1 ਕੁਰਿੰਥੀ 1 - ਪਵਿੱਤਰ ਬਾਈਬਲ (Revised Common Language North American Edition)1 ਪੌਲੁਸ, ਜਿਹੜਾ ਪਰਮੇਸ਼ਰ ਦੀ ਇੱਛਾ ਨਾਲ ਯਿਸੂ ਮਸੀਹ ਦਾ ਰਸੂਲ ਹੋਣ ਦੇ ਲਈ ਚੁਣਿਆ ਗਿਆ ਅਤੇ ਭਰਾ ਸੋਸਥਨੇਸ ਵੱਲੋਂ, 2 ਪਰਮੇਸ਼ਰ ਦੀ ਕਲੀਸੀਯਾ ਦੇ ਲੋਕਾਂ ਨੂੰ ਜਿਹੜੇ ਕੁਰਿੰਥੁਸ ਵਿੱਚ ਹਨ ਇਹ ਪੱਤਰ ਲਿਖਦੇ ਹਾਂ ਜਿਹੜੇ ਮਸੀਹ ਯਿਸੂ ਦੁਆਰਾ ਸ਼ੁੱਧ ਕੀਤੇ ਗਏ ਅਤੇ ਪਰਮੇਸ਼ਰ ਦੇ ਪਵਿੱਤਰ ਲੋਕ ਹੋਣ ਦੇ ਲਈ ਸੱਦੇ ਗਏ ਹਨ । ਇਹਨਾਂ ਦੇ ਨਾਲ ਉਹਨਾਂ ਨੂੰ ਵੀ, ਜਿਹੜੇ ਕਿਸੇ ਵੀ ਥਾਂ ਪ੍ਰਭੂ ਯਿਸੂ ਮਸੀਹ ਦਾ ਨਾਮ ਲੈਂਦੇ ਹਨ ਜਿਹੜੇ ਉਹਨਾਂ ਦੇ ਅਤੇ ਸਾਡੇ ਪ੍ਰਭੂ ਹਨ, 3 ਪਰਮੇਸ਼ਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ । ਪਰਮੇਸ਼ਰ ਦਾ ਧੰਨਵਾਦ 4 ਮੈਂ ਹਮੇਸ਼ਾ ਤੁਹਾਡੇ ਲਈ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਤੁਹਾਡੇ ਉੱਤੇ ਮਸੀਹ ਯਿਸੂ ਦੇ ਦੁਆਰਾ ਆਪਣੀ ਕਿਰਪਾ ਕੀਤੀ ਹੈ 5 ਕਿਉਂਕਿ ਮਸੀਹ ਯਿਸੂ ਦੇ ਦੁਆਰਾ ਤੁਸੀਂ ਸੰਪੂਰਨ ਗਿਆਨ ਅਤੇ ਵਚਨ ਵਿੱਚ ਧਨੀ ਕੀਤੇ ਗਏ ਹੋ 6 ਜਿਵੇਂ ਤੁਹਾਡੇ ਵਿੱਚ ਸਾਡੀ ਮਸੀਹ ਦੇ ਬਾਰੇ ਦਿੱਤੀ ਗਵਾਹੀ ਸੱਚੀ ਸਿੱਧ ਹੋਈ ਹੈ । 7 ਹੁਣ ਤੁਹਾਨੂੰ ਕਿਸੇ ਆਤਮਿਕ ਵਰਦਾਨ ਦੀ ਥੁੜ੍ਹ ਨਹੀਂ ਰਹੀ ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਦੀ ਉਡੀਕ ਵਿੱਚ ਹੋ । 8 ਉਹ ਤੁਹਾਨੂੰ ਅੰਤ ਤੱਕ ਕਾਇਮ ਰੱਖਣਗੇ ਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਦਿਨ ਦੋਸ਼ੀ ਨਾ ਠਹਿਰੋ । 