1 ਥੱਸਲੁ 4 - ਪਵਿੱਤਰ ਬਾਈਬਲ (Revised Common Language North American Edition)ਪਰਮੇਸ਼ਰ ਨੂੰ ਪ੍ਰਸੰਨ ਕਰਨ ਵਾਲਾ ਜੀਵਨ 1 ਇਸ ਲਈ ਅੰਤ ਵਿੱਚ ਹੇ ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਹਿਦਾਇਤ ਦਿੱਤੀ ਸੀ ਕਿ ਤੁਸੀਂ ਕਿਸ ਤਰ੍ਹਾਂ ਪਰਮੇਸ਼ਰ ਨੂੰ ਪ੍ਰਸੰਨ ਕਰਨ ਵਾਲਾ ਜੀਵਨ ਜੀਅ ਸਕਦੇ ਹੋ, ਜਿਹੜਾ ਤੁਸੀਂ ਜੀਅ ਵੀ ਰਹੇ ਹੋ । ਹੁਣ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਅਤੇ ਤੁਹਾਨੂੰ ਉਤਸ਼ਾਹ ਦਿੰਦੇ ਹਾਂ ਕਿ ਤੁਸੀਂ ਪ੍ਰਭੂ ਯਿਸੂ ਵਿੱਚ ਇਸੇ ਤਰ੍ਹਾਂ ਹੋਰ ਵੀ ਜ਼ਿਆਦਾ ਭਰਪੂਰ ਹੁੰਦੇ ਜਾਓ । 2 ਤੁਸੀਂ ਪਹਿਲਾਂ ਹੀ ਜਾਣਦੇ ਹੋ ਜਿਹੜੀਆਂ ਹਿਦਾਇਤਾਂ ਅਸੀਂ ਤੁਹਾਨੂੰ ਪ੍ਰਭੂ ਯਿਸੂ ਦੇ ਨਾਮ ਵਿੱਚ ਦਿੱਤੀਆਂ ਸਨ । 3 ਪਰਮੇਸ਼ਰ ਦੀ ਇੱਛਾ ਇਹ ਹੈ ਕਿ ਤੁਸੀਂ ਪਵਿੱਤਰ ਬਣੋ ਤਾਂ ਜੋ ਤੁਸੀਂ ਵਿਭਚਾਰ ਤੋਂ ਦੂਰ ਰਹੋ । 4 ਤੁਹਾਡੇ ਵਿੱਚੋਂ ਹਰ ਕੋਈ ਆਪਣੇ ਸਰੀਰ ਉੱਤੇ ਕਾਬੂ ਪਾਉਣਾ ਸਿੱਖੇ । ਇਸ ਨੂੰ ਪਵਿੱਤਰ ਰੱਖੇ ਅਤੇ ਇਸ ਦਾ ਆਦਰ ਕਰੇ, 5 ਤੁਸੀਂ ਇਸ ਨੂੰ ਪਰਾਈਆਂ ਕੌਮਾਂ ਦੀ ਤਰ੍ਹਾਂ ਜਿਹੜੀਆਂ ਪਰਮੇਸ਼ਰ ਨੂੰ ਨਹੀਂ ਜਾਣਦੀਆਂ, ਕਾਮ ਵਾਸਨਾਵਾਂ ਦੇ ਹਵਾਲੇ ਨਾ ਕਰੋ । 6 ਤੁਹਾਡੇ ਵਿੱਚੋਂ ਕੋਈ ਮਨੁੱਖ ਇਸ ਮਾਮਲੇ ਵਿੱਚ ਆਪਣੇ ਵਿਸ਼ਵਾਸੀ ਭਰਾ ਅਤੇ ਭੈਣ ਨੂੰ ਧੋਖਾ ਨਾ ਦੇਵੇ ਅਤੇ ਨਾ ਹੀ ਉਹਨਾਂ ਦਾ ਹੱਕ ਮਾਰੇ । ਜਿਵੇਂ ਅਸੀਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਅਤੇ ਚਿਤਾਵਨੀ ਦਿੱਤੀ ਸੀ ਕਿ ਪਰਮੇਸ਼ਰ ਅਜਿਹੇ ਅਪਰਾਧਾਂ ਦੇ ਲਈ ਸਜ਼ਾ ਦੇਣਗੇ । 