Aanlyn Bybel

- Advertensies -

੨ ਪਤਰਸ 1 - ਪਵਿੱਤਰ ਬਾਈਬਲ (Revised Common Language North American Edition)

1 ਯਿਸੂ ਮਸੀਹ ਦੇ ਸੇਵਕ ਅਤੇ ਰਸੂਲ ਸ਼ਮਊਨ ਪਤਰਸ ਦੇ ਵੱਲੋਂ, ਉਹਨਾਂ ਸਾਰਿਆਂ ਨੂੰ, ਜਿਹਨਾਂ ਨੂੰ ਸਾਡੇ ਪਰਮੇਸ਼ਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੀ ਨੇਕੀ ਦੇ ਦੁਆਰਾ ਸਾਡੇ ਵਿਸ਼ਵਾਸ ਵਰਗਾ ਕੀਮਤੀ ਵਿਸ਼ਵਾਸ ਦਿੱਤਾ ਗਿਆ ਹੈ ।

2 ਤੁਹਾਨੂੰ ਪਰਮੇਸ਼ਰ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ ਕਿਰਪਾ ਅਤੇ ਸ਼ਾਂਤੀ ਬਹੁਤਾਤ ਵਿੱਚ ਮਿਲਣ ।


ਮਸੀਹੀ ਸੱਦਾ ਅਤੇ ਚੋਣ

3 ਮਸੀਹ ਦੀ ਸਮਰੱਥਾ ਦੇ ਨਾਲ ਸਾਨੂੰ ਉਹ ਸਭ ਕੁਝ ਮਿਲਿਆ ਹੈ ਜਿਸ ਦੀ ਸਾਨੂੰ ਪਵਿੱਤਰ ਜੀਵਨ ਬਤੀਤ ਕਰਨ ਦੇ ਲਈ ਲੋੜ ਹੈ । ਇਹ ਪਰਮੇਸ਼ਰ ਦੇ ਗਿਆਨ ਦੇ ਦੁਆਰਾ ਹੋਇਆ ਜਿਹਨਾਂ ਨੇ ਸਾਨੂੰ ਆਪਣੀ ਮਹਿਮਾ ਅਤੇ ਗੁਣਾਂ ਦੇ ਹਿੱਸੇਦਾਰ ਹੋਣ ਦੇ ਲਈ ਸੱਦਿਆ ਹੈ ।

4 ਇਹਨਾਂ ਦੇ ਆਧਾਰ ਉੱਤੇ ਉਹਨਾਂ ਨੇ ਸਾਨੂੰ ਉੱਤਮ ਅਤੇ ਕੀਮਤੀ ਵਾਅਦੇ ਦਿੱਤੇ ਹਨ ਜਿਹਨਾਂ ਦੇ ਦੁਆਰਾ ਤੁਸੀਂ ਸੰਸਾਰ ਦੀਆਂ ਨਾਸ਼ਵਾਨ ਲਾਲਸਾਵਾਂ ਤੋਂ ਬਚ ਸਕਦੇ ਹੋ ਅਤੇ ਪਰਮੇਸ਼ਰ ਦੇ ਸੁਭਾਅ ਦੇ ਸਾਂਝੀ ਬਣ ਸਕਦੇ ਹੋ ।

5 ਇਸੇ ਲਈ ਤੁਸੀਂ ਵੀ ਆਪਣੇ ਵਿਸ਼ਵਾਸ ਨੂੰ ਭਲਾਈ ਦੇ ਨਾਲ ਪੱਕਾ ਕਰਨ ਦੀ ਪੂਰੀ ਕੋਸ਼ਿਸ਼ ਕਰੋ । ਆਪਣੀ ਭਲਾਈ ਨੂੰ ਗਿਆਨ ਦੇ ਨਾਲ,

6 ਆਪਣੇ ਗਿਆਨ ਨੂੰ ਸੰਜਮ ਦੇ ਨਾਲ, ਸੰਜਮ ਨੂੰ ਧੀਰਜ ਦੇ ਨਾਲ ਅਤੇ ਆਪਣੇ ਧੀਰਜ ਨੂੰ ਪਵਿੱਤਰਤਾ ਦੇ ਨਾਲ,

7 ਆਪਣੀ ਪਵਿੱਤਰਤਾ ਨੂੰ ਵਿਸ਼ਵਾਸੀਆਂ ਵਾਲੀ ਆਪਸੀ ਪ੍ਰੀਤ ਦੇ ਨਾਲ ਅਤੇ ਵਿਸ਼ਵਾਸੀਆਂ ਵਾਲੀ ਪ੍ਰੀਤ ਨੂੰ ਪਿਆਰ ਦੇ ਨਾਲ ਪੱਕਾ ਕਰੋ ।