9 ਪਰਮੇਸ਼ਰ ਭਰੋਸੇਯੋਗ ਹਨ । ਉਹਨਾਂ ਨੇ ਤੁਹਾਨੂੰ ਆਪਣੇ ਪੁੱਤਰ ਸਾਡੇ ਪ੍ਰਭੂ ਯਿਸੂ ਮਸੀਹ ਦੀ ਸੰਗਤ ਵਿੱਚ ਸੱਦਿਆ ਹੈ । ਕਲੀਸੀਯਾ ਵਿੱਚ ਆਪਸੀ ਫੁੱਟ 10 ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਅੱਗੇ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਵਾਸਤਾ ਪਾ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਾਰੇ ਮਾਮਲਿਆਂ ਵਿੱਚ ਇੱਕਮੱਤ ਰਹੋ ਅਤੇ ਆਪਣੇ ਵਿੱਚ ਕਿਸੇ ਤਰ੍ਹਾਂ ਦੀ ਫੁੱਟ ਨਾ ਪੈਣ ਦਿਓ । ਸੰਪੂਰਨ ਤੌਰ ਤੇ ਇੱਕ ਮਨ ਹੋ ਕੇ ਆਪਣੇ ਵਿੱਚ ਇੱਕ ਹੀ ਵਿਚਾਰ ਰੱਖੋ । 11 ਮੈਨੂੰ ਕਲੋਏ ਦੇ ਪਰਿਵਾਰ ਦੇ ਲੋਕਾਂ ਕੋਲੋਂ ਪਤਾ ਲੱਗਾ ਹੈ ਕਿ ਤੁਹਾਡੇ ਵਿੱਚ ਝਗੜੇ ਚੱਲ ਰਹੇ ਹਨ । 12 ਮੇਰੇ ਕਹਿਣ ਦਾ ਭਾਵ ਇਹ ਹੈ ਕਿ ਤੁਹਾਡੇ ਵਿੱਚੋਂ ਹਰ ਕੋਈ ਅਲੱਗ ਅਲੱਗ ਦਾਅਵੇ ਕਰ ਰਿਹਾ ਹੈ । ਕੋਈ ਕਹਿੰਦਾ ਹੈ, “ਮੈਂ ਪੌਲੁਸ ਦਾ ਹਾਂ,” ਕੋਈ ਕਹਿੰਦਾ ਹੈ, “ਮੈਂ ਅਪੁੱਲੋਸ ਦਾ ਹਾਂ,” ਕੋਈ, “ਮੈਂ ਕੈਫ਼ਾਸ ਦਾ ਹਾਂ,” ਅਤੇ ਕੋਈ ਕਹਿੰਦਾ ਹੈ, “ਮੈਂ ਮਸੀਹ ਦਾ ਹਾਂ ।” 13 ਕੀ ਮਸੀਹ ਵੰਡੇ ਗਏ ਹਨ ? ਕੀ ਪੌਲੁਸ ਤੁਹਾਡੇ ਲਈ ਸਲੀਬ ਉੱਤੇ ਚੜ੍ਹਾਇਆ ਗਿਆ ? ਕੀ ਤੁਸੀਂ ਪੌਲੁਸ ਦੇ ਨਾਂ ਵਿੱਚ ਬਪਤਿਸਮਾ ਲਿਆ ? 14 ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਕਰਿਸਪੁਸ ਅਤੇ ਗਾਯੁਸ ਨੂੰ ਛੱਡ ਕੇ ਤੁਹਾਡੇ ਵਿੱਚੋਂ ਕਿਸੇ ਹੋਰ ਨੂੰ ਬਪਤਿਸਮਾ ਨਹੀਂ ਦਿੱਤਾ । 15 ਨਹੀਂ ਤਾਂ ਹੋ ਸਕਦਾ ਹੈ ਕਿ ਤੁਸੀਂ ਕਹਿੰਦੇ ਕਿ ਅਸੀਂ ਪੌਲੁਸ ਦੇ ਚੇਲੇ ਹਾਂ ਅਤੇ ਉਸੇ ਦਾ ਬਪਤਿਸਮਾ ਲਿਆ ਹੈ । 16 (ਹਾਂ, ਮੈਂ ਸਤਫ਼ਨਾਸ ਅਤੇ ਉਸ ਦੇ ਪਰਿਵਾਰ ਨੂੰ ਵੀ ਬਪਤਿਸਮਾ ਦਿੱਤਾ, ਇਸ ਤੋਂ ਇਲਾਵਾ ਮੈਨੂੰ ਯਾਦ ਨਹੀਂ ਹੈ ਕਿ ਮੈਂ ਕਿਸੇ ਹੋਰ ਨੂੰ ਬਪਤਿਸਮਾ ਦਿੱਤਾ ਸੀ ਜਾਂ ਨਹੀਂ) । 