1 ਥੱਸਲੁ 2 - ਪਵਿੱਤਰ ਬਾਈਬਲ (Revised Common Language North American Edition)ਪੌਲੁਸ ਦੀ ਥੱਸਲੁਨੀਕਾ ਵਿੱਚ ਸੇਵਾ 1 ਭਰਾਵੋ ਅਤੇ ਭੈਣੋ, ਤੁਸੀਂ ਆਪ ਜਾਣਦੇ ਹੋ ਕਿ ਸਾਡਾ ਤੁਹਾਡੇ ਕੋਲ ਆਉਣਾ ਵਿਅਰਥ ਨਹੀਂ ਗਿਆ । 2 ਤੁਸੀਂ ਇਹ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਾਨੂੰ ਫ਼ਿਲਿੱਪੈ ਵਿੱਚ ਦੁੱਖ ਅਤੇ ਨਿਰਾਦਰ ਸਹਿਣੇ ਪਏ ਪਰ ਫਿਰ ਵੀ ਅਸੀਂ ਪਰਮੇਸ਼ਰ ਤੋਂ ਮਿਲੀ ਦਲੇਰੀ ਦੇ ਨਾਲ ਬਹੁਤ ਵਿਰੋਧ ਦੇ ਹੁੰਦੇ ਹੋਏ ਵੀ ਤੁਹਾਨੂੰ ਪਰਮੇਸ਼ਰ ਦਾ ਸ਼ੁਭ ਸਮਾਚਾਰ ਸੁਣਾਇਆ । 3 ਇਸ ਸ਼ੁਭ ਸਮਾਚਾਰ ਦੇ ਪਿੱਛੇ ਨਾ ਗ਼ਲਤੀ ਨਾ ਅਸ਼ੁੱਧ ਇਰਾਦੇ ਅਤੇ ਨਾ ਹੀ ਧੋਖਾ ਹੈ । 4 ਸਗੋਂ ਪਰਮੇਸ਼ਰ ਨੇ ਆਪ ਸਾਡੀ ਪਰਖ ਕੀਤੀ ਹੈ ਅਤੇ ਸਾਨੂੰ ਇਸ ਦੇ ਯੋਗ ਸਮਝ ਕੇ ਸ਼ੁਭ ਸਮਾਚਾਰ ਸੌਂਪਿਆ ਹੈ । ਅਸੀਂ ਉਹਨਾਂ ਦੀ ਇੱਛਾ ਦੇ ਅਨੁਸਾਰ ਸੁਣਾਉਂਦੇ ਹਾਂ, ਅਸੀਂ ਮਨੁੱਖਾਂ ਨੂੰ ਨਹੀਂ ਸਗੋਂ ਪਰਮੇਸ਼ਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਸਾਡੇ ਦਿਲਾਂ ਦੀ ਜਾਂਚ ਕਰਦੇ ਹਨ । 5 ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਸੀਂ ਕਿਸੇ ਤਰ੍ਹਾਂ ਦੇ ਚਾਪਲੂਸੀ ਵਾਲੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਲੋਭ ਨਾਲ ਆਪਣੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ । ਇਸ ਦੇ ਲਈ ਤਾਂ ਪਰਮੇਸ਼ਰ ਵੀ ਸਾਡੇ ਗਵਾਹ ਹਨ । 6 ਅਸੀਂ ਕਿਸੇ ਕੋਲੋਂ ਵੀ ਵਡਿਆਈ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਨਾ ਤੁਹਾਡੇ ਕੋਲੋਂ ਅਤੇ ਨਾ ਕਿਸੇ ਹੋਰ ਕੋਲੋਂ । 7 ਭਾਵੇਂ ਅਸੀਂ ਮਸੀਹ ਦੇ ਰਸੂਲ ਹੋਣ ਦੇ ਨਾਤੇ ਤੁਹਾਡੇ ਉੱਤੇ ਭਾਰ ਪਾ ਸਕਦੇ ਸੀ ਪਰ ਅਸੀਂ ਤੁਹਾਡੇ ਨਾਲ ਰਹਿੰਦੇ ਸਮੇਂ ਨਰਮ ਰਹੇ । ਇੰਨੇ ਨਰਮ ਕਿ ਜਿੰਨੀ ਇੱਕ ਮਾਂ ਆਪਣੇ ਬੱਚਿਆਂ ਦੀ ਦੇਖ ਭਾਲ ਕਰਨ ਦੇ ਸਮੇਂ ਹੁੰਦੀ ਹੈ । 