਨਗੇ ਅਤੇ ਜਿਹਨਾਂ ਨੇ ਉਹਨਾਂ ਵਿੱਚ ਵਿਸ਼ਵਾਸ ਕੀਤਾ ਹੈ ਉਹਨਾਂ ਵਿੱਚ ਅਸਚਰਜ ਦਾ ਕਾਰਨ ਹੋਣ ਲਈ ਆਉਣਗੇ । ਉਹਨਾਂ ਵਿੱਚ ਤੁਸੀਂ ਵੀ ਸ਼ਾਮਲ ਹੋ ਕਿਉਂਕਿ ਤੁਸੀਂ ਸਾਡੀ ਗਵਾਹੀ ਵਿੱਚ ਵਿਸ਼ਵਾਸ ਕੀਤਾ ਹੈ । 11 ਇਸੇ ਕਾਰਨ ਅਸੀਂ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ ਕਿ ਸਾਡੇ ਪਰਮੇਸ਼ਰ ਤੁਹਾਨੂੰ ਆਪਣੇ ਸੱਦੇ ਦੇ ਯੋਗ ਸਮਝਣ ਅਤੇ ਤੁਹਾਡੇ ਸਾਰੇ ਭਲੇ ਉਦੇਸ਼ਾਂ ਅਤੇ ਤੁਹਾਡੇ ਵਿਸ਼ਵਾਸ ਦੇ ਕੰਮਾਂ ਨੂੰ ਆਪਣੀ ਸਮਰੱਥਾ ਦੇ ਨਾਲ ਪੂਰਾ ਕਰਨ । 12 ਸਾਡੀ ਪ੍ਰਾਰਥਨਾ ਹੈ ਕਿ ਸਾਡੇ ਪ੍ਰਭੂ ਯਿਸੂ ਦਾ ਨਾਮ ਤੁਹਾਡੇ ਵਿੱਚ ਮਹਿਮਾ ਪਾਵੇ ਅਤੇ ਤੁਸੀਂ ਵੀ ਸਾਡੇ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਦੇ ਦੁਆਰਾ ਉਹਨਾਂ ਵਿੱਚ ਮਹਿਮਾ ਪਾਵੋ । |
Punjabi Common Language (North American Version):
Text © 2021 Canadian Bible Society and Bible Society of India
Bible Society of India