17 ਕਿਉਂਕਿ ਮਸੀਹ ਨੇ ਮੈਨੂੰ ਬਪਤਿਸਮਾ ਦੇਣ ਦੇ ਲਈ ਨਹੀਂ ਸਗੋਂ ਸ਼ੁਭ ਸਮਾਚਾਰ ਦੇ ਪ੍ਰਚਾਰ ਲਈ ਭੇਜਿਆ ਹੈ, ਉਹ ਵੀ ਮਨੁੱਖੀ ਸ਼ਬਦਾਂ ਦੇ ਗਿਆਨ ਨਾਲ ਨਹੀਂ ਤਾਂ ਜੋ ਮਸੀਹ ਦੀ ਸਲੀਬ ਦੀ ਸਮਰੱਥਾ ਵਿਅਰਥ ਨਾ ਹੋ ਜਾਵੇ । ਮਸੀਹ, ਪਰਮੇਸ਼ਰ ਦੀ ਸਮਰੱਥਾ ਅਤੇ ਬੁੱਧੀ ਹਨ 18 ਮਸੀਹ ਦੀ ਸਲੀਬ ਦਾ ਸੰਦੇਸ਼ ਉਹਨਾਂ ਦੇ ਲਈ ਜਿਹੜੇ ਬਰਬਾਦੀ ਦੇ ਰਾਹ ਉੱਤੇ ਹਨ, ਮੂਰਖਤਾ ਹੈ ਪਰ ਸਾਡੇ ਲਈ ਜਿਹੜੇ ਮੁਕਤੀ ਦੀ ਰਾਹ ਉੱਤੇ ਹਾਂ, ਪਰਮੇਸ਼ਰ ਦੀ ਸਮਰੱਥਾ ਹੈ । 19 ਪਵਿੱਤਰ-ਗ੍ਰੰਥ ਵਿੱਚ ਇਸ ਬਾਰੇ ਲਿਖਿਆ ਹੈ, “ਮੈਂ ਬੁੱਧੀਮਾਨਾਂ ਦੀ ਬੁੱਧੀ ਨੂੰ ਨਾਸ਼ ਕਰ ਦੇਵਾਂਗਾ, ਅਤੇ ਸਮਝਦਾਰਾਂ ਦੀ ਸਮਝ ਨੂੰ ਰੱਦ ਕਰ ਦੇਵਾਂਗਾ ।” 20 ਇਸ ਲਈ ਕਿੱਥੇ ਹਨ ਇਸ ਸੰਸਾਰ ਦੇ ਬੁੱਧੀਮਾਨ ? ਕਿੱਥੇ ਹਨ ਵਿਦਵਾਨ ਅਤੇ ਕਿੱਥੇ ਹਨ ਵਿਵਾਦੀ ? ਕੀ ਪਰਮੇਸ਼ਰ ਨੇ ਇਸ ਸੰਸਾਰ ਦੀ ਸਿਆਣਪ ਨੂੰ ਮੂਰਖਤਾ ਸਿੱਧ ਨਹੀਂ ਕੀਤਾ ? 21 ਕਿਉਂਕਿ ਪਰਮੇਸ਼ਰ ਨੇ ਆਪਣੀ ਬੁੱਧੀ ਨਾਲ ਅਸੰਭਵ ਕਰ ਦਿੱਤਾ ਕਿ ਸੰਸਾਰ ਆਪਣੀ ਬੁੱਧੀ ਨਾਲ ਉਹਨਾਂ ਨੂੰ ਜਾਣ ਸਕੇ, ਪਰਮੇਸ਼ਰ ਨੂੰ ਇਹ ਚੰਗਾ ਲੱਗਾ ਕਿ ਉਹ ਸਾਡੇ ਮੂਰਖਤਾ ਭਰੇ ਸੰਦੇਸ਼ ਦੇ ਰਾਹੀਂ ਉਹਨਾਂ ਨੂੰ ਮੁਕਤੀ ਦੇਣ ਜਿਹੜੇ ਵਿਸ਼ਵਾਸ ਕਰਦੇ ਹਨ । 22 ਯਹੂਦੀ ਸਬੂਤ ਦੇ ਤੌਰ ਤੇ ਚਮਤਕਾਰ ਚਾਹੁੰਦੇ ਹਨ ਅਤੇ ਯੂਨਾਨੀ ਬੁੱਧੀ ਲੱਭਦੇ ਹਨ । 23 ਪਰ ਅਸੀਂ ਸਲੀਬ ਉੱਤੇ ਚੜ੍ਹਾਏ ਗਏ ਮਸੀਹ ਦਾ ਪ੍ਰਚਾਰ ਕਰਦੇ ਹਾਂ ਜਿਹੜੇ ਯਹੂਦੀਆਂ ਦੇ ਲਈ ਠੋਕਰ ਹੈ ਅਤੇ ਪਰਾਈਆਂ ਕੌਮਾਂ ਦੇ ਲਈ ਮੂਰਖਤਾ ਹੈ । 24 ਪਰ ਉਹਨਾਂ ਦੇ ਲਈ ਜਿਹਨਾਂ ਨੂੰ ਪਰਮੇਸ਼ਰ ਨੇ ਸੱਦਿਆ ਹੈ, ਉਹ ਭਾਵੇਂ ਯਹੂਦੀ ਹੋਣ ਜਾਂ ਯੂਨਾਨੀ, ਮਸੀਹ ਪਰਮੇਸ਼ਰ ਦੀ ਸਮਰੱਥਾ ਅਤੇ ਬੁੱਧੀ ਹਨ । 