8 ਇਸ ਤਰ੍ਹਾਂ ਤੁਹਾਡੇ ਲਈ ਸਾਡੇ ਦਿਲਾਂ ਵਿੱਚ ਇੰਨੀ ਤਾਂਘ ਹੈ ਕਿ ਅਸੀਂ ਨਾ ਕੇਵਲ ਤੁਹਾਨੂੰ ਪਰਮੇਸ਼ਰ ਦਾ ਸ਼ੁਭ ਸਮਾਚਾਰ ਦੇਣਾ ਚਾਹਿਆ ਸਗੋਂ ਆਪਣੀ ਜਾਨ ਵੀ ਦੇਣ ਦੇ ਲਈ ਤਿਆਰ ਸੀ ਕਿਉਂਕਿ ਤੁਸੀਂ ਸਾਨੂੰ ਬਹੁਤ ਪਿਆਰੇ ਹੋ । 9 ਭਰਾਵੋ ਅਤੇ ਭੈਣੋ, ਤੁਹਾਨੂੰ ਇਹ ਯਾਦ ਹੋਵੇਗਾ ਕਿ ਅਸੀਂ ਕਿਸ ਤਰ੍ਹਾਂ ਤੁਹਾਨੂੰ ਸ਼ੁਭ ਸਮਾਚਾਰ ਦਾ ਪ੍ਰਚਾਰ ਸੁਣਾਇਆ ਅਤੇ ਕਿਸ ਤਰ੍ਹਾਂ ਦਿਨ ਰਾਤ ਕੰਮ ਅਤੇ ਮਿਹਨਤ ਕੀਤੀ ਤਾਂ ਜੋ ਅਸੀਂ ਤੁਹਾਡੇ ਵਿੱਚੋਂ ਕਿਸੇ ਦੇ ਉੱਤੇ ਭਾਰ ਨਾ ਬਣੀਏ । 10 ਤੁਸੀਂ ਅਤੇ ਪਰਮੇਸ਼ਰ ਇਸ ਦੇ ਗਵਾਹ ਹੋ ਕਿ ਤੁਹਾਡੇ ਨਾਲ ਜਿਹੜੇ ਵਿਸ਼ਵਾਸੀ ਹੋ, ਸਾਡਾ ਵਰਤਾਅ ਕਿਸ ਤਰ੍ਹਾਂ ਸ਼ੁੱਧ, ਨੇਕ ਅਤੇ ਨਿਰਦੋਸ਼ ਰਿਹਾ ਹੈ । 11 ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਸੀਂ ਤੁਹਾਡੇ ਨਾਲ ਉਸੇ ਤਰ੍ਹਾਂ ਦਾ ਵਰਤਾਅ ਕੀਤਾ ਹੈ ਜਿਸ ਤਰ੍ਹਾਂ ਪਿਤਾ ਆਪਣੀ ਸੰਤਾਨ ਨਾਲ ਕਰਦਾ ਹੈ । 12 ਅਸੀਂ ਤੁਹਾਨੂੰ ਉਤਸ਼ਾਹ ਅਤੇ ਦਿਲਾਸਾ ਦਿੱਤਾ ਅਤੇ ਪ੍ਰੇਰਨਾ ਦਿੱਤੀ ਕਿ ਤੁਸੀਂ ਪਰਮੇਸ਼ਰ ਦੇ ਯੋਗ ਜੀਵਨ ਬਤੀਤ ਕਰੋ ਜਿਹੜੇ ਤੁਹਾਨੂੰ ਆਪਣੇ ਰਾਜ ਅਤੇ ਮਹਿਮਾ ਵਿੱਚ ਹਿੱਸੇਦਾਰ ਬਣਨ ਲਈ ਸੱਦਾ ਦਿੰਦੇ ਹਨ । 13 ਇਸ ਕਾਰਨ ਵੀ ਅਸੀਂ ਲਗਾਤਾਰ ਤੁਹਾਡੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ । ਜਦੋਂ ਅਸੀਂ ਤੁਹਾਨੂੰ ਪਰਮੇਸ਼ਰ ਦਾ ਸ਼ੁਭ ਸਮਾਚਾਰ ਸੁਣਾਇਆ ਤਾਂ ਤੁਸੀਂ ਉਸ ਨੂੰ ਮਨੁੱਖੀ ਵਚਨ ਸਮਝ ਕੇ ਨਹੀਂ ਸਗੋਂ ਪਰਮੇਸ਼ਰ ਦਾ ਵਚਨ ਸਮਝ ਕੇ ਸਵੀਕਾਰ ਕੀਤਾ ਜਿਹੜਾ ਸੱਚਾ ਹੈ ਅਤੇ ਤੁਹਾਡੇ ਵਿੱਚ ਜਿਹੜੇ ਵਿਸ਼ਵਾਸ ਕਰਦੇ ਹਨ ਕੰਮ ਕਰ ਰਿਹਾ ਹੈ । 