8 ਜੇਕਰ ਇਹ ਗੁਣ ਤੁਹਾਡੇ ਵਿੱਚ ਬਹੁਤਾਤ ਦੇ ਨਾਲ ਹੋਣਗੇ ਤਾਂ ਇਹ ਤੁਹਾਨੂੰ ਕਿਰਿਆਸ਼ੀਲ ਅਤੇ ਪ੍ਰਭਾਵਸ਼ਾਲੀ ਬਣਾਉਣਗੇ ਇਸ ਤਰ੍ਹਾਂ ਤੁਸੀਂ ਸਾਡੇ ਯਿਸੂ ਮਸੀਹ ਦਾ ਸੰਪੂਰਨ ਗਿਆਨ ਪ੍ਰਾਪਤ ਕਰੋਗੇ

9 ਪਰ ਜਿਸ ਦੇ ਕੋਲ ਇਹ ਗੁਣ ਨਹੀਂ ਹਨ, ਉਹ ਕਮਜ਼ੋਰ ਨਜ਼ਰ ਵਾਲਾ ਹੈ ਅਤੇ ਦੇਖ ਨਹੀਂ ਸਕਦਾ । ਉਹ ਇਹ ਵੀ ਭੁੱਲ ਚੁੱਕਾ ਹੈ ਕਿ ਉਹ ਆਪਣੇ ਪਿਛਲੇ ਪਾਪਾਂ ਤੋਂ ਸ਼ੁੱਧ ਹੋ ਚੁੱਕਾ ਹੈ ।

10 ਇਸ ਲਈ ਮੇਰੇ ਭਰਾਵੋ ਅਤੇ ਭੈਣੋ, ਤੁਸੀਂ ਆਪਣੇ ਸੱਦੇ ਅਤੇ ਚੋਣ ਨੂੰ ਸੱਚਾ ਸਿੱਧ ਕਰਨ ਦੀ ਪੂਰੀ ਕੋਸ਼ਿਸ਼ ਕਰੋ ਕਿਉਂਕਿ ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਸੀਂ ਕਦੀ ਵੀ ਠੋਕਰ ਨਹੀਂ ਖਾਵੋਗੇ

11 ਅਤੇ ਤੁਸੀਂ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਅਨੰਤ ਰਾਜ ਵਿੱਚ ਦਾਖ਼ਲ ਹੋਣ ਦਾ ਪੂਰਾ ਹੱਕ ਪ੍ਰਾਪਤ ਕਰੋਗੇ ।

12 ਇਸੇ ਕਾਰਨ ਮੈਂ ਤੁਹਾਨੂੰ ਇਹ ਗੱਲਾਂ ਹਮੇਸ਼ਾ ਯਾਦ ਕਰਵਾਉਂਦਾ ਰਹਾਂਗਾ ਭਾਵੇਂ ਤੁਸੀਂ ਇਹਨਾਂ ਨੂੰ ਪਹਿਲਾਂ ਹੀ ਜਾਣਦੇ ਹੋ ਅਤੇ ਉਸ ਸੱਚ ਦੇ ਉੱਤੇ ਅਟੱਲ ਹੋ ਜਿਹੜਾ ਤੁਸੀਂ ਪ੍ਰਾਪਤ ਕੀਤਾ ਸੀ ।

13 ਮੈਂ ਇਹ ਉਚਿਤ ਸਮਝਦਾ ਹਾਂ ਕਿ ਜਦੋਂ ਤੱਕ ਮੈਂ ਸਰੀਰ ਦੇ ਤੰਬੂ ਵਿੱਚ ਹਾਂ, ਇਹ ਗੱਲਾਂ ਤੁਹਾਨੂੰ ਯਾਦ ਕਰਵਾਉਂਦਾ ਰਹਾਂ ।

14 ਮੈਂ ਇਹ ਜਾਣਦਾ ਹਾਂ ਕਿ ਮੇਰੇ ਸਰੀਰ ਦਾ ਤੰਬੂ ਛੇਤੀ ਹੀ ਪੁੱਟ ਦਿੱਤਾ ਜਾਵੇਗਾ ਜਿਸ ਤਰ੍ਹਾਂ ਕਿ ਸਾਡੇ ਪ੍ਰਭੂ ਯਿਸੂ ਮਸੀਹ ਨੇ ਮੇਰੇ ਉੱਤੇ ਪ੍ਰਗਟ ਕੀਤਾ ਹੈ ।

