Aanlyn Bybel

- Advertensies -

1 ਥੱਸਲੁ 1 - ਪਵਿੱਤਰ ਬਾਈਬਲ (Revised Common Language North American Edition)

1 ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਦੇ ਵੱਲੋਂ, ਥਸਲੁਨੀਕਾ ਦੀ ਕਲੀਸੀਯਾ ਨੂੰ ਜਿਹੜੀ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੈ, ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ !


ਥੱਸਲੁਨੀਕੀਆਂ ਦਾ ਜੀਵਨ ਅਤੇ ਵਿਸ਼ਵਾਸ

2 ਅਸੀਂ ਹਮੇਸ਼ਾ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦੇ ਹਾਂ ਅਤੇ ਲਗਾਤਾਰ ਤੁਹਾਡੇ ਲਈ ਧੰਨਵਾਦ ਕਰਦੇ ਹਾਂ ।

3 ਅਸੀਂ ਆਪਣੇ ਪਿਤਾ ਪਰਮੇਸ਼ਰ ਦੇ ਸਾਹਮਣੇ ਤੁਹਾਨੂੰ ਯਾਦ ਕਰਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਵਿਸ਼ਵਾਸ ਦੇ ਕੰਮ, ਪਿਆਰ ਦੀ ਮਿਹਨਤ ਅਤੇ ਉਮੀਦ ਦੇ ਦੁਆਰਾ ਸਹਿਣਸ਼ੀਲਤਾ ਦਾ ਪ੍ਰਗਟਾਵਾ ਕਰਦੇ ਹੋ ਜਿਹੜੀ ਸਾਡੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੈ ।

4 ਭਰਾਵੋ ਅਤੇ ਭੈਣੋ, ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਤੁਹਾਨੂੰ ਪਿਆਰ ਕਰਦੇ ਹਨ ਜਿਹਨਾਂ ਨੇ ਤੁਹਾਨੂੰ ਚੁਣ ਕੇ ਆਪਣਾ ਬਣਾਇਆ ਹੈ ।

5 ਕਿਉਂਕਿ ਸਾਡਾ ਸ਼ੁਭ ਸਮਾਚਾਰ ਤੁਹਾਡੇ ਕੋਲ ਕੇਵਲ ਸ਼ਬਦਾਂ ਵਿੱਚ ਹੀ ਨਹੀਂ ਸਗੋਂ ਸਮਰੱਥਾ ਅਤੇ ਪਵਿੱਤਰ ਆਤਮਾ ਦੇ ਨਾਲ ਸੰਪੂਰਨ ਭਰੋਸੇ ਦੇ ਨਾਲ ਆਇਆ ਸੀ । ਤੁਸੀਂ ਇਹ ਵੀ ਜਾਣਦੇ ਹੋ ਕਿ ਅਸੀਂ ਤੁਹਾਡੇ ਵਿਚਕਾਰ ਕਿਸ ਤਰ੍ਹਾਂ ਰਹੇ, ਇਹ ਸਭ ਤੁਹਾਡੇ ਭਲੇ ਦੇ ਲਈ ਸੀ ।

6 ਤੁਸੀਂ ਸਾਡੇ ਅਤੇ ਪ੍ਰਭੂ ਦੇ ਅਨੁਸਾਰ ਬਣ ਗਏ ਭਾਵੇਂ ਤੁਹਾਡੇ ਉੱਤੇ ਦੁੱਖ ਆਏ ਪਰ ਫਿਰ ਵੀ ਤੁਸੀਂ ਸੰਦੇਸ਼ ਦਾ ਸੁਆਗਤ ਪਵਿੱਤਰ ਆਤਮਾ ਦੇ ਦੁਆਰਾ ਮਿਲੇ ਅਨੰਦ ਨਾਲ ਕੀਤਾ ।

7 ਇਸ ਤਰ੍ਹਾਂ ਤੁਸੀਂ ਮਕਦੂਨਿਯਾ ਅਤੇ ਅਖਾਯਾ ਦੇ ਸਾਰੇ ਵਿਸ਼ਵਾਸੀਆਂ ਦੇ ਲਈ ਉਦਾਹਰਨ ਬਣ ਗਏ ਹੋ ।

8 ਤੁਹਾਡੇ ਦੁਆਰਾ ਨਾ ਕੇਵਲ ਮਕਦੂਨਿਯਾ ਅਤੇ ਅਖਾਯਾ ਵਿੱਚ ਪ੍ਰਭੂ ਦਾ ਸੰਦੇਸ਼ ਪਹੁੰਚਿਆ ਸਗੋਂ ਪਰਮੇਸ਼ਰ ਵਿੱਚ ਤੁਹਾਡੇ ਵਿਸ਼ਵਾਸ ਦਾ ਸਮਾਚਾਰ ਹਰ ਜਗ੍ਹਾ ਫੈਲ ਗਿਆ ਹੈ । ਇਸ ਸੰਬੰਧ ਵਿੱਚ ਸਾਨੂੰ ਕੁਝ ਹੋਰ ਕਹਿਣ ਦੀ ਲੋੜ ਨਹੀਂ ।

9 ਉਹ ਸਾਰੇ ਲੋਕ ਆਪ ਹੀ ਦੱਸ ਰਹੇ ਹਨ ਕਿ ਜਦੋਂ ਅਸੀਂ ਤੁਹਾਡੇ ਕੋਲ ਆਏ ਤੁਸੀਂ ਸਾਡਾ ਕਿਸ ਤਰ੍ਹਾਂ ਸੁਆਗਤ ਕੀਤਾ ਅਤੇ ਕਿਸ ਤਰ੍ਹਾਂ ਤੁਸੀਂ ਮੂਰਤੀਆਂ ਨੂੰ ਛੱਡ ਕੇ ਪਰਮੇਸ਼ਰ ਦੇ ਵੱਲ ਮੁੜੇ ਅਤੇ ਉਸ ਸੱਚੇ ਅਤੇ ਜਿਊਂਦੇ ਪਰਮੇਸ਼ਰ ਦੇ ਸੇਵਕ ਬਣੇ

10 ਅਤੇ ਕਿਸ ਤਰ੍ਹਾਂ ਤੁਸੀਂ ਹੁਣ ਉਹਨਾਂ ਦੇ ਪੁੱਤਰ ਯਿਸੂ ਦੀ ਸਵਰਗ ਤੋਂ ਵਾਪਸ ਆਉਣ ਦੀ ਉਡੀਕ ਕਰ ਰਹੇ ਹੋ ਜਿਹਨਾਂ ਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਅਤੇ ਜਿਹੜੇ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾਉਂਦੇ ਹਨ ।

Punjabi Common Language (North American Version):

Text © 2021 Canadian Bible Society and Bible Society of India

Bible Society of India
Volg ons:



Advertensies