Aanlyn Bybel

- Advertensies -

2 ਯੋਹਨ 1 - ਪਵਿੱਤਰ ਬਾਈਬਲ (Revised Common Language North American Edition)

1 ਮੇਰੇ ਵੱਲੋਂ, ਜਿਹੜਾ ਇੱਕ ਬਜ਼ੁਰਗ ਆਗੂ ਹਾਂ, ਇਹ ਪੱਤਰ ਪਰਮੇਸ਼ਰ ਦੀ ਚੁਣੀ ਹੋਈ ਬੀਬੀ ਅਤੇ ਉਸ ਦੇ ਬੱਚਿਆਂ ਨੂੰ ਜਿਹਨਾਂ ਨੂੰ ਮੈਂ ਸੱਚਮੁੱਚ ਪਿਆਰ ਕਰਦਾ ਹਾਂ, ਨਾ ਕੇਵਲ ਮੈਂ ਸਗੋਂ ਉਹ ਸਾਰੇ ਜਿਹਨਾਂ ਨੇ ਸੱਚ ਨੂੰ ਪਛਾਣ ਲਿਆ ਹੈ ਅਤੇ ਉਸ ਨੂੰ ਪਿਆਰ ਕਰਦੇ ਹਨ,

2 ਉਸ ਸੱਚ ਦੇ ਕਾਰਨ ਜਿਹੜਾ ਸਾਡੇ ਵਿੱਚ ਹੈ ਅਤੇ ਸਾਡੇ ਨਾਲ ਹਮੇਸ਼ਾ ਤੱਕ ਰਹੇਗਾ ।

3 ਪਰਮੇਸ਼ਰ ਪਿਤਾ ਅਤੇ ਪਿਤਾ ਦੇ ਪੁੱਤਰ ਯਿਸੂ ਮਸੀਹ ਦੇ ਵੱਲੋਂ ਕਿਰਪਾ, ਦਇਆ ਅਤੇ ਸ਼ਾਂਤੀ, ਸੱਚ ਅਤੇ ਪਿਆਰ ਸਮੇਤ ਸਾਡੇ ਨਾਲ ਹੋਣਗੇ ।


ਸੱਚ ਅਤੇ ਪਿਆਰ

4 ਮੈਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਹੈ ਕਿ ਤੇਰੇ ਕੁਝ ਬੱਚੇ ਸੱਚ ਵਿੱਚ ਜੀਵਨ ਬਤੀਤ ਕਰ ਰਹੇ ਹਨ ਜਿਵੇਂ ਸਾਨੂੰ ਪਿਤਾ ਦੇ ਵੱਲੋਂ ਹੁਕਮ ਮਿਲਿਆ ਸੀ ।

5 ਹੇ ਬੀਬੀ, ਹੁਣ ਮੈਂ ਤੈਨੂੰ ਕੋਈ ਨਵਾਂ ਹੁਕਮ ਨਹੀਂ ਲਿਖ ਰਿਹਾ ਸਗੋਂ ਇਹ ਉਹ ਹੀ ਹੁਕਮ ਹੈ ਜਿਹੜਾ ਸਾਨੂੰ ਸ਼ੁਰੂ ਤੋਂ ਮਿਲਿਆ ਹੈ । ਮੇਰੀ ਇਹ ਬੇਨਤੀ ਹੈ ਕਿ ਅਸੀਂ ਇੱਕ ਦੂਜੇ ਨੂੰ ਪਿਆਰ ਕਰੀਏ ।

6 ਪਿਆਰ ਇਹ ਹੈ ਕਿ ਅਸੀਂ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਚੱਲੀਏ । ਇਹ ਉਹ ਹੁਕਮ ਹੈ ਜਿਹੜਾ ਤੁਸੀਂ ਸ਼ੁਰੂ ਤੋਂ ਸੁਣਿਆ ਹੈ ਕਿ ਤੁਸੀਂ ਪਿਆਰ ਦੇ ਨਾਲ ਜੀਵਨ ਬਤੀਤ ਕਰੋ ।