7 ਕਿਉਂਕਿ ਪਰਮੇਸ਼ਰ ਨੇ ਸਾਨੂੰ ਅਸ਼ੁੱਧ ਜੀਵਨ ਦੇ ਲਈ ਨਹੀਂ ਸਗੋਂ ਪਵਿੱਤਰ ਜੀਵਨ ਬਤੀਤ ਕਰਨ ਦੇ ਲਈ ਸੱਦਿਆ ਹੈ । 8 ਇਸ ਲਈ ਜਿਹੜਾ ਕੋਈ ਵੀ ਇਹਨਾਂ ਹਿਦਾਇਤਾਂ ਦੀ ਉਲੰਘਣਾ ਕਰਦਾ ਹੈ, ਉਹ ਮਨੁੱਖ ਦੀ ਨਹੀਂ ਸਗੋਂ ਪਰਮੇਸ਼ਰ ਦੀ ਉਲੰਘਣਾ ਕਰਦਾ ਹੈ ਜਿਹੜੇ ਤੁਹਾਨੂੰ ਆਪਣਾ ਪਵਿੱਤਰ ਆਤਮਾ ਦਿੰਦੇ ਹਨ । 9 ਮਸੀਹੀ ਵਿਸ਼ਵਾਸੀਆਂ ਨੂੰ ਆਪਸੀ ਪਿਆਰ ਦੇ ਸੰਬੰਧ ਵਿੱਚ ਸਾਨੂੰ ਲਿਖਣ ਦੀ ਕੋਈ ਲੋੜ ਨਹੀਂ ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਸਿਖਾਇਆ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ । 10 ਤੁਸੀਂ ਸਾਰੇ ਮਕਦੂਨਿਯਾ ਦੇ ਸਾਰੇ ਵਿਸ਼ਵਾਸੀਆਂ ਦੇ ਨਾਲ ਪਿਆਰ ਕਰਦੇ ਹੀ ਹੋ ਪਰ ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਉਹਨਾਂ ਦੇ ਨਾਲ ਹੋਰ ਵੀ ਜ਼ਿਆਦਾ ਪਿਆਰ ਕਰੋ । 11 ਜਿਵੇਂ ਅਸੀਂ ਤੁਹਾਨੂੰ ਪਹਿਲਾਂ ਹੀ ਹੁਕਮ ਦਿੱਤਾ ਸੀ, ਸ਼ਾਂਤ ਜੀਵਨ ਬਤੀਤ ਕਰਨ ਦਾ ਯਤਨ ਕਰੋ, ਆਪਣੇ ਕੰਮ ਨਾਲ ਮਤਲਬ ਰੱਖੋ ਅਤੇ ਆਪਣੇ ਹੱਥਾਂ ਨਾਲ ਮਿਹਨਤ ਕਰੋ । 12 ਅਜਿਹਾ ਕਰਨ ਨਾਲ ਤੁਸੀਂ ਬਾਹਰਲੇ ਲੋਕਾਂ ਦਾ ਆਦਰ ਪ੍ਰਾਪਤ ਕਰੋਗੇ ਅਤੇ ਕਿਸੇ ਦੂਜੇ ਉੱਤੇ ਕਿਸੇ ਚੀਜ਼ ਲਈ ਨਿਰਭਰ ਨਹੀਂ ਹੋਵੋਗੇ । ਪ੍ਰਭੂ ਦਾ ਆਉਣਾ 13 ਭੈਣੋ ਅਤੇ ਭਰਾਵੋ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਉਹਨਾਂ ਦੇ ਬਾਰੇ ਅਣਜਾਣ ਰਹੋ ਜਿਹੜੇ ਮੌਤ ਦੀ ਨੀਂਦ ਸੌਂ ਗਏ ਹਨ ਤਾਂ ਜੋ ਤੁਸੀਂ ਬਾਕੀ ਲੋਕਾਂ ਦੇ ਵਾਂਗ ਸੋਗ ਨਾ ਕਰੋ ਜਿਹਨਾਂ ਦੇ ਕੋਲ ਕੋਈ ਆਸ ਨਹੀਂ । 