15 ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਕਿ ਮੇਰੇ ਚਲੇ ਜਾਣ ਦੇ ਬਾਅਦ ਤੁਸੀਂ ਹਮੇਸ਼ਾ ਇਹਨਾਂ ਗੱਲਾਂ ਨੂੰ ਯਾਦ ਰੱਖ ਸਕੋ ।


ਮਸੀਹ ਦੀ ਮਹਿਮਾ ਦੇ ਗਵਾਹ

16 ਜਦੋਂ ਅਸੀਂ ਤੁਹਾਨੂੰ ਮਸੀਹ ਦੀ ਸਮਰੱਥਾ ਅਤੇ ਉਹਨਾਂ ਦੇ ਦੁਬਾਰਾ ਆਉਣ ਦੇ ਬਾਰੇ ਦੱਸਿਆ ਸੀ, ਇਹ ਮਨਘੜਤ ਕਥਾਵਾਂ ਨਹੀਂ ਸਨ ਸਗੋਂ ਅਸੀਂ ਆਪ ਉਹਨਾਂ ਦੇ ਪ੍ਰਤਾਪ ਦੇ ਦਰਸ਼ਨ ਕੀਤੇ ਸਨ ।

17 ਅਸੀਂ ਉਸ ਸਮੇਂ ਉੱਥੇ ਸੀ ਜਦੋਂ ਮਹਿਮਾ ਅਤੇ ਪ੍ਰਤਾਪ ਵਾਲੇ ਪਿਤਾ ਪਰਮੇਸ਼ਰ ਨੇ ਯਿਸੂ ਨੂੰ ਆਦਰ ਅਤੇ ਮਹਿਮਾ ਦਿੱਤੀ ਅਤੇ ਕਿਹਾ, “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ ।”

18 ਅਸੀਂ ਉਸ ਸਮੇਂ ਪਵਿੱਤਰ ਪਹਾੜ ਦੇ ਉੱਤੇ ਉਹਨਾਂ ਦੇ ਨਾਲ ਸੀ, ਜਦੋਂ ਅਸੀਂ ਆਪ ਇਹ ਆਵਾਜ਼ ਸੁਣੀ ਜਿਹੜੀ ਸਵਰਗ ਤੋਂ ਆਈ ਸੀ ।

19 ਅਤੇ ਨਬੀਆਂ ਦਾ ਸੰਦੇਸ਼ ਜਿਹੜਾ ਸਾਡੇ ਕੋਲ ਹੈ ਸੱਚਾ ਸਿੱਧ ਹੋਇਆ ਅਤੇ ਤੁਹਾਡਾ ਉਸ ਦੇ ਉੱਤੇ ਧਿਆਨ ਦੇਣਾ ਭਲਾ ਹੈ ਕਿਉਂਕਿ ਇਹ ਸੰਦੇਸ਼ ਹਨੇਰੇ ਥਾਂ ਵਿੱਚ ਉਦੋਂ ਤੱਕ ਚਮਕਣ ਵਾਲੇ ਦੀਵੇ ਦੀ ਤਰ੍ਹਾਂ ਹੈ, ਜਦੋਂ ਤੱਕ ਕਿ ਤੜਕਾ ਨਾ ਹੋ ਜਾਵੇ ਅਤੇ ਸਵੇਰ ਦਾ ਤਾਰਾ ਤੁਹਾਡੇ ਦਿਲਾਂ ਵਿੱਚ ਨਾ ਆ ਚਮਕੇ ।

20 ਪਰ ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਨਣਾ ਚਾਹੀਦਾ ਹੈ ਕਿ ਪਵਿੱਤਰ-ਗ੍ਰੰਥ ਦੀ ਕਿਸੇ ਵੀ ਭਵਿੱਖਬਾਣੀ ਦੀ ਵਿਆਖਿਆ ਕੋਈ ਵੀ ਮਨੁੱਖ ਆਪਣੇ ਆਪ ਨਹੀਂ ਕਰ ਸਕਦਾ ।

21 ਕਿਉਂਕਿ ਕੋਈ ਵੀ ਭਵਿੱਖਬਾਣੀ ਮਨੁੱਖ ਦੀ ਇੱਛਾ ਦੇ ਨਾਲ ਨਹੀਂ ਕੀਤੀ ਗਈ ਸਗੋਂ ਉਹਨਾਂ ਨੇ ਪਵਿੱਤਰ ਆਤਮਾ ਦੀ ਪ੍ਰੇਰਨਾ ਦੇ ਨਾਲ ਪਰਮੇਸ਼ਰ ਦੇ ਵੱਲੋਂ ਭਵਿੱਖਬਾਣੀ ਕੀਤੀ ।

Punjabi Common Language (North American Version):

Text © 2021 Canadian Bible Society and Bible Society of India

Bible Society of India
Volg ons:



Advertensies