7 ਕਿਉਂਕਿ ਬਹੁਤ ਸਾਰੇ ਭਰਮਾਉਣ ਵਾਲੇ ਸੰਸਾਰ ਵਿੱਚ ਆ ਚੁੱਕੇ ਹਨ ਜਿਹੜੇ ਇਹ ਵਿਸ਼ਵਾਸ ਨਹੀਂ ਕਰਦੇ ਕਿ ਯਿਸੂ ਮਸੀਹ ਮਨੁੱਖ ਬਣ ਕੇ ਆਏ । ਅਜਿਹਾ ਮਨੁੱਖ ਹੀ ਭਰਮਾਉਣ ਵਾਲਾ ਅਤੇ ਮਸੀਹ ਵਿਰੋਧੀ ਹੈ ।

8 ਤੁਸੀਂ ਸੁਚੇਤ ਰਹੋ ਕਿ ਜੋ ਕੁਝ ਤੁਸੀਂ ਹੁਣ ਤੱਕ ਕੀਤਾ ਹੈ, ਉਸ ਨੂੰ ਗੁਆ ਨਾ ਬੈਠੋ ਸਗੋਂ ਤੁਸੀਂ ਆਪਣਾ ਪੂਰਾ ਇਨਾਮ ਪ੍ਰਾਪਤ ਕਰੋ ।

9 ਹਰ ਕੋਈ ਜਿਹੜਾ ਮਸੀਹ ਦੀ ਸਿੱਖਿਆ ਤੋਂ ਦੂਰ ਨਿੱਕਲ ਜਾਂਦਾ ਹੈ ਅਤੇ ਇਸ ਸਿੱਖਿਆ ਵਿੱਚ ਬਣਿਆ ਨਹੀਂ ਰਹਿੰਦਾ, ਉਸ ਦੇ ਕੋਲ ਪਰਮੇਸ਼ਰ ਨਹੀਂ ਹਨ ਪਰ ਜਿਹੜਾ ਇਸ ਸਿੱਖਿਆ ਵਿੱਚ ਬਣਿਆ ਰਹਿੰਦਾ ਹੈ ਉਸ ਦੇ ਕੋਲ ਪਿਤਾ ਅਤੇ ਪੁੱਤਰ ਦੋਵੇਂ ਹਨ ।

10 ਇਸ ਲਈ ਜੇਕਰ ਕੋਈ ਤੁਹਾਡੇ ਕੋਲ ਆਵੇ ਪਰ ਇਹ ਸਿੱਖਿਆ ਨਾ ਦੇਵੇ ਤਾਂ ਤੁਸੀਂ ਉਸ ਦਾ ਸੁਆਗਤ ਨਾ ਕਰੋ ਅਤੇ ਨਾ ਹੀ ਉਸ ਨੂੰ ਨਮਸਕਾਰ ਕਰੋ ।

11 ਕਿਉਂਕਿ ਜਿਹੜਾ ਉਸ ਦਾ ਸੁਆਗਤ ਕਰਦਾ ਹੈ ਉਹ ਉਸ ਦੇ ਬੁਰੇ ਕੰਮਾਂ ਦੇ ਵਿੱਚ ਹਿੱਸੇਦਾਰ ਹੁੰਦਾ ਹੈ ।


ਅੰਤਮ ਸ਼ਬਦ

12 ਮੇਰੇ ਕੋਲ ਤੁਹਾਨੂੰ ਲਿਖਣ ਦੇ ਲਈ ਬਹੁਤ ਕੁਝ ਹੈ ਪਰ ਮੈਂ ਇਸ ਦੇ ਲਈ ਕਾਗਜ਼ ਅਤੇ ਸਿਆਹੀ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਆਸ ਹੈ ਕਿ ਮੈਂ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਡੇ ਨਾਲ ਆਹਮਣੇ ਸਾਹਮਣੇ ਗੱਲਾਂ ਕਰਾਂਗਾ ਤਾਂ ਜੋ ਸਾਡਾ ਅਨੰਦ ਪੂਰਾ ਹੋਵੇ ।

13 ਤੇਰੀ ਚੁਣੀ ਹੋਈ ਭੈਣ ਦੇ ਬੱਚੇ ਤੈਨੂੰ ਨਮਸਕਾਰ ਕਹਿੰਦੇ ਹਨ ।

Punjabi Common Language (North American Version):

Text © 2021 Canadian Bible Society and Bible Society of India

Bible Society of India
Volg ons:



Advertensies