25 ਕਿਉਂਕਿ ਪਰਮੇਸ਼ਰ ਦੀ ਮੂਰਖਤਾ ਮਨੁੱਖਾਂ ਦੀ ਸਿਆਣਪ ਨਾਲੋਂ ਜ਼ਿਆਦਾ ਬੁੱਧੀਮਾਨ ਹੈ ਅਤੇ ਪਰਮੇਸ਼ਰ ਦੀ ਕਮਜ਼ੋਰੀ ਮਨੁੱਖਾਂ ਦੀ ਸਮਰੱਥਾ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ । 26 ਹੇ ਭਰਾਵੋ ਅਤੇ ਭੈਣੋ, ਤੁਸੀਂ ਸੋਚੋ ਕਿ ਸੱਦੇ ਜਾਣ ਤੋਂ ਪਹਿਲਾਂ ਤੁਸੀਂ ਕੀ ਸੀ । ਤੁਹਾਡੇ ਵਿੱਚੋਂ ਬਹੁਤ ਥੋੜ੍ਹੇ ਸਨ ਜਿਹੜੇ ਮਨੁੱਖੀ ਤੌਰ ਤੇ ਬੁੱਧੀਮਾਨ ਜਾਂ ਸ਼ਕਤੀਮਾਨ, ਜਾਂ ਉੱਚੇ ਪਰਿਵਾਰ ਨਾਲ ਸੰਬੰਧ ਰੱਖਦੇ ਸਨ । 27 ਪਰ ਪਰਮੇਸ਼ਰ ਨੇ ਸੰਸਾਰ ਦੇ ਮੂਰਖਾਂ ਨੂੰ ਚੁਣ ਲਿਆ ਕਿ ਉਹ ਅਕਲਮੰਦਾਂ ਨੂੰ ਸ਼ਰਮਿੰਦਾ ਕਰਨ । ਇਸੇ ਤਰ੍ਹਾਂ ਪਰਮੇਸ਼ਰ ਨੇ ਸੰਸਾਰ ਦੇ ਕਮਜ਼ੋਰਾਂ ਨੂੰ ਚੁਣ ਲਿਆ ਕਿ ਉਹ ਤਾਕਤਵਰਾਂ ਨੂੰ ਸ਼ਰਮਿੰਦਾ ਕਰਨ । 28 ਇਸ ਲਈ ਪਰਮੇਸ਼ਰ ਨੇ ਉਹਨਾਂ ਨੂੰ ਚੁਣਿਆ, ਜਿਹਨਾਂ ਨੂੰ ਸੰਸਾਰ ਤੁੱਛ ਸਮਝਦਾ ਅਤੇ ਘਿਰਣਾ ਕਰਦਾ ਹੈ । ਪਰਮੇਸ਼ਰ ਨੇ ਉਹਨਾਂ ਨੂੰ ਚੁਣਿਆ ਜਿਹਨਾਂ ਦਾ ਸੰਸਾਰ ਵਿੱਚ ਕੋਈ ਸਨਮਾਨ ਨਹੀਂ ਹੈ ਤਾਂ ਜੋ ਉਹ ਉਸ ਨੂੰ ਖ਼ਤਮ ਕਰਨ ਜਿਸ ਦਾ ਸੰਸਾਰ ਵਿੱਚ ਸਨਮਾਨ ਹੈ । 29 ਇਹ ਪਰਮੇਸ਼ਰ ਨੇ ਇਸ ਲਈ ਕੀਤਾ ਕਿ ਉਹਨਾਂ ਦੇ ਸਾਹਮਣੇ ਕੋਈ ਹੰਕਾਰ ਨਾ ਕਰ ਸਕੇ । 30 ਪਰ ਪਰਮੇਸ਼ਰ ਨੇ ਤੁਹਾਡਾ ਮਸੀਹ ਨਾਲ ਮੇਲ ਕਰਵਾਇਆ ਹੈ ਅਤੇ ਉਹਨਾਂ ਦੇ ਦੁਆਰਾ ਮਸੀਹ ਸਾਡੀ ਬੁੱਧੀ ਬਣੇ ਹਨ ਅਤੇ ਸਾਨੂੰ ਨੇਕ, ਪਵਿੱਤਰ ਅਤੇ ਮੁਕਤ ਕੀਤਾ ਹੈ । 31 ਇਸੇ ਲਈ ਪਵਿੱਤਰ-ਗ੍ਰੰਥ ਕਹਿੰਦਾ ਹੈ, “ਜੇਕਰ ਕੋਈ ਮਾਣ ਕਰਨਾ ਵੀ ਚਾਹੇ ਤਾਂ ਉਹ ਪ੍ਰਭੂ ਉੱਤੇ ਹੀ ਮਾਣ ਕਰੇ ।” |
Punjabi Common Language (North American Version):
Text © 2021 Canadian Bible Society and Bible Society of India
Bible Society of India