14 ਭਰਾਵੋ ਅਤੇ ਭੈਣੋ, ਤੁਹਾਡਾ ਹਾਲ ਪਰਮੇਸ਼ਰ ਦੀਆਂ ਉਹਨਾਂ ਕਲੀਸੀਯਾਵਾਂ ਵਰਗਾ ਹੈ ਜਿਹੜੀਆਂ ਮਸੀਹ ਯਿਸੂ ਦੇ ਵਿੱਚ ਯਹੂਦਿਯਾ ਵਿੱਚ ਹਨ । ਤੁਸੀਂ ਵੀ ਆਪਣੇ ਲੋਕਾਂ ਦੇ ਕੋਲੋਂ ਅੱਤਿਆਚਾਰ ਸਹੇ ਜਿਸ ਤਰ੍ਹਾਂ ਉਹਨਾਂ ਨੇ ਯਹੂਦੀਆਂ ਦੇ ਕੋਲੋਂ ਸਹੇ ਸਨ । 15 ਉਹਨਾਂ ਯਹੂਦੀਆਂ ਨੇ ਪ੍ਰਭੂ ਯਿਸੂ ਅਤੇ ਨਬੀਆਂ ਨੂੰ ਕਤਲ ਕੀਤਾ ਅਤੇ ਸਾਨੂੰ ਵੀ ਬਾਹਰ ਕੱਢ ਦਿੱਤਾ । ਪਰਮੇਸ਼ਰ ਉਹਨਾਂ ਤੋਂ ਖ਼ੁਸ਼ ਨਹੀਂ ਹਨ ਅਤੇ ਉਹ ਲੋਕ ਸਭ ਮਨੁੱਖਾਂ ਦੇ ਵਿਰੋਧੀ ਹਨ । 16 ਉਹਨਾਂ ਨੇ ਸਾਨੂੰ ਪਰਾਈਆਂ ਕੌਮਾਂ ਨੂੰ ਮੁਕਤੀ ਦਾ ਸੰਦੇਸ਼ ਜਿਸ ਦੇ ਦੁਆਰਾ ਉਹ ਬਚ ਜਾਣ, ਸੁਣਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ । ਇਸ ਤਰ੍ਹਾਂ ਉਹ ਆਪਣੇ ਪਾਪਾਂ ਵਿੱਚ ਵਾਧਾ ਕਰ ਰਹੇ ਹਨ । ਅੰਤ ਵਿੱਚ ਪਰਮੇਸ਼ਰ ਦਾ ਕ੍ਰੋਧ ਉਹਨਾਂ ਉੱਤੇ ਆ ਗਿਆ ਹੈ । ਪੌਲੁਸ ਦੀ ਥੱਸਲੁਨੀਕੀਆਂ ਦੇ ਕੋਲ ਦੁਬਾਰਾ ਆਉਣ ਦੀ ਇੱਛਾ 17 ਭਰਾਵੋ ਅਤੇ ਭੈਣੋ, ਜਦੋਂ ਅਸੀਂ ਤੁਹਾਡੇ ਕੋਲੋਂ ਥੋੜ੍ਹੇ ਸਮੇਂ ਦੇ ਲਈ ਸਰੀਰਕ ਰੂਪ ਵਿੱਚ ਅਲੱਗ ਕੀਤੇ ਗਏ ਸੀ ਪਰ ਦਿਲ ਤੋਂ ਨਹੀਂ, ਅਸੀਂ ਬੜੀ ਤਾਂਘ ਦੇ ਨਾਲ ਤੁਹਾਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਕੀਤੀ । 18 ਇਹ ਹੀ ਕਾਰਨ ਹੈ ਕਿ ਅਸੀਂ ਤੁਹਾਡੇ ਕੋਲ ਫਿਰ ਆਉਣਾ ਚਾਹਿਆ, ਮੈਂ ਪੌਲੁਸ ਨੇ ਕਈ ਵਾਰ ਆਉਣ ਦੀ ਕੋਸ਼ਿਸ਼ ਕੀਤੀ ਪਰ ਸ਼ੈਤਾਨ ਨੇ ਸਾਨੂੰ ਰੋਕ ਕੇ ਰੱਖਿਆ । 19 ਆਖ਼ਰ ਸਾਡੇ ਲਈ ਉਸ ਸਮੇਂ ਕੀ, ਤੁਹਾਡੇ ਤੋਂ ਸਿਵਾਏ ਕੋਈ ਹੋਰ ਉਮੀਦ, ਅਨੰਦ ਜਾਂ ਮਾਣ ਹੋਵੇਗਾ ਜਦੋਂ ਅਸੀਂ ਪ੍ਰਭੂ ਯਿਸੂ ਦੇ ਆਉਣ ਦੇ ਸਮੇਂ ਉਹਨਾਂ ਦੇ ਸਾਹਮਣੇ ਖੜ੍ਹੇ ਹੋਵਾਂਗੇ ? 20 ਤੁਸੀਂ ਹੀ ਸਾਡਾ ਮਾਣ ਅਤੇ ਅਨੰਦ ਹੋ ! |
Punjabi Common Language (North American Version):
Text © 2021 Canadian Bible Society and Bible Society of India
Bible Society of India