14 ਕਿਉਂਕਿ ਸਾਡਾ ਵਿਸ਼ਵਾਸ ਹੈ ਕਿ ਯਿਸੂ ਮਰ ਗਏ ਅਤੇ ਫਿਰ ਜੀਅ ਉੱਠੇ ਅਤੇ ਸਾਡਾ ਇਹ ਵੀ ਵਿਸ਼ਵਾਸ ਹੈ ਕਿ ਉਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਹੋਵੇਗਾ ਜਿਹੜੇ ਯਿਸੂ ਵਿੱਚ ਸੌਂ ਗਏ ਹਨ ਅਤੇ ਪਰਮੇਸ਼ਰ ਉਹਨਾਂ ਨੂੰ ਵੀ ਯਿਸੂ ਦੇ ਨਾਲ ਲਿਆਉਣਗੇ । 15 ਇਸ ਲਈ ਇਹ ਜੋ ਕੁਝ ਅਸੀਂ ਕਹਿ ਰਹੇ ਹਾਂ, ਇਹ ਪ੍ਰਭੂ ਦੇ ਆਪਣੇ ਸ਼ਬਦ ਹਨ ਕਿ ਅਸੀਂ ਜਿਹੜੇ ਉਸ ਸਮੇਂ ਤੱਕ ਜਿਉੂਂਦੇ ਰਹਾਂਗੇ ਜਦੋਂ ਪ੍ਰਭੂ ਦੁਬਾਰਾ ਆਉਣਗੇ ਤਾਂ ਅਸੀਂ ਪਹਿਲਾਂ ਮਰ ਚੁੱਕੇ ਲੋਕਾਂ ਤੋਂ ਅੱਗੇ ਨਹੀਂ ਹੋਵਾਂਗੇ । 16 ਉਸ ਸਮੇਂ ਇੱਕ ਉੱਚੀ ਆਵਾਜ਼ ਦੇ ਨਾਲ ਹੁਕਮ ਹੋਵੇਗਾ ਜਿਸ ਦੇ ਨਾਲ ਹੀ ਪ੍ਰਮੁੱਖ ਸਵਰਗਦੂਤ ਦੀ ਆਵਾਜ਼ ਸੁਣਾਈ ਦੇਵੇਗੀ ਅਤੇ ਪਰਮੇਸ਼ਰ ਦੀ ਤੁਰ੍ਹੀ ਵਜਾਈ ਜਾਵੇਗੀ ਤਦ ਪ੍ਰਭੂ ਆਪ ਸਵਰਗ ਤੋਂ ਉਤਰਨਗੇ । ਉਸ ਸਮੇਂ ਜਿਹੜੇ ਮਸੀਹ ਵਿੱਚ ਮਰ ਚੁੱਕੇ ਹਨ, ਉਹ ਪਹਿਲਾਂ ਜੀਅ ਉੱਠਣਗੇ । 17 ਫਿਰ ਅਸੀਂ ਵੀ ਉਹਨਾਂ ਦੇ ਨਾਲ ਬੱਦਲਾਂ ਵਿੱਚ ਪ੍ਰਭੂ ਨੂੰ ਮਿਲਣ ਦੇ ਲਈ ਹਵਾ ਵਿੱਚ ਚੁੱਕ ਲਏ ਜਾਵਾਂਗੇ । ਇਸ ਤਰ੍ਹਾਂ ਅਸੀਂ ਹਮੇਸ਼ਾ ਤੱਕ ਪ੍ਰਭੂ ਦੇ ਨਾਲ ਰਹਾਂਗੇ । 18 ਇਸ ਲਈ ਤੁਸੀਂ ਸਾਰੇ ਇੱਕ ਦੂਜੇ ਨੂੰ ਇਹਨਾਂ ਸ਼ਬਦਾਂ ਦੇ ਨਾਲ ਉਤਸ਼ਾਹ ਦੇਵੋ । |
Punjabi Common Language (North American Version):
Text © 2021 Canadian Bible Society and Bible Society of India